ਭਰੋਸਾ ਬਣਾ ਕੇ ਮਾਰੀ ਸੁਨਿਆਰੇ ਨਾਲ ਠੱਗੀ, ਨਵੇਂ ਸਾਲ ''ਤੇ ਲੱਖਾਂ ਰੁਪਏ ਲੈ ਗਿਆ ਸ਼ਾਤਿਰ ਠੱਗ

Tuesday, Jan 03, 2023 - 09:19 PM (IST)

ਭਰੋਸਾ ਬਣਾ ਕੇ ਮਾਰੀ ਸੁਨਿਆਰੇ ਨਾਲ ਠੱਗੀ, ਨਵੇਂ ਸਾਲ ''ਤੇ ਲੱਖਾਂ ਰੁਪਏ ਲੈ ਗਿਆ ਸ਼ਾਤਿਰ ਠੱਗ

ਗਿੱਦੜਬਾਹਾ (ਚਾਵਲਾ)- ਗਿੱਦੜਬਾਹਾ ਵਿਖੇ ਇਕ ਸੁਨਿਆਰੇ ਨਾਲ ਇਕ ਸ਼ਾਤਿਰ ਠੱਗ ਵੱਲੋਂ ਅਜੀਬ ਢੰਗ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਸੁਸ਼ੀਲ ਕੁਮਾਰ ਉਰਫ ਸੋਨੂੰ ਪੁੱਤਰ ਉੱਤਮ ਚੰਦ ਨੇ ਦੱਸਿਆ ਕਿ ਉਹ ਬੱਸ ਸਟੈਂਡ ਗਿੱਦੜਬਾਹਾ ਵਿਖੇ ਉੱਤਮ ਜਿਊਲਰਜ਼ ਦੇ ਨਾਮ ਤੇ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਦੀ ਦੁਕਾਨ ਕਰਦਾ ਹੈ। ਉਸ ਨੇ ਦੱਸਿਆ ਕਿ ਕਰੀਬ 2 ਢਾਈ ਮਹੀਨੇ ਪਹਿਲਾਂ ਉਸ ਦੀ ਦੁਕਾਨ 'ਤੇ ਵਰਿੰਦਰ ਕੁਮਾਰ ਨਾਮ ਦਾ ਵਿਅਕਤੀ ਜਿਸਨੇ ਆਪਣੇ ਆਪ ਨੂੰ ਰਾਜਸਥਾਨ ਦਾ ਰਹਿਣ ਵਾਲਾ ਗਊਆਂ ਦਾ ਵਪਾਰੀ ਹੋਣ ਬਾਰੇ ਦੱਸਿਆ ਅਤੇ ਸੋਨੇ ਦੀਆਂ ਦੋ ਗਿੰਨੀਆਂ ਗਹਿਣੇ ਰੱਖਣ ਲਈ 50 ਹਜ਼ਾਰ ਰੁਪਏ ਉਧਾਰ ਦੀ ਮੰਗ ਕੀਤੀ ਜਿਸ 'ਤੇ ਉਸ ਨੇ ਮੋਹਰਾਂ ਦੀ ਜਾਂਚ ਕਰਨ ਤੋਂ ਬਾਅਦ ਉਸ ਨੂੰ 50 ਹਜ਼ਾਰ ਰੁਪਏ ਦੇ ਦਿੱਤੇ। ਉਕਤ ਵਿਅਕਤੀ ਕੁਝ ਦਿਨਾਂ ਵਿਚ ਹੀ 50 ਹਜ਼ਾਰ ਰੁਪਏ ਵਾਪਸ ਦੇ ਗਿਆ। 

ਇਹ ਖ਼ਬਰ ਵੀ ਪੜ੍ਹੋ - ਗੁਰਦਾਸਪੁਰ ਦੇ DC ਦਾ ਨਿਵੇਕਲਾ ਉਪਰਾਲਾ, ਕਿਸੇ ਕੋਲ ਚਾਈਨਾ ਡੋਰ ਹੈ ਤਾਂ ਜਮ੍ਹਾ ਕਰਵਾ ਕੇ ਲੈ ਜਾਓ...

ਫਿਰ ਉਕਤ ਵਰਿੰਦਰ ਕੁਮਾਰ ਜੋ ਕਿ ਬਾਗੜੀ ਬੋਲੀ ਬੋਲਦਾ ਸੀ ਮੁੜ ਉਸ ਦੀ ਦੁਕਾਨ 'ਤੇ ਆਇਆ ਅਤੇ ਇਸ ਵਾਰ 114 ਗ੍ਰਾਮ ਦੀਆਂ ਗਿੰਨੀਆਂ ਦਿੱਤੀਆਂ ਅਤੇ ਉਸ ਪਾਸੋਂ 1 ਲੱਖ 30 ਹਜ਼ਾਰ ਰੁਪਏ ਉਧਾਰ ਲੈ ਗਿਆ ਜੋ ਵੀ ਉਸ ਨੇ 10-15 ਦਿਨਾਂ ਬਾਅਦ ਵਾਪਸ ਮੋੜ ਦਿੱਤੇ ਅਤੇ ਆਪਣਾ ਸੋਨਾ ਲੈ ਗਿਆ। ਆਪਣਾ ਵਿਸ਼ਵਾਸ ਪੱਕਾ ਕਰਨ ਲਈ ਉਕਤ ਵਰਿੰਦਰ ਕੁਮਾਰ ਮੁੜ ਉਸਦੀ ਦੁਕਾਨ ਤੇ ਆਇਆ ਅਤੇ ਇਸ ਵਾਰ ਉਸ ਨੇ ਹੋਰ ਵੱਧ ਸੋਨੇ ਦੀਆਂ ਗਿੰਨੀਆਂ ਗਿਰਵੀ ਰੱਖਣ ਲਈ ਆਇਆ ਅਤੇ ਉਸ ਪਾਸੋਂ 4 ਲੱਖ ਰੁਪਏ ਦੀ ਮੰਗ ਕੀਤੀ। ਸੁਸ਼ੀਲ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਵਰਿੰਦਰ ਕੁਮਾਰ ਵੱਲੋਂ ਦਿੱਤੀਆਂ ਸੋਨੇ ਦੀਆਂ ਗਿੰਨੀਆਂ ਨੂੰ ਚੈੱਕ ਕਰਨ ਲੱਗਾਂ ਤਾਂ ਵਰਿੰਦਰ ਕੁਮਾਰ ਨੇ ਕਿਹਾ ਕਿ ਤੁਸੀਂ ਹਰ ਵਾਰ ਗਿੰਨੀਆਂ ਚੈਕ ਕਰਦੇ ਹੋ ਕਿਉਂ ਨਾ ਤੁਸੀਂ ਇੰਨਾਂ ਗਿੰਨੀਆਂ ਦੇ ਆਪਣੀ ਕੋਈ ਮੋਹਰ ਆਦਿ ਲਗਾ ਦਿੰਦੇ ਜਿਸ ਨਾਲ ਹਰ ਵਾਰ ਸੋਨਾ ਚੈਕ ਕਰਨ ਦੀ ਜਰੂਰਤ ਨਹੀਂ ਪਵੇਗੀ, ਤਾਂ ਸ਼ੁਸ਼ੀਲ ਕੁਮਾਰ ਨੇ ਆਪਣੀ ਦੁਕਾਨ ਦੀ ਅੰਗਰੇਜ਼ੀ ਦੇ ਅੱਖਰ ਯੂ.ਸੀ. ਲਿਖੀ ਵਾਲੀ ਮੋਹਰ ਗਿੰਨੀਆਂ ਚੈਕ ਕਰਨ ਉਪਰੰਤ ਲਗਾ ਦਿੱਤੀ ਅਤੇ ਉਸ ਨੂੰ 4 ਲੱਖ ਰੁਪਏ ਦੇ ਦਿੱਤੇ।

ਇਹ ਖ਼ਬਰ ਵੀ ਪੜ੍ਹੋ - ਬੰਗਾ ਕਤਲਕਾਂਡ: ਪਰਿਵਾਰ ਨੇ ਲਾਸ਼ ਸੜਕ 'ਤੇ ਰੱਖ ਕੀਤਾ ਪ੍ਰਦਰਸ਼ਨ, ਪੁਲਸ ਨੂੰ ਦਿੱਤਾ 2 ਦਿਨ ਦਾ ਅਲਟੀਮੇਟਮ

ਇਸ ਤੋਂ ਬਾਅਦ ਵਰਿੰਦਰ ਕੁਮਾਰ ਕੁਝ ਦਿਨਾਂ ਵਿਚ ਹੀ 4 ਲੱਖ ਰੁਪਏ ਵਾਪਿਸ ਮੋੜ ਗਿਆ ਅਤੇ ਆਪਣੀਆਂ ਗਿੰਨੀਆਂ ਵਾਪਿਸ ਲੈ ਗਿਆ। ਵਰਿੰਦਰ ਕੁਮਾਰ 1 ਜਨਵਰੀ 2023 ਨੂੰ ਸਵੇਰੇ 11 ਵਜੇ ਉਸਦੀ ਦੁਕਾਨ ਤੇ ਆਇਆ ਅਤੇ ਗਿੰਨੀਆਂ ਗਿਰਵੀ ਰੱਖ ਕੇ 5 ਲੱਖ ਰੁਪਏ ਦੀ ਮੰਗ ਕੀਤੀ। ਵਰਿੰਦਰ ਕੁਮਾਰ ਨੇ ਯੂ.ਸੀ. ਮੋਹਰ ਲੱਗੀਆਂ ਸੋਨੇ ਦੀਆਂ ਗਿੰਨੀਆ ਗਿਰਵੀ ਰੱਖ ਕੇ ਉਸਨੂੰ 5 ਲੱਖ ਰੁਪਏ ਉਧਾਰ ਦੇ ਦਿੱਤੇ ਪਰੰਤੂ ਜਦੋਂ ਉਸਨੇ ਉਕਤ ਗਿੰਨੀਆਂ ਤੇ ਲੱਗੀਆਂ ਮੋਹਰਾਂ ਚੈੱਕ ਕੀਤੀਆਂ ਤਾਂ ਉਸ ਨੂੰ ਸ਼ੱਕ ਹੋਇਆ ਜਿਸ ਤੇ ਉਸਨੇ ਪਹਿਲਾਂ ਖੁਦ ਗਿੰਨੀਆਂ ਦੇ ਸੋਨਾ ਹੋਣ ਸਬੰਧੀ ਜਾਂਚ ਕੀਤੀ ਅਤੇ ਫਿਰ ਹੋਰ ਸੁਨਿਆਰ ਪਾਸੋਂ ਚੈਕ ਕਰਵਾਇਆ ਤਾਂ ਉਕਤ ਸਾਰੀਆ ਸੋਨੇ ਦੀਆਂ ਗਿੰਨੀਆਂ ਚਾਂਦੀ ਦੀਆਂ ਨਿੱਕਲੀਆਂ। ਸ਼ੁਸ਼ੀਲ ਕੁਮਾਰ ਨੇ ਦੱਸਿਆ ਕਿ ਉਹ ਉਕਤ ਠੱਗ ਵਰਿੰਦਰ ਕੁਮਾਰ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਰੱਖਦਾ ਕਿਉਂਕਿ ਵਰਿੰਦਰ ਕੁਮਾਰ ਕਹਿੰਦਾ ਸੀ ਕਿ ਉਸ ਪਾਸ ਕੋਈ ਮੋਬਾਇਲ ਆਦਿ ਵੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਸ ਦੀ ਦੁਕਾਨ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਉਸ ਦਾ ਚਿਹਰਾ ਆਉਂਦਾ ਹੈ। ਸੁਸ਼ੀਲ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਉਸ ਨੇ ਥਾਣਾ ਗਿੱਦੜਬਾਹਾ ਪੁਲਸ ਪਾਸ ਆਪਣੀ ਦਰਖਾਸਤ ਦੇ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News