ਦੋਸਤ ਦੀ ਭੈਣ ''ਤੇ ਰੱਖੀ ਮਾੜੀ ਅੱਖ, ਮੰਗਦਾ ਸੀ ਅਸ਼ਲੀਲ ਵੀਡੀਓਜ਼, ਪਰਚਾ ਦਰਜ

Friday, May 01, 2026 - 06:06 PM (IST)

ਦੋਸਤ ਦੀ ਭੈਣ ''ਤੇ ਰੱਖੀ ਮਾੜੀ ਅੱਖ, ਮੰਗਦਾ ਸੀ ਅਸ਼ਲੀਲ ਵੀਡੀਓਜ਼, ਪਰਚਾ ਦਰਜ

ਲੁਧਿਆਣਾ (ਰਾਜ): ਸ਼ਹਿਰ ਵਿਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਅਤੇ ਸੋਸ਼ਲ ਮੀਡੀਆ ਰਾਹੀਂ ਨਾਬਾਲਗਾਂ ਨੂੰ ਨਿਸ਼ਾਨਾ ਬਣਾਉਣ ਦਾ ਇਕ ਬੇਹੱਦ ਘਿਨੌਣਾ ਮਾਮਲਾ ਸਾਹਮਣੇ ਆਇਆ ਹੈ। ਇਕ ਨੌਜਵਾਨ ਨੇ ਆਪਣੇ ਹੀ ਦੋਸਤ ਦੀ 15 ਸਾਲਾ ਨਾਬਾਲਗ ਭੈਣ ਨੂੰ ਆਪਣੀ ਹਵਸ ਅਤੇ ਸਾਜ਼ਿਸ਼ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ। ਮੁਲਜ਼ਮ ਨੌਜਵਾਨ ਨਾਬਾਲਗ ਨੂੰ ਅਸ਼ਲੀਲ ਫੋਟੋਆਂ ਅਤੇ ਵੀਡੀਓ ਭੇਜਣ ਲਈ ਨਾ ਸਿਰਫ ਮਜਬੂਰ ਕਰ ਰਿਹਾ ਸੀ, ਸਗੋਂ ਗੱਲ ਨਾ ਮੰਨਣ 'ਤੇ ਉਸ ਨੂੰ ਅਤੇ ਉਸ ਦੇ ਪਿਤਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਬਲੈਕਮੇਲ ਵੀ ਕਰ ਰਿਹਾ ਸੀ। ਪੀੜਤਾ ਦੀ ਮਾਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਦੀ 15 ਸਾਲ ਦੀ ਬੇਟੀ ਦੀ ਇੱਕ ਸਹੇਲੀ ਸੀ। ਇਸੇ ਜਾਣ-ਪਛਾਣ ਦਾ ਫਾਇਦਾ ਚੁੱਕ ਕੇ ਸਹੇਲੀ ਦਾ ਭਰਾ ਅਮਨਦੀਪ ਸਿੰਘ ਉਨ੍ਹਾਂ ਦੀ ਬੇਟੀ 'ਤੇ ਬੁਰੀ ਨਜ਼ਰ ਰੱਖਣ ਲੱਗਾ। ਮੁਲਜ਼ਮ ਪਿਛਲੇ ਕਾਫੀ ਸਮੇਂ ਤੋਂ ਉਨ੍ਹਾਂ ਦੀ ਬੇਟੀ ਨੂੰ ਤੰਗ-ਪਰੇਸ਼ਾਨ ਕਰ ਰਿਹਾ ਸੀ। ਇਲਜ਼ਾਮ ਹੈ ਕਿ ਅਮਨਦੀਪ ਨੇ ਮਰਿਆਦਾ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਨਾਬਾਲਗ ਲੜਕੀ ਨੂੰ ਚੈਟ 'ਤੇ ਅਸ਼ਲੀਲ ਤਸਵੀਰਾਂ ਅਤੇ ਵੀਡੀਓ ਬਣਾ ਕੇ ਭੇਜਣ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ।

ਸ਼ਿਕਾਇਤਕਰਤਾ ਦੇ ਅਨੁਸਾਰ ਜਦੋਂ ਮਾਸੂਮ ਬੱਚੀ ਨੇ ਉਸ ਦੀਆਂ ਇਨ੍ਹਾਂ ਗੰਦੀਆਂ ਹਰਕਤਾਂ ਦਾ ਵਿਰੋਧ ਕੀਤਾ, ਤਾਂ ਮੁਲਜ਼ਮ ਆਪਣੀ ਅਸਲੀਅਤ 'ਤੇ ਉਤਰ ਆਇਆ। ਉਸ ਨੇ ਨਾਬਾਲਗ ਨੂੰ ਡਰਾਇਆ-ਧਮਕਾਇਆ ਕਿ ਜੇਕਰ ਉਸ ਨੇ ਉਸ ਦੀ ਗੱਲ ਨਹੀਂ ਮੰਨੀ ਤਾਂ ਉਹ ਉਸ ਨੂੰ ਅਤੇ ਉਸ ਦੇ ਪਿਤਾ ਨੂੰ ਜਾਨੋਂ ਮਾਰ ਦੇਵੇਗਾ। ਇਨ੍ਹਾਂ ਧਮਕੀਆਂ ਰਾਹੀਂ ਉਹ ਬੱਚੀ ਨੂੰ ਲਗਾਤਾਰ ਬਲੈਕਮੇਲ ਕਰ ਰਿਹਾ ਸੀ, ਜਿਸ ਨਾਲ ਪੀੜਤਾ ਮਾਨਸਿਕ ਤੌਰ 'ਤੇ ਬੇਹੱਦ ਪਰੇਸ਼ਾਨ ਰਹਿਣ ਲੱਗੀ ਸੀ। ਜਦੋਂ ਮਾਮਲਾ ਪਰਿਵਾਰ ਦੇ ਧਿਆਨ ਵਿਚ ਆਇਆ, ਤਾਂ ਉਨ੍ਹਾਂ ਨੇ ਬਿਨਾਂ ਦੇਰੀ ਕੀਤੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਥਾਣਾ ਜਮਾਲਪੁਰ ਦੀ ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੁਲਜ਼ਮ ਅਮਨਦੀਪ ਸਿੰਘ ਦੇ ਖਿਲਾਫ ਸਬੰਧਤ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਸਾਈਬਰ ਸੈੱਲ ਦੀ ਮਦਦ ਨਾਲ ਚੈਟ ਅਤੇ ਹੋਰ ਰਿਕਾਰਡ ਵੀ ਖੰਗਾਲੇ ਜਾ ਰਹੇ ਹਨ ਤਾਂ ਜੋ ਮੁਲਜ਼ਮ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾ ਸਕੇ।


author

Anmol Tagra

Content Editor

Related News