ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗੇ

Saturday, Dec 23, 2017 - 08:17 AM (IST)

ਸਮਾਣਾ  (ਦਰਦ)  - ਵਰਕ ਪਰਮਿਟ 'ਤੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਏਜੰਟਾਂ ਵੱਲੋਂ ਠੱਗੇ ਗਏ ਲੱਖਾਂ ਰੁਪਏ ਦੇ ਸਬੰਧ 'ਚ 2 ਮਹੀਨੇ ਪਹਿਲਾਂ ਸਿਟੀ ਪੁਲਸ ਨੂੰ ਸ਼ਿਕਾਇਤ ਕੀਤੀ ਗਈ ਸੀ। ਇਸ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਣ ਅਤੇ ਉਧਾਰ ਲਏ ਪੈਸੇ ਲੋਕਾਂ ਵੱਲੋਂ ਵਾਪਸ ਮੰਗਣ ਤੋਂ ਦੁਖੀ ਹੋ ਕੇ ਸਥਾਨਕ ਨਵੀਂ ਸਰਾਂ ਪੱਤੀ ਵਾਸੀ ਇਕ ਨੌਜਵਾਨ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਗੰਭੀਰ ਹਾਲਤ ਵੇਖਦਿਆਂ ਡਾਕਟਰਾਂ ਨੇ ਉਸ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ।
ਜਾਣਕਾਰੀ ਦਿੰਦਿਆਂ ਨੌਜਵਾਨ ਗੁਰਪ੍ਰੀਤ ਸਿੰਘ (23) ਪੁੱਤਰ ਮਲਕੀਤ ਸਿੰਘ ਦੀ ਮਾਤਾ ਨਿਰਮਲਾ ਨੇ ਦੱਸਿਆ ਕਿ ਵਿਦੇਸ਼ ਜਾ ਕੇ ਪੈਸੇ ਕਮਾਉਣ ਦੀ ਇੱਛਾ ਰੱਖਣ ਵਾਲਾ ਉਸ ਦਾ ਪੁੱਤਰ ਸਥਾਨਕ ਏਜੰਟ ਨਿਸ਼ਾਨ ਸਿੰਘ ਅਤੇ ਨਰਿੰਦਰ ਸਿੰਘ ਦੇ ਝਾਂਸੇ ਵਿਚ ਆ ਗਿਆ। ਉਸ ਨੂੰ 2 ਸਾਲਾਂ ਦਾ ਵਰਕ ਪਰਮਿਟ ਲਾ ਕੇ ਭੇਜਣ ਦਾ ਵਿਸ਼ਵਾਸ ਦੇ ਕੇ ਲੱਖਾਂ ਰੁਪਏ ਠੱਗ ਲਏ। ਇਹ ਪੈਸੇ ਉਸ ਨੇ ਆਪਣਾ ਪਲਾਟ ਤੇ ਗਹਿਣੇ ਵੇਚ ਕੇ ਅਤੇ ਲੋਕਾਂ ਤੋਂ ਉਧਾਰ ਲੈ ਕੇ ਦਿੱਤੇ। ਕਰੀਬ 2 ਮਹੀਨੇ ਪਹਿਲਾਂ ਸਿਟੀ ਪੁਲਸ ਨੂੰ ਮਿਲੀ ਸ਼ਿਕਾਇਤ ਅਨੁਸਾਰ ਵਰਕ ਪਰਮਿਟ ਦੀ ਬਜਾਏ ਕਲਚਰ ਵੀਜ਼ਾ ਲਾਉਣ ਬਾਰੇ ਪੀੜਤ ਨੂੰ ਮਾਸਕੋ ਪਹੁੰਚਣ 'ਤੇ ਜਦੋਂ ਪਤਾ ਲੱਗਾ ਤਾਂ ਏਜੰਟਾਂ ਨੂੰ ਫੋਨ ਕਰ ਕੇ ਉਸ ਦੇ ਬੇਟੇ ਨੇ ਉਸ ਨਾਲ ਧੋਖਾ ਹੋਣ ਬਾਰੇ ਦੱਸਿਆ। ਇਸ ਤੋਂ ਬਾਅਦ ਏਜੰਟਾਂ ਦੇ ਮਾਸਕੋ 'ਚ ਇਕ ਸਾਥੀ ਵੱਲੋਂ ਪੀੜਤ ਨੂੰ ਆਪਣਾ ਪਾਸਪੋਰਟ ਪਾੜਨ 'ਤੇ ਵੀਜ਼ਾ ਲਾਉਣ ਦਾ ਵਾਅਦਾ ਕੀਤਾ। ਉਸ ਦੇ ਕਹਿਣ ਅਨੁਸਾਰ ਪਾਸਪੋਰਟ ਨਾ ਪਾੜਨ ਕਾਰਨ ਉਸ ਤੋਂ ਪੈਸੇ ਅਤੇ ਮੋਬਾਇਲ ਖੋਹ ਲਿਆ ਅਤੇ ਕੁੱਟਮਾਰ ਕੀਤੀ। ਪੀੜਤ ਨੌਜਵਾਨ ਨੇ ਆਪਣੇ ਘਰ ਤੋਂ ਪੈਸੇ ਮੰਗਵਾ ਕੇ ਵਾਪਸੀ ਦੀ ਟਿਕਟ ਲਈ ਅਤੇ ਭਾਰਤ ਆ ਗਿਆ। ਨੌਜਵਾਨ ਦੀ ਮਾਂ ਨਿਰਮਲਾ ਅਨੁਸਾਰ ਸਿਟੀ ਪੁਲਸ ਵੱਲੋਂ ਏਜੰਟਾਂ ਵਿਰੁੱਧ ਕੋਈ  ਕਾਰਵਾਈ ਨਾ ਕਰਨ ਅਤੇ ਲੋਕਾਂ ਵੱਲੋਂ ਉਧਾਰ ਲਏ ਪੈਸੇ ਮੰਗੇ ਜਾਣ 'ਤੇ ਪ੍ਰੇਸ਼ਾਨੀ ਦੀ ਹਾਲਤ 'ਚ ਉੁਸ ਨੇ ਆਪਣੀ ਜੀਵਨ-ਲੀਲਾ ਖਤਮ ਕਰਨ ਦੇ ਇਰਾਦੇ ਨਾਲ ਜ਼ਹਿਰ ਨਿਗਲ ਲਿਆ। ਉਸ ਨੇ ਅਧਿਕਾਰੀਆਂ ਤੋਂ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਸਬੰਧੀ ਸਿਟੀ ਪੁਲਸ ਅਧਿਕਾਰੀਆਂ ਨੇ ਪੀੜਤ ਦੀ ਹਾਲਤ ਬਿਆਨ ਦੇਣ ਯੋਗ ਨਾ ਹੋਣ ਕਾਰਨ ਉਸ ਦੀ ਸ਼ਿਕਾਇਤ 'ਤੇ ਕਾਰਵਾਈ ਨਾ ਹੋਣ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ।


Related News