ਈ-ਰਿਕਸ਼ਾ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਕਬਾੜੀਏ ਸਮੇਤ 3 ਮੁਲਜ਼ਮ ਗ੍ਰਿਫ਼ਤਾਰ
Saturday, Apr 26, 2025 - 04:19 AM (IST)

ਲੁਧਿਆਣਾ (ਤਰੁਣ) : ਥਾਣਾ ਦਰੇਸੀ ਦੀ ਪੁਲਸ ਨੇ ਈ-ਰਿਕਸ਼ਾ ਚੋਰੀ ਕਰਨ ਵਾਲੇ ਗਿਰੋਹ ਦੇ 3 ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਕੋਲੋਂ ਇਕ ਈ-ਰਿਕਸ਼ਾ ਅਤੇ 30 ਬੈਟਰੀਆਂ ਬਰਾਮਦ ਕੀਤੀਆਂ ਹਨ। ਉਕਤ ਪ੍ਰਗਟਾਵਾ ਏ. ਡੀ. ਸੀ. ਪੀ.-1 ਸਮੀਰ ਵਰਮਾ, ਏ. ਸੀ. ਪੀ. ਨਾਰਥ ਦਵਿੰਦਰ ਚੌਧਰੀ ਅਤੇ ਦਰੇਸੀ ਥਾਣਾ ਇੰਚਾਰਜ ਸਤਵੰਤ ਸਿੰਘ ਨੇ ਪ੍ਰੈੱਸ ਕਾਨਫਰੰਸ ਰਾਹੀਂ ਕੀਤਾ। ਫੜੇ ਗਏ ਮੁਲਜ਼ਮਾਂ ਦੀ ਪਛਾਣ ਪ੍ਰੀਤਮ ਦਿਵਾਕਰ ਵਾਸੀ ਮੁਹੱਲਾ ਸੰਤ ਵਿਹਾਰ, ਹੈਬੋਵਾਲ, ਰਵੀ ਕੁਮਾਰ ਉਰਫ ਮੋਨੂ ਵਾਸੀ ਗਹਵਾਨ ਦਾਸ ਕਾਲੋਨੀ, ਸਲੇਮ ਟਾਬਰੀ ਅਤੇ ਹਰੀਸ਼ ਗਰੋਵਰ ਕਬਾੜੀਆ ਵਾਸੀ ਸ਼ਿਵਾਜੀ ਨਗਰ ਗਲੀ ਨੰ. 8 ਨੇੜੇ ਸਮਰਾਲਾ ਚੌਕ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਦੋਸਤ ਨਾਲ ਨਸ਼ਾ ਕਰਨ ਦੇ ਗਏ ਨੌਜਵਾਨ ਦੀ ਓਵਰਡੋਜ਼ ਨਾਲ ਹੋਈ ਮੌਤ
ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਇੰਚਾਰਜ ਸਤਵੰਤ ਸਿੰਘ ਨੇ ਦੱਸਿਆ ਕਿ ਬੀਤੀ 23 ਅਪ੍ਰੈਲ ਨੂੰ ਅਵੀ ਕੁਮਾਰ ਨਾਂ ਦਾ ਵਿਅਕਤੀ ਮਾਸਟਰ ਕਾਲੋਨੀ ਨਿਊ ਸ਼ਿਵਪੁਰੀ ਇਲਾਕੇ ’ਚ ਸਥਿਤ ਇਕ ਫੈਕਟਰੀ ਦੇ ਬਾਹਰ ਈ-ਰਿਕਸ਼ਾ ਨੂੰ ਲਾਕ ਲਗਾ ਕੇ ਫੈਕਟਰੀ ਦੇ ਅੰਦਰ ਚਲਾ ਗਿਆ। ਜਦੋਂ ਉਹ ਕੁਝ ਸਮੇਂ ਬਾਅਦ ਵਾਪਸ ਆਇਆ ਤਾਂ ਈ-ਰਿਕਸ਼ਾ ਚੋਰੀ ਹੋ ਚੁੱਕਾ ਸੀ, ਜਿਸ ਤੋਂ ਬਾਅਦ ਉਸ ਨੇ ਥਾਣਾ ਦਰੇਸੀ ਦੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ।
ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀ. ਸੀ. ਟੀ. ਵੀ. ਫੁਟੇਜ ਰਾਹੀਂ ਚੋਰਾਂ ਦੀ ਪਛਾਣ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਪ੍ਰੀਤਮ ਅਤੇ ਰਵੀ ਨੂੰ ਚੋਰੀ ਦੇ ਈ-ਰਿਕਸ਼ਾ ਸਮੇਤ ਗ੍ਰਿਫਤਾਰ ਕਰ ਲਿਆ ਹੈ। ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਈ-ਰਿਕਸ਼ਾ ਚੋਰੀ ਕਰਨ ਤੋਂ ਬਾਅਦ ਇਸ ’ਚੋਂ ਬੈਟਰੀ ਕੱਢ ਕੇ ਕਿਸੇ ਕਬਾੜੀਏ ਡੀਲਰ ਨੂੰ ਵੇਚਦਾ ਸੀ।
ਇਸ ਤੋਂ ਬਾਅਦ ਪੁਲਸ ਨੇ ਮਾਮਲੇ ’ਚ ਸਕਰੈਪ ਡੀਲਰ ਨੂੰ ਨਾਮਜ਼ਦ ਕਰ ਕੇ ਉਕਤ ਜਗ੍ਹਾ ’ਤੇ ਛਾਪੇਮਾਰੀ ਕੀਤੀ ਤਾਂ ਸਕਰੈਪ ਡੀਲਰ ਕੋਲੋਂ 30 ਦੇ ਕਰੀਬ ਚੋਰੀ ਦੀਆਂ ਬੈਟਰੀਆਂ ਬਰਾਮਦ ਹੋਈਆਂ। ਪੁਲਸ ਨੇ ਤਿੰਨਾਂ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਇਨ੍ਹਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਗਿਆ ਹੈ। ਕਬਾੜ ਡੀਲਰ ਤੋਂ ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਵੇਗਾ ਕਿ ਉਸ ਦੇ ਕਿੰਨੇ ਚੋਰੀ ਦੇ ਗਿਰੋਹ ਨਾਲ ਸਬੰਧ ਹਨ।
ਇਹ ਵੀ ਪੜ੍ਹੋ : ਬਿਲਡਿੰਗ ਦੀ 21ਵੀਂ ਮੰਜ਼ਿਲ 'ਤੇ ਖੜ੍ਹੀ ਮਾਂ ਦੇ ਹੱਥੋਂ ਤਿਲਕ ਗਿਆ 7 ਮਹੀਨੇ ਦਾ ਮਾਸੂਮ ਬੱਚਾ, ਦਰਦਨਾਕ ਮੌਤ
ਜੇਲ੍ਹ ’ਚ ਹੋਈ ਪ੍ਰੀਤਮ ਅਤੇ ਰਵੀ ਦੀ ਮੁਲਾਕਾਤ
ਪ੍ਰੀਤਮ ਅਤੇ ਰਵੀ ਦੀ ਮੁਲਾਕਾਤ ਜੇਲ੍ਹ ’ਚ ਹੋਈ। ਪ੍ਰੀਤਮ ਸਤੰਬਰ 2024 ਅਤੇ ਰਵੀ ਨਵੰਬਰ 2024 ’ਚ ਜ਼ਮਾਨਤ ’ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਸ ਨੇ ਫਿਰ ਤੋਂ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਪ੍ਰੀਤਮ ਖਿਲਾਫ ਚੋਰੀ ਦੇ 3 ਕੇਸ ਦਰਜ ਹਨ, ਜਦੋਂਕਿ ਰਵੀ ਖਿਲਾਫ ਚੋਰੀ ਦੇ 6 ਕੇਸ ਦਰਜ ਹਨ। ਪਹਿਲਾ ਮਾਮਲਾ ਕਬਾੜੀਏ ਹਰੀਸ਼ ਗਰੋਵਰ ਖਿਲਾਫ ਦਰਜ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8