ਵਿਧਾਇਕ ਹਰਮੀਤ ਪਠਾਣਮਾਜਰਾ ਨੂੰ ਮਾਈਨਿੰਗ ਕੇਸ ''ਚ ਅਦਾਲਤ ''ਚ ਕੀਤਾ ਗਿਆ ਪੇਸ਼
Thursday, May 07, 2026 - 06:31 PM (IST)
ਪਟਿਆਲਾ (ਬਲਜਿੰਦਰ) : ਹਲਕਾ ਸਨੋਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਪਟਿਆਲਾ ਪੁਲਸ ਨੇ ਮਾਈਨਿੰਗ ਦੇ ਕੇਸ ਵਿਚ ਗ੍ਰਿਫਤਾਰ ਕਰਨ ਤੋਂ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਥੇ ਮਾਣਯੋਗ ਅਦਾਲਤ ਨੇ ਵਿਧਾਇਕ ਪਠਾਣਮਾਜਰਾ ਨੂੰ 11 ਮਈ ਤੱਕ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। ਵਿਧਾਇਕ ਪਠਾਣਮਾਜਰਾ ਦੇ ਖਿਲਾਫ ਥਾਣਾ ਜੁਲਕਾਂ ਵਿਚ ਇਹ ਕੇਸ ਦਰਜ ਹੈ। ਮਿਲੀ ਜਾਣਕਾਰੀ ਅਨੁਸਾਰ ਵਿਧਾਇਕ ਪਠਾਣਮਾਜਰਾ ਤੋਂ ਪੁਲਸ ਨੇ ਇਕ ਟਿੱਪਰ ਰਿਕਵਰ ਕਰ ਲਿਆ ਹੈ ਅਤੇ ਮਾਈਨਿੰਗ ਲਈ ਵਰਤੀ ਜਾਣ ਵਾਲੀ ਪੋਕਲੇਨ ਮਸ਼ੀਨ ਦੀ ਰਿਕਵਰੀ ਅਜੇ ਬਾਕੀ ਹੈ। ਇਸ ਤੋਂ ਇਲਾਵਾ ਇਸ ਕੇਸ ਨਾਲ ਜੁੜੇ ਵੱਖ ਵੱਖ ਪਹਿਲੂਆਂ ਦੀ ਵੀ ਪੁਲਸ ਵੱਲੋਂ ਜਾਂਚ ਕੀਤੀ ਜਾਵੇਗੀ।
ਇਥੇ ਇਹ ਦੱਸਣਯੋਗ ਹੈ ਕਿ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਇਸ ਤੋਂ ਪਹਿਲਾਂ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਜਬਰ-ਜ਼ਿਨਾਹ ਦੇ ਕੇਸ ਵਿਚ ਗ੍ਰਿਫਤਾਰ ਕੀਤਾ ਸੀ, ਜਿਸ ਵਿਚ ਉਹ ਨਿਆਇਕ ਹਿਰਾਸਤ ਵਿਚ ਚਲ ਰਹੇ ਹਨ ਅਤੇ ਇਸ ਸਮੇਂ ਬਠਿੰਡਾ ਜੇਲ ਵਿਚ ਬੰਦ ਹਨ, ਜਿਥੋਂ ਪਟਿਆਲਾ ਪੁਲਸ ਨੇ ਫੇਰ ਤੋਂ ਪਠਾਣਮਾਜਰਾ ਨੂੰ ਲਿਆ ਕੇ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ। ਵਿਧਾਇਕ ਪਠਾਣਮਾਜਰਾ ਨੂੰ ਅੱਜ ਸੀ.ਆਈ.ਏ. ਸਟਾਫ ਪਟਿਆਲਾ ਦੇ ਇੰਚਾਰਜ਼ ਇੰਸ: ਪ੍ਰਦੀਪ ਸਿੰਘ ਬਾਜਵਾ ਅਤੇ ਸੀ.ਆਈ.ਏ. ਸਮਾਣਾ ਦੇ ਇੰਚਾਰਜ਼ ਇੰਸ: ਅੰਕੁਰਦੀਪ ਸਿੰਘ ਦੀ ਅਗਵਾਈ ਵਾਲੀਆਂ ਪੁਲਸ ਪਾਰਟੀਆਂ ਬਠਿੰਡਾ ਜੇਲ ਤੋਂ ਪਟਿਆਲਾ ਲੈ ਕੇ ਆਈਆਂ ਸਨ। ਪਠਾਣਮਾਜਰਾ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ।
