ਲੁਧਿਆਣਾ : ਗੈਂਗਸਟਰ ਗੋਰੂ ਬੱਚਾ ਸਣੇ 4 ਨੂੰ ਅਦਾਲਤ ਨੇ ਸੁਣਾਈ 10-10 ਸਾਲ ਦੀ ਕੈਦ
Thursday, Sep 10, 2020 - 10:52 AM (IST)
ਲੁਧਿਆਣਾ (ਮਹਿਰਾ) : ਵਧੀਕ ਸੈਸ਼ਨ ਜੱਜ ਬਲਵਿੰਦਰ ਕੁਮਾਰ ਦੀ ਅਦਾਲਤ ਨੇ ਕਾਤਲਾਨਾ ਹਮਲਾ ਕਰਨ ਦੇ 4 ਮੁਲਜ਼ਮਾਂ ਗੈਂਗਸਟਰ ਗੌਰਵ ਸ਼ਰਮਾ ਉਰਫ ਗੋਰੂ ਬੱਚਾ, ਅੰਮ੍ਰਿਤਸਰ ਦੇ ਮਨਪ੍ਰੀਤ ਸਿੰਘ, ਸੰਗਰੂਰ ਦੇ ਬੱਗਾ ਖਾਨ ਉਰਫ ਬੂਟਾ ਖਾਨ ਅਤੇ ਅੰਮ੍ਰਿਤਸਰ ਦੇ ਅੰਕੁਰ ਕੁਮਾਰ ਉਰਫ ਖੱਤਰੀ ਨੂੰ 10-10 ਸਾਲ ਦੀ ਕੈਦ ਅਤੇ 50-50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਇਸ ਕੇਸ 'ਚ ਮੁਲਜ਼ਮ ਪੱਖ ਵੱਲੋਂ ਹਾਈਕੋਰਟ 'ਚ ਜਲਦ ਸੁਣਵਾਈ ਲਈ ਲਾਈ ਪਟੀਸ਼ਨ ਕਾਰਨ ਹਾਈਕੋਰਟ ਨੇ ਅਦਾਲਤ ਨੂੰ ਇਸ ਕੇਸ ਨੂੰ ਇਕ ਮਹੀਨੇ ਦੇ ਅੰਦਰ ਨਜਿੱਠਣ ਦੇ ਹੁਕਮ ਦਿੱਤੇ ਸਨ, ਜਿਸ ’ਤੇ ਵਧੀਕ ਸੈਸ਼ਨ ਜੱਜ ਬਲਵਿੰਦਰ ਕੁਮਾਰ ਨੇ ਮੌਜੂਦਾ ਮਹਾਮਾਰੀ ਕੋਰੋਨਾ ਦੇ ਹਾਲਾਤ ਨੂੰ ਦੇਖਦੇ ਹੋਏ ਉਪਰੋਕਤ ਕੇਸ ਦੀ ਸੁਣਵਾਈ ਵੀਡੀਓ ਕਾਨਫਰੰਸਿੰਗ ਨਾਲ ਕਰਦੇ ਹੋਏ ਵਕੀਲਾਂ ਦੀ ਬਹਿਸ ਸੁਣੀ ਅਤੇ ਬਹਿਸ ਸੁਣਨ ਤੋਂ ਬਾਅਦ ਉਨ੍ਹਾਂ ਨੇ ਉਪਰੋਕਤ ਕੇਸ ’ਤੇ ਆਪਣਾ ਫ਼ੈਸਲਾ ਦਿੰਦੇ ਹੋਏ ਚਾਰੇ ਦੋਸ਼ੀਆਂ ਨੂੰ ਕਸੂਰਵਾਰ ਠਹਿਰਾਉਂਦੇ ਹੋਏ ਉਨ੍ਹਾਂ ਨੂੰ ਉਪਰੋਕਤ ਸਜ਼ਾ ਸੁਣਾਈ।
ਸਰਕਾਰੀ ਪੱਖ ਮੁਤਾਬਕ 23 ਜੂਨ 2016 ਨੂੰ ਸ਼ਿਕਾਇਤ ਕਰਤਾ ਰਵੀ ਕੁਮਾਰ ਨੇ ਡਵੀਜ਼ਨ ਨੰਬਰ-5 'ਚ ਬਿਆਨ ਦਿੱਤੇ ਸਨ ਕਿ ਉਹ ਨਿੱਜੀ ਬੱਸਾਂ ’ਚ ਸਵਾਰੀਆਂ ਬਿਠਾਉਣ ਦਾ ਕੰਮ ਕਰਦਾ ਹੈ ਅਤੇ ਉਹ ਆਪਣੇ ਭਰਾ ਜੌਨੀ, ਅਜੇ ਗਿੱਲ, ਪ੍ਰਭਦੀਪ ਦੇ ਨਾਲ ਸ਼ਾਮ ਨਗਰ ਸਥਿਤ ਇੰਜਣ ਸ਼ੈੱਡ ’ਚ ਖੜ੍ਹੇ ਸਨ। ਇਸ ਦੌਰਾਨ ਮੁਲਜ਼ਮ ਗੋਰੂ ਆਪਣੇ ਉਪਰੋਕਤ ਸਾਥੀਆਂ ਦੇ ਨਾਲ ਸਵਿੱਫਟ ’ਚ ਆਇਆ ਅਤੇ ਉਸ ਦੇ ਭਰਾ ਨੂੰ ਦੋ ਗੋਲੀਆਂ ਮਾਰ ਦਿੱਤੀਆਂ। ਇਕ ਗੋਲੀ ਛਾਤੀ ਅਤੇ ਦੂਜੀ ਲੱਤ 'ਚ ਲੱਗੀ। ਇਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਸਨ। ਸ਼ਿਕਾਇਤ ਕਰਤਾ ਮੁਤਾਬਕ ਮੁਲਜ਼ਮਾਂ ਦੀ ਉਸ ਦੇ ਭਰਾ ਦੇ ਨਾਲ ਰੰਜ਼ਿਸ਼ ਇਸ ਗੱਲ ਨੂੰ ਲੈ ਕੇ ਸੀ ਕਿ ਉਸ ਨੂੰ ਫੜ੍ਹਵਾਉਣ ਲਈ ਜੌਨੀ ਨੇ ਪੁਲਸ ਦੀ ਮਦਦ ਕੀਤੀ ਸੀ। ਇਸ ਕਾਰਨ ਉਸ ਨੇ ਗੋਲੀਆਂ ਮਾਰੀਆਂ ਸਨ।