3 ਕਰੋੜ ਹੋਰਨਾਂ ਗਰੀਬ ਪਰਿਵਾਰਾਂ ਨੂੰ ਮਿਲਣਗੇ ਯੋਜਨਾ ਦੇ ਤਹਿਤ ''ਫ੍ਰੀ ਗੈਸ ਕੁਨੈਕਸ਼ਨ''

04/04/2018 1:27:43 PM

ਲੁਧਿਆਣਾ (ਖੁਰਾਣਾ) : ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦਾ ਦਾਇਰਾ ਵਧਾਉਂਦੇ ਹੋਏ ਦੇਸ਼ ਭਰ ਵਿਚ 5 ਕਰੋੜ ਗਰੀਬ ਪਰਿਵਾਰਾਂ ਨੂੰ ਫ੍ਰੀ ਘਰੇਲੂ ਗੈਸ ਸਿਲੰਡਰ ਕੁਨੈਕਸ਼ਨ ਮੁਹੱਈਆ ਕਰਵਾਏ ਜਾਣ ਤੋਂ ਬਾਅਦ ਹੁਣ 7 ਕੈਟਾਗਰੀਆਂ ਨਾਲ ਸਬੰਧਤ 3 ਕਰੋੜ ਹੋਰਨਾਂ ਪਰਿਵਾਰਾਂ ਨੂੰ ਫ੍ਰੀ ਗੈਸ ਸਿਲੰਡਰ ਕੁਨੈਕਸ਼ਨ ਦਿੱਤੇ ਜਾਣਗੇ, ਜਿਸ ਲਈ ਬੀਤੇ ਕੱਲ ਦੇਸ਼ ਦੀਆਂ ਤਿੰਨ ਪ੍ਰਮੁੱਖ ਗੈਸ ਕੰਪਨੀਆਂ ਦੇ ਅਧਿਕਾਰੀਆਂ ਨੇ ਦਿਹਾਤੀ ਇਲਾਕਿਆਂ ਵਿਚ ਸਰਵੇ ਕਰਵਾਉਣ ਦੀ ਮੁਹਿੰਮ ਛੇੜ ਦਿੱਤੀ ਹੈ। ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦਫਤਰ ਵਿਚ ਦਰਜ ਨੀਲੇ ਕਾਰਡਧਾਰਕਾਂ, ਬੀ. ਪੀ. ਐੱਲ. ਪਰਿਵਾਰਾਂ ਅਤੇ ਅੰਤੋਦਿਆ ਪਰਿਵਾਰਾਂ ਦੇ ਅੰਕੜਿਆਂ ਦੀ ਮੰਗ ਕੀਤੀ ਗਈ ਹੈ ਤਾਂ ਕਿ ਸਮੇਂ ਸਿਰ ਸਾਰੇ 3 ਕਰੋੜ ਪਰਿਵਾਰਾਂ ਤੱਕ ਸਰਕਾਰ ਦੀ ਉਕਤ ਯੋਜਨਾ ਨੂੰ ਪਹੁੰਚਾਇਆ ਜਾ ਸਕੇ। ਕੇਂਦਰ ਦੀ ਭਾਜਪਾ ਸਰਕਾਰ ਨੇ ਹੁਣ ਇਸ ਯੋਜਨਾ ਨੂੰ ਪ੍ਰਧਾਨ ਮੰਤਰੀ ਉਜਵਲਾ ਐਕਸਟੈਂਡ ਦਾ ਨਾਂ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਇਲਾਕਿਆਂ ਵਿਚ ਤਾਂ ਗੈਸ ਕੰਪਨੀਆਂ ਦੇ ਅਧਿਕਾਰੀਆਂ ਵੱਲੋਂ ਸਰਵੇ ਕਰਵਾਏ ਜਾਣ ਤੋਂ ਬਾਅਦ ਲਾਭਪਾਤਰੀ ਪਰਿਵਾਰਾਂ ਦਾ ਵੇਰਵਾ ਅਤੇ ਕੁਨੈਕਸ਼ਨ ਅਪਲੋਡ ਕਰਨ ਦਾ ਵੀ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ।
ਇਹ ਹੋਣਗੇ ਨਿਯਮ ਅਤੇ ਸ਼ਰਤਾਂ 
ਜਾਣਕਾਰੀ ਮੁਤਾਬਕ ਸਰਕਾਰ ਦੀ ਉਕਤ ਯੋਜਨਾ ਦਾ ਲਾਭ ਸਿਰਫ ਔਰਤਾਂ ਹੀ ਲੈ ਸਕਦੀਆਂ ਹਨ, ਉਹ ਵੀ ਪਰਿਵਾਰ ਦੀਆਂ ਮੁਖੀਆਂ ਔਰਤਾਂ। ਨਿਯਮਾਂ ਮੁਤਾਬਕ ਜੇਕਰ ਔਰਤ ਦੇ ਨਾਂ 'ਤੇ ਪਹਿਲਾਂ ਹੀ ਕਿਸੇ ਗੈਸ ਕੰਪਨੀ ਦਾ ਘਰੇਲੂ ਗੈਸ ਕੁਨੈਕਸ਼ਨ ਚੱਲ ਰਿਹਾ ਹੈ ਤਾਂ ਫਿਰ ਅਜਿਹੇ ਵਿਚ ਉਹ ਸਰਕਾਰ ਦੀ ਉਕਤ ਯੋਜਨਾ ਦੇ ਲਾਭ ਦੀ ਹੱਕਦਾਰ ਨਹੀਂ ਹੋਵੇਗੀ। ਅਜਿਹੀ ਹਾਲਤ ਵਿਚ ਉਹ ਆਪਣੀ ਨੂੰਹ ਦੇ ਨਾਂ 'ਤੇ ਮੁਫਤ ਗੈਸ ਕੁਨੈਕਸ਼ਨ ਲੈਣ ਦੀ ਇੱਛਾ ਜ਼ਾਹਰ ਕਰਦੇ ਹੋਏ ਬਿਨੈ-ਪੱਤਰ ਦਾਖਲ ਕਰਦੀ ਹੈ ਤਾਂ ਸਬੰਧਤ ਗੈਸ ਕੰਪਨੀਆਂ ਦੇ ਅਧਿਕਾਰੀ ਪਹਿਲਾਂ ਇਹ ਯਕੀਨੀ ਬਣਾਉਣਗੇ ਕਿ ਅਰਜ਼ੀਕਰਤਾ ਨੂੰਹ ਦੇ ਨਾਂ 'ਤੇ ਕੋਈ ਗੈਸ ਕੁਨੈਕਸ਼ਨ ਤਾਂ ਨਹੀਂ ਚੱਲ ਰਿਹਾ ਅਤੇ ਉਨ੍ਹਾਂ ਦਾ ਰਸੋਈ-ਘਰ ਵੱਖਰਾ ਹੈ ਤਾਂ ਕਿਤੇ ਜਾ ਕੇ ਅਰਜ਼ੀਕਰਤਾ ਔਰਤ ਦਾ ਰਸਤਾ ਆਸਾਨ ਹੋ ਸਕਦਾ ਹੈ।
ਅਧਿਕਾਰੀਆਂ ਲਈ ਟੇਡੀ ਖੀਰ ਸਾਬਤ ਹੋਵੇਗਾ ਸਹੀ ਪਰਿਵਾਰਾਂ ਦੀ ਚੋਣ ਕਰਨਾ
ਹੁਣ ਜੇਕਰ ਗੱਲ ਕੀਤੀ ਜਾਵੇ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਨਾਲ ਪਹਿਲਾਂ ਤੋਂ ਹੀ ਜੁੜੇ ਪਰਿਵਾਰਾਂ ਦੀ ਤਾਂ ਇਸ ਦਾ ਲਾਭ ਅਜਿਹੇ ਲੱਖਾਂ ਖੁਸ਼ਹਾਲ ਪਰਿਵਾਰ ਲੈ ਰਹੇ ਹਨ, ਜੋ ਕਿ ਕਿਸੇ ਵੀ ਤਰ੍ਹਾਂ ਯੋਜਨਾਂ ਦੇ ਹੱਕਦਾਰ ਨਹੀਂ ਹਨ, ਜਿਨ੍ਹਾਂ ਨੂੰ ਬੱਸ ਸਿਆਸੀ ਆਗੂਆਂ ਦੀ ਸਿਫਾਰਸ਼ 'ਤੇ ਵਿਭਾਗ ਵੱਲੋਂ ਅਸਲ ਵਿਚ ਯੋਜਨਾ ਦਾ ਹਿੱਸਾ ਕਹਾਏ ਜਾਣ ਵਾਲੇ ਗਰੀਬ ਅਤੇ ਮਜ਼ਦੂਰ ਪਰਿਵਾਰਾਂ ਦੀ ਨਜ਼ਰਅੰਦਾਜ਼ ਕਰ ਕੇ ਉਨ੍ਹਾਂ ਦੇ ਹੱਕਾਂ ਨੂੰ ਅਮੀਰਾਂ ਦੀ ਥਾਲੀ ਵਿਚ ਪਰੋਸ ਦਿੱਤਾ ਗਿਆ ਹੈ, ਜਿਨ੍ਹਾਂ ਦੇ ਘਰਾਂ ਵਿਚ ਪਹਿਲਾਂ ਹੀ ਕਈ ਗੈਸ ਕੁਨੈਕਸ਼ਨ ਚੱਲ ਰਹੇ ਹਨ। ਮਤਲਬ ਗਰੀਬਾਂ ਦੇ ਰਸੋਈਘਰਾਂ ਵਿਚ ਹੋਣ ਵਾਲੀ ਰੌਸ਼ਨੀ ਨੂੰ ਹਨੇਰੇ ਵਿਚ ਬਦਲ ਕੇ ਰਸੂਖਦਾਰ ਘਰਾਂ ਵਿਚ ਦੀਵਾਲੀ ਦਾ ਜਸ਼ਨ ਮਨਾਇਆ ਗਿਆ ਹੈ। ਅਜਿਹੇ ਹਾਲਾਤ ਨੂੰ ਦੇਖਦੇ ਹੋਏ ਇਥੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਅਧਿਕਾਰੀਆਂ ਅਤੇ ਵਿਭਾਗ ਵੱਲੋਂ ਯੋਜਨਾ ਨਾਲ ਜੁੜੇ ਸਹੀ ਲਾਭਪਾਤਰੀ ਪਰਿਵਾਰਾਂ ਦੀ ਪਛਾਣ ਕਰਨਾ ਟੇਡੀ ਖੀਰ ਸਾਬਤ ਹੋਵੇਗਾ।


Related News