ਲੁਧਿਆਣਾ ਦੇ ਕਾਰੋਬਾਰੀ ਤੋਂ ਮੰਗੀ ਡੇਢ ਕਰੋੜ ਦੀ ਫਿਰੌਤੀ, ਪਿਓ-ਪੁੱਤ ਖ਼ਿਲਾਫ਼ ਕੇਸ ਦਰਜ
Monday, May 11, 2026 - 07:13 PM (IST)
ਲੁਧਿਆਣਾ (ਤਰੁਣ): ਮਹਾਨਗਰ ਦੇ ਇਕ ਤੇਲ ਕਾਰੋਬਾਰੀ ਤੋਂ ਡੇਢ ਕਰੋੜ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ। ਫਿਰੌਤੀ ਦੀ ਮੰਗ ਕਰਨ ਵਾਲੇ ਪਿਓ-ਪੁੱਤ ਨੇ ਫਿਰੌਤੀ ਨਾ ਦੇਣ 'ਤੇ ਤੇਲ ਕਾਰੋਬਾਰੀ ਵਿਨੈ ਮਾਹੇਸ਼ਵਰੀ ਨੂੰ ਤਬਾਹ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ।
ਥਾਣਾ ਡਵੀਜ਼ਨ ਨੰਬਰ 3 ਦੀ ਪੁਲਸ ਨੇ ਫਿਰੌਤੀ ਦੀ ਮੰਗ ਕਰਨ ਵਾਲੇ ਰਾਜਸਥਾਨ ਹਨੂੰਮਾਨਗੜ੍ਹ ਟਾਊਨ ਨਿਵਾਸੀ ਮਹਾਵੀਰ ਪ੍ਰਸਾਦ ਸਕੀਚੀ ਅਤੇ ਉਸ ਦੇ ਬੇਟੇ ਸੰਜੇ ਸਕੀਚੀ ਦੇ ਖ਼ਿਲਾਫ਼ ਵੱਖ-ਵੱਖ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਤੇਲ ਕਾਰੋਬਾਰੀ ਵਿਨੈ ਮਾਹੇਸ਼ਵਰੀ ਨੇ ਦੱਸਿਆ ਕਿ ਉਹ ਇਕਬਾਲ ਗੰਜ ਚੌਂਕ ਵਿਚ ਰਹਿੰਦਾ ਹੈ। ਉਹ ਪੂਰੇ ਪੰਜਾਬ ਵਿਚ ਤੇਲ ਦੀ ਸਪਲਾਈ ਕਰਦਾ ਹੈ। ਕੁਝ ਦਿਨ ਪਹਿਲਾਂ ਉਸ ਨੂੰ ਵੱਖ-ਵੱਖ ਦਿਨਾਂ ਵਿਚ ਵਿਦੇਸ਼ੀ ਨੰਬਰਾਂ ਤੋਂ ਕੁੱਲ 3 ਕਾਲਾਂ ਆਈਆਂ। ਪਹਿਲੀ ਕਾਲ ਵਿਚ ਉਸ ਤੋਂ ਇਕ ਕਰੋੜ ਦੀ ਮੰਗ ਕੀਤੀ ਗਈ। ਦੂਜੀ ਕਾਲ ਵਿਚ ਉਸ ਤੋਂ ਡੇਢ ਕਰੋੜ ਦੀ ਮੰਗ ਕੀਤੀ ਗਈ।
ਤੀਜੀ ਕਾਲ ਵਿਚ ਉਸ ਤੋਂ ਦੁਬਾਰਾ ਡੇਢ ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। ਇਸ ਦੌਰਾਨ ਮੁਲਜ਼ਮ ਵਿਚ-ਵਿਚ ਗੁੱਸਾ ਕਰਦਾ ਅਤੇ ਫਿਰੌਤੀ ਨਾ ਦੇਣ 'ਤੇ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ। ਜਿਸ ਕਾਰਨ ਉਹ ਕਾਫ਼ੀ ਦਹਿਸ਼ਤ ਦੇ ਮਾਹੌਲ ਵਿਚ ਜ਼ਿੰਦਗੀ ਕੱਟ ਰਿਹਾ ਹੈ। ਪੂਰਾ ਪਰਿਵਾਰ ਪਰੇਸ਼ਾਨ ਹੈ। ਉਨ੍ਹਾਂ ਦਾ ਆਉਣਾ-ਜਾਣਾ ਤੱਕ ਬੰਦ ਹੋ ਚੁੱਕਾ ਹੈ। ਇਸ ਸਬੰਧੀ ਥਾਣਾ ਡਵੀਜ਼ਨ ਨੰਬਰ 3 ਦੇ ਮੁਖੀ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਤੇਲ ਕਾਰੋਬਾਰੀ ਵਿਨੈ ਮਾਹੇਸ਼ਵਰੀ ਦੇ ਬਿਆਨ 'ਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੀੜਤ ਨੂੰ ਵੱਖ-ਵੱਖ ਨੰਬਰਾਂ ਤੋਂ ਫਿਰੌਤੀ ਦੀ ਕਾਲ ਆਈ ਹੈ। ਪੁਲਸ ਦੇ ਉੱਚ ਅਧਿਕਾਰੀਆਂ ਨੇ ਕੇਸ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਇਸਦੀ ਜਾਂਚ ਸੀ.ਆਈ.ਏ (CIA) ਪੁਲਸ ਦੇ ਹਵਾਲੇ ਕਰ ਦਿੱਤੀ ਹੈ। ਹੁਣ ਸੀ.ਆਈ.ਏ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
