ਆਨਲਾਈਨ ਸੇਲ ਦੇ ਡਾਟਾ ਨੇ ਖੋਲ੍ਹੀਆਂ ਪਰਤਾਂ; ‘ਚਾਵਲਾਜ਼’ ਰੈਸਟੋਰੈਂਟ ਚੇਨ ਦੇ 3 ਟਿਕਾਣਿਆਂ ’ਤੇ Income Tax ਦਾ ਛਾਪਾ
Monday, Mar 09, 2026 - 09:27 AM (IST)
ਲੁਧਿਆਣਾ (ਸੇਠੀ) : ਆਨਲਾਈਨ ਫੂਡ ਆਰਡਰਿੰਗ ਪਲੇਟਫਾਰਮ ‘ਪੇਟ ਪੂਜਾ’ ਐਪ ਤੋਂ ਪ੍ਰਾਪਤ ਡਾਟਾ ਦੇ ਆਧਾਰ ’ਤੇ ਆਮਦਨ ਕਰ ਵਿਭਾਗ ਨੇ ਪੰਜਾਬ ’ਚ ਵੱਡੇ ਪੱਧਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਲੜੀ ਤਹਿਤ ਐਤਵਾਰ ਨੂੰ ਲੁਧਿਆਣਾ ਦੇ ਮਸ਼ਹੂਰ ‘ਚਾਵਲਾਜ਼’ ਰੈਸਟੋਰੈਂਟ ਚੇਨ ਦੇ ਤਿੰਨ ਟਿਕਾਣਿਆਂ ’ਤੇ ਆਮਦਨ ਕਰ ਵਿਭਾਗ ਦੀ ਟੀਮ ਵੱਲੋਂ ਸਰਵੇ ਦੀ ਕਾਰਵਾਈ ਜਾਰੀ ਰਹੀ। ਪ੍ਰਾਪਤ ਜਾਣਕਾਰੀ ਅਨੁਸਾਰ ਵਿਭਾਗ ਦੀਆਂ ਟੀਮਾਂ ਨੇ ਸਾਊਥ ਸਿਟੀ, ਆਰਤੀ ਚੌਕ ਅਤੇ ਦੁੱਗਰੀ ਸਥਿਤ ਚਾਵਲਾਜ਼ ਰੈਸਟੋਰੈਂਟ ਚੇਨ ਦੇ ਟਿਕਾਣਿਆਂ ’ਤੇ ਇਕੋ ਸਮੇਂ ਛਾਪੇਮਾਰੀ ਕੀਤੀ। ਕਾਰਵਾਈ ਦੌਰਾਨ ਅਧਿਕਾਰੀਆਂ ਨੇ ਦਸਤਾਵੇਜ਼ਾਂ, ਵਿਕਰੀ ਦੇ ਰਿਕਾਰਡ ਅਤੇ ਡਿਜੀਟਲ ਡਾਟਾ ਦੀ ਬਾਰੀਕੀ ਨਾਲ ਜਾਂਚ ਕੀਤੀ। ਵਿਭਾਗੀ ਸੂਤਰਾਂ ਅਨੁਸਾਰ ਇਹ ਕਾਰਵਾਈ ਮੁੱਖ ਤੌਰ ’ਤੇ ਆਨਲਾਈਨ ਵਿਕਰੀ ਅਤੇ ਵਿਭਾਗ ਨੂੰ ਦਿਖਾਈ ਗਈ ਆਮਦਨ ’ਚ ਭਾਰੀ ਅੰਤਰ ਸਾਹਮਣੇ ਆਉਣ ਦੇ ਖਦਸ਼ੇ ਕਾਰਨ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ICICI Bank ਦੇ ATM ਤੋਂ ਲੁੱਟ, ਗੈਸ ਕਟਰ ਨਾਲ ਮਸ਼ੀਨ ਵੱਢ ਕੇ ਕੱਢ ਲਏ ਪੈਸੇ
ਜਾਂਚ ਦੌਰਾਨ ਅਧਿਕਾਰੀ ਕੰਪਿਊਟਰ ਸਿਸਟਮ ਅਤੇ ਸਰਵਰਾਂ ਤੋਂ ਡਾਟਾ ਕਲੋਨਿੰਗ ਕਰ ਰਹੇ ਹਨ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਰੈਸਟੋਰੈਂਟਾਂ ਵੱਲੋਂ ਆਪਣਾ ਅਸਲ ਟਰਨਓਵਰ ਦਬਾ ਕੇ ਘੱਟ ਆਮਦਨ ਦਿਖਾਈ ਜਾ ਰਹੀ ਸੀ। ਇਹ ਕਾਰਵਾਈ ਸਿਰਫ਼ ਲੁਧਿਆਣਾ ਤੱਕ ਸੀਮਤ ਨਹੀਂ ਹੈ, ਸਗੋਂ ਪੰਜਾਬ ਦੇ ਹੋਰਨਾਂ ਸ਼ਹਿਰਾਂ ’ਚ ਵੀ ਜਾਰੀ ਹੈ। ਇਸੇ ਤਹਿਤ ਅੰਮ੍ਰਿਤਸਰ ਦੀ ਪ੍ਰਸਿੱਧ ਆਹੂਜਾ ਲੱਸੀ ’ਤੇ ਵੀ ਕਾਰਵਾਈ ਦੀ ਜਾਣਕਾਰੀ ਮਿਲੀ ਹੈ। ਸੂਤਰਾਂ ਮੁਤਾਬਕ ਹੈਦਰਾਬਾਦ ’ਚ ਹੋਈ ਇਕ ਜਾਂਚ ਦੌਰਾਨ ਮਿਲੇ ਅਹਿਮ ਡਾਟਾ ਦੇ ਆਧਾਰ ’ਤੇ ਪੰਜਾਬ ’ਚ ਇਹ ਮੁਹਿੰਮ ਵਿੱਢੀ ਗਈ ਹੈ। ਉਸ ਦੌਰਾਨ ਕਈ ਰੈਸਟੋਰੈਂਟਾਂ ਦੇ ਲੈਣ-ਦੇਣ ਨਾਲ ਜੁੜਿਆ ਅਹਿਮ ਡਾਟਾ ਵਿਭਾਗ ਦੇ ਹੱਥ ਲੱਗਾ ਸੀ। ਇਸੇ ਡਾਟਾ ਦੇ ਆਧਾਰ ’ਤੇ ਹੁਣ ਪੰਜਾਬ ’ਚ ਇਹ ਸਰਵੇ ਮੁਹਿੰਮ ਸ਼ੁਰੂ ਕੀਤੀ ਗਈ ਹੈ। ਫਿਰੋਜ਼ਪੁਰ ਰੋਡ ਸਥਿਤ ਚਾਵਲਾਜ਼ ਰੈਸਟੋਰੈਂਟ ਚੇਨ ਦੇ ਟਿਕਾਣੇ ’ਤੇ ਐਤਵਾਰ ਦੇਰ ਸ਼ਾਮ ਤੱਕ ਵਿਭਾਗੀ ਅਧਿਕਾਰੀ ਰਿਕਾਰਡ ਦੀ ਜਾਂਚ ’ਚ ਜੁਟੇ ਰਹੇ। ਮੰਨਿਆ ਜਾ ਰਿਹਾ ਹੈ ਕਿ ਸਰਵੇ ਦੀ ਇਹ ਕਾਰਵਾਈ ਅਜੇ ਇੱਕ ਤੋਂ ਦੋ ਦਿਨ ਹੋਰ ਜਾਰੀ ਰਹਿ ਸਕਦੀ ਹੈ, ਜਿਸ ਤੋਂ ਬਾਅਦ ਜਾਂਚ ਦੇ ਆਧਾਰ ’ਤੇ ਵਿਭਾਗ ਅਗਲੀ ਕਾਨੂੰਨੀ ਕਾਰਵਾਈ ਕਰ ਸਕਦਾ ਹੈ।
ਇਹ ਵੀ ਪੜ੍ਹੋ : 9,10,11,12 ਤਰੀਕ ਨੂੰ ਭਾਰੀ ਮੀਂਹ! IMD ਨੇ ਇਨ੍ਹਾਂ ਸੂਬਿਆਂ ਲਈ ਜਾਰੀ ਕੀਤਾ ਅਲਰਟ
ਫੋਟੋਗ੍ਰਾਫਰ ਨਾਲ ਬਦਸਲੂਕੀ, ਅਧਿਕਾਰੀਆਂ ’ਤੇ ਵੀ ਸਵਾਲ
ਸਰਵੇ ਦੌਰਾਨ ਜਦੋਂ ਇਕ ਅਖ਼ਬਾਰ ਦੇ ਫੋਟੋਗ੍ਰਾਫਰ ਵੱਲੋਂ ਇਮਾਰਤ ਦੇ ਬਾਹਰੋਂ ਫੋਟੋ ਲਈ ਜਾ ਰਹੀ ਸੀ ਤਾਂ ਰੈਸਟੋਰੈਂਟ ਨਾਲ ਜੁੜੇ ਵਿਅਕਤੀਆਂ ਨੇ ਉਸ ਨਾਲ ਬਦਸਲੂਕੀ ਕੀਤੀ। ਹੈਰਾਨੀ ਦੀ ਗੱਲ ਇਹ ਰਹੀ ਕਿ ਮੌਕੇ ’ਤੇ ਮੌਜੂਦ ਕੁਝ ਆਮਦਨ ਕਰ ਅਧਿਕਾਰੀਆਂ ਨੇ ਵੀ ਫੋਟੋਗ੍ਰਾਫਰ ਨੂੰ ਰੋਕਿਆ ਅਤੇ ਸੰਮਨ ਭੇਜਣ ਦੀ ਧਮਕੀ ਦਿੱਤੀ, ਜਿਸ ਕਾਰਨ ਫੋਟੋਗ੍ਰਾਫਰਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
