ਪੰਜਾਬ ਦੇ ਰਸੋਈ ਗੈਸ ਖ਼ਪਤਕਾਰਾਂ ਨੂੰ ਲੱਗ ਸਕਦੈ ਝਟਕਾ! ਖ਼ਬਰ 'ਚ ਪੜ੍ਹੋ ਕੀ ਹੈ ਪੂਰਾ ਮਾਮਲਾ
Friday, May 17, 2024 - 10:59 AM (IST)
ਲੁਧਿਆਣਾ (ਖੁਰਾਣਾ) : ਦੇਸ਼ ਦੀਆਂ ਤਿੰਨੇ ਪ੍ਰਮੁੱਖ ਗੈਸ ਕੰਪਨੀਆਂ ਇੰਡੇਨ ਗੈਸ, ਭਾਰਤ ਗੈਸ ਅਤੇ ਹਿੰਦੋਸਤਾਨ ਗੈਸ ਕੰਪਨੀਆਂ ਵੱਲੋਂ ਮੌਜੂਦਾ ਸਮੇਂ ਦੌਰਾਨ ਰਸੋਈ ਗੈਸ ਖ਼ਪਤਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਈ ਰੱਖਣ ਲਈ ਮੁਫ਼ਤ ’ਚ ਸੁਰੱਖਿਆ ਜਾਂਚ ਅਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਘਰੇਲੂ ਗੈਸ ਸਿਲੰਡਰ, ਗੈਸੀ ਚੁੱਲ੍ਹੇ, ਰੈਗੂਲੇਟਰ ਅਤੇ ਸੁਰੱਖਿਆ ਪਾਈਪ ਆਦਿ ਦੀ ਜ਼ਮੀਨੀ ਪੱਧਰ ’ਤੇ ਜਾਂਚ-ਪੜਤਾਲ ਕਰ ਕੇ ਗੈਸ ਸਿਲੰਡਰ ਕਾਰਨ ਹੋਣ ਵਾਲੇ ਸੰਭਾਵਿਤ ਮਾਰੂ ਹਾਦਸਿਆਂ ਤੋਂ ਬਚਾਅ ਕੀਤਾ ਜਾ ਸਕੇ। ਗੈਸ ਕੰਪਨੀਆਂ ਵੱਲੋਂ ਜਾਰੀ ਕੀਤੇ ਗਏ ਨਿਯਮਾਂ ਅਤੇ ਸ਼ਰਤਾਂ ਮੁਤਾਬਕ ਹਰ ਗੈਸ ਏਜੰਸੀ ਦੇ ਡੀਲਰ ਅਤੇ ਡਲਿਵਰੀਮੈਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਬੰਧਿਤ ਖ਼ਪਤਕਾਰਾਂ ਦੇ ਰਸੋਈ ਘਰਾਂ ’ਚ ਲੱਗੇ ਗੈਸੀ ਚੁੱਲ੍ਹਿਆਂ, ਸਿਲੰਡਰ ਗੈਸ ਅਤੇ ਸੁਰੱਖਿਆ ਪਾਈਪ ਦੀ ਬਾਰੀਕੀ ਨਾਲ ਜਾਂਚ ਕਰੇ। ਇਨ੍ਹਾਂ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਖ਼ਪਤਕਾਰਾਂ ਦੀ ਸਬਸਿਡੀ 'ਤੇ ਬ੍ਰੇਕ ਲੱਗ ਸਕਦੀ ਹੈ।
ਇਸ ਦੌਰਾਨ ਜੇਕਰ ਗੈਸ ਪਾਈਪ ਕੱਟੀ ਜਾਂ ਫਟੀ ਜਾਂ ਖ਼ਸਤਾ ਹਾਲਤ ਵਿਚ ਹੈ ਤਾਂ ਗੈਸ ਕੰਪਨੀਆਂ ਵੱਲੋਂ ਨਿਰਧਾਰਿਤ ਕੀਤੀਆਂ ਦਰਾਂ ਮੁਤਾਬਕ ਖ਼ਸਤਾ ਹਾਲ ਹੋ ਚੁੱਕੀ ਗੈਸ ਸੁਰੱਖਿਆ ਪਾਈਪ ਨੂੰ ਤੁਰੰਤ ਬਦਲਣ ਲਈ ਖ਼ਪਤਕਾਰਾਂ ਨੂੰ ਪ੍ਰੇਰਿਆ ਜਾਵੇ, ਤਾਂ ਕਿ ਛੋਟੀਆਂ-ਛੋਟੀਆਂ ਸਾਵਧਾਨੀਆਂ ਅਪਣਾ ਕੇ ਭਵਿੱਖ ’ਚ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਵੱਡੇ ਹਾਦਸਿਆਂ ਨੂੰ ਟਾਲਿਆ ਜਾ ਸਕੇ। ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਜ਼ਰੂਰੀ ਹੋਵੇਗਾ ਕਿ ਜਦੋਂ ਵੀ ਕੋਈ ਖ਼ਪਤਕਾਰ ਕਿਸੇ ਗੈਸ ਏਜੰਸੀ ਤੋਂ ਕੁਨੈਕਸ਼ਨ ਖ਼ਰੀਦਦਾ ਹੈ ਤਾਂ ਸਬੰਧਿਤ ਗੈਸ ਕੰਪਨੀ ਵੱਲੋਂ ਖ਼ਪਤਕਾਰ ਦੀ ਇੰਸ਼ੋਰੈਂਸ ਆਟੋਮੈਟਿਕ ਤਰੀਕੇ ਨਾਲ ਕਰ ਦਿੱਤੀ ਜਾਂਦੀ ਹੈ। ਅਜਿਹੇ ’ਚ ਖੁਦਾ ਨਾ ਖਾਸਤਾ, ਜਦੋਂ ਕਦੇ ਵੀ ਘਰੇਲੂ ਗੈਸ ਸਿਲੰਡਰ ਕਾਰਨ ਹੋਣ ਵਾਲੇ ਹਾਦਸੇ ਦੌਰਾਨ ਕੋਈ ਆਰਥਿਕ ਨੁਕਸਾਨ ਜਾਂ ਫਿਰ ਕਿਸੇ ਦੀ ਜਾਨ ਚਲੀ ਜਾਂਦੀ ਹੈ ਤਾਂ ਸਬੰਧਿਤ ਗੈਸ ਕੰਪਨੀ ਵੱਲੋਂ ਖ਼ਪਤਕਾਰਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਸਮੇਤ ਮੌਤ ਹੋਣ ਦੀ ਸਥਿਤੀ ’ਚ ਇੰਸ਼ੋਰੈਂਸ ਦੇ ਰੂਪ ’ਚ ਖ਼ਪਤਕਾਰ ਦੇ ਪਰਿਵਾਰ ਨੂੰ ਭਾਰੀ ਮੁਆਵਜ਼ਾ ਦਿੱਤਾ ਜਾਂਦਾ ਹੈ ਪਰ ਇਸ ਦੇ ਲਈ ਗੈਸ ਕੰਪਨੀਆਂ ਵੱਲੋਂ ਨਿਰਧਾਰਿਤ ਕੀਤੇ ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ ਕਰਨਾ ਅਤਿ-ਜ਼ਰੂਰੀ ਹੈ ਤਾਂ ਜਾ ਕੇ ਖ਼ਪਤਕਾਰ ਕੰਪਨੀ ਵੱਲੋਂ ਮਿਲਣ ਵਾਲੇ ਮੁਆਵਜ਼ੇ ਦੇ ਹੱਕਦਾਰ ਹੋਣਗੇ।
ਇਹ ਵੀ ਪੜ੍ਹੋ : 2 ਦਿਨਾਂ ਲਈ High Alert, ਧਿਆਨ ਦੇਣ ਲੋਕ, ਸਵੇਰੇ 11 ਤੋਂ ਸ਼ਾਮ 4 ਵਜੇ ਤੱਕ ਨਾ ਨਿਕਲਣ ਬਾਹਰ
ਖ਼ਪਤਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਬੰਧਿਤ ਗੈਸ ਏਜੰਸੀ ਦੇ ਡੀਲਰ ਜਾਂ ਡਲਿਵਰੀਮੈਨਾਂ ਨੂੰ ਕਹਿ ਕੇ ਸਮੇਂ-ਸਮੇਂ ’ਤੇ ਸੁਰੱਖਿਆ ਪਾਈਪ, ਰੈਗੂਲੇਟਰ ਨੂੰ ਬਦਲਵਾਉਣ ਸਮੇਤ ਕੰਪਨੀਆਂ ਵੱਲੋਂ ਕੀਤੀ ਜਾਣ ਵਾਲੀ ਮੈਨਡੇਟਰੀ ਚੈਕਿੰਗ ਜ਼ਰੂਰ ਕਰਵਾਉਣ, ਤਾਂ ਕਿ ਜੀਵਨ ਵਿਚ ਕਿਸੇ ਨੂੰ ਕੋਈ ਨੌਬਤ ਹੀ ਨਾ ਆ ਸਕੇ। ਕਾਬਿਲੇਗੌਰ ਹੈ ਕਿ ਮੌਜੂਦਾ ਸਮੇਂ ਦੌਰਾਨ ਗੈਸ ਕੰਪਨੀ ਵੱਲੋਂ ਖ਼ਪਤਕਾਰਾਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਜਿੱਥੇ ਮੁਫ਼ਤ ਸੁਰੱਖਿਆ ਜਾਂਚ ਕੀਤੀ ਜਾ ਰਹੀ ਹੈ, ਉੱਥੇ ਬਾਇਓਮੀਟ੍ਰਿਕ ਪ੍ਰਣਾਲੀ ਰਾਹੀਂ ਖ਼ਪਤਕਾਰਾਂ ਨੂੰ ਕੇ. ਵਾਈ. ਸੀ. ਯੋਜਨਾ ਵਰਗੀ ਵੱਢਮੁੱਲੀ ਯੋਜਨਾ ਨਾਲ ਜੋੜਿਆ ਜਾ ਰਿਹਾ ਹੈ, ਤਾਂ ਕਿ ਖ਼ਪਤਕਾਰਾਂ ਨੂੰ ਗੈਸ ਕੰਪਨੀਆਂ ਵੱਲੋਂ ਮਿਲਣ ਵਾਲੀ ਹਰ ਸਹੂਲਤ ਦਾ ਲਾਭ ਮਿਲ ਸਕੇ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੋਵੇਗਾ ਕਿ ਨਿਯਮਾਂ ਦੀ ਪਾਲਣਾ ਨਾ ਕਰਨ ਖ਼ਪਤਕਾਰਾਂ ਨੂੰ ਮਿਲਣ ਵਾਲੀ ਸਬਸਿਡੀ ਰਾਸ਼ੀ ’ਤੇ ਬ੍ਰੇਕ ਵੀ ਲੱਗ ਸਕਦੀ ਹੈ, ਜਿਸ ਦੇ ਲਈ ਜ਼ਰੂਰੀ ਹੈ ਕਿ ਉਹ ਏਜੰਸੀ ਡੀਲਰ ਕੋਲ ਜਾ ਕੇ ਬਾਇਓਮ੍ਰੈਟਿਕ ਪ੍ਰਣਾਲੀ ਨਾਲ ਹੋਣ ਵਾਲੀ ਕੇ. ਵਾਈ. ਸੀ. ਜ਼ਰੂਰ ਕਰਵਾਉਣ।
ਕੀ ਕਹਿੰਦੇ ਹਨ ਡੀਲਰ
ਸਰਾਭਾ ਨਗਰ ਸਥਿਤ ਰਵਿੰਦਰਾ ਗੈਸ ਸਰਵਿਸ ਦੇ ਮੁਖੀ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਘਰੇਲੂ ਗੈਸ ਖ਼ਪਤਕਾਰਾਂ ਨੂੰ ਮੁਫ਼ਤ ਸੁਰੱਖਿਆ ਜਾਂਚ ਦਾ ਲਾਭ ਪਹੁੰਚਾਉਣ ਲਈ ਮੁਲਾਜ਼ਮਾਂ ਦੀ ਵਿਸ਼ੇਸ਼ ਟੀਮ ਬਣਾਈ ਗਈ ਹੈ, ਜਿਸ ਦੇ ਤਹਿਤ ਮੁਲਾਜ਼ਮ ਘਰ-ਘਰ ਜਾ ਕੇ ਘਰੇਲੂ ਗੈਸ ਸਿਲੰਡਰ ਗੈਸੀ ਚੁੱਲ੍ਹੇ ਰੈਗੂਲੇਟਰ ਅਤੇ ਸੁਰੱਖਿਆ ਪਾਈਪ ਨੂੰ ਮੁਫ਼ਤ ’ਚ ਚੈੱਕ ਕਰ ਰਹੇ ਹਨ। ਉਨ੍ਹਾਂ ਨੇ ਖ਼ਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਗੈਸ ਕੰਪਨੀ ਵੱਲੋਂ ਚਲਾਈ ਗਈ ਇਸ ਮੁਹਿੰਮ ਦਾ ਮੁਫ਼ਤ ਲਾਭ ਉਠਾਉਣ ਤਾਂ ਜੋ ਗੈਸ ਕੰਪਨੀਆਂ ਵੱਲੋਂ ਦਿੱਤੇ ਜਾਣ ਵਾਲੇ ਮੁਆਵਜ਼ੇ ਦਾ ਸਬੰਧਿਤ ਖ਼ਪਤਕਾਰ ਨੂੰ ਲਾਭ ਮਿਲ ਸਕੇ। ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਏਜੰਸੀ ਦੇ ਦਫ਼ਤਰ ’ਚ ਖ਼ਪਤਕਾਰਾਂ ਨੂੰ ਮੁਫ਼ਤ ਵਿਚ ਬਾਇਓਮੈਟ੍ਰਿਕ ਪ੍ਰਣਾਲੀ ਰਾਹੀਂ ਕੇ. ਵਾਈ. ਸੀ. ਯੋਜਨਾ ਨਾਲ ਵੀ ਜੋੜਿਆ ਜਾ ਰਿਹਾ ਹੈ, ਜਿਸ ਦਾ ਮਕਸਦ ਇਹ ਹੈ ਕਿ ਮੌਜੂਦਾ ਸਮੇਂ ਦੌਰਾਨ ਕੰਪਨੀ ਨਾਲ ਜੁੜੇ ਹਰ ਖ਼ਪਤਕਾਰ ਦੀ ਜਾਣਕਾਰੀ ਕੰਪਨੀ ਤੱਕ ਪਹੁੰਚਾਈ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8