ਜਲੰਧਰ ਨਿਗਮ ’ਚ ਫਰਜ਼ੀਵਾੜਾ, ਸਕੂਟਰਾਂ ’ਤੇ ਹੀ ਢੋਇਆ ਜਾ ਰਿਹਾ 10-10 ਟਨ ਕੂੜਾ, ਲੱਖਾਂ ਦੀ ਪੇਮੈਂਟ ਇੰਝ ਹੋ ਰਹੀ ਕਲੇਮ

Friday, Apr 07, 2023 - 11:05 AM (IST)

ਜਲੰਧਰ ਨਿਗਮ ’ਚ ਫਰਜ਼ੀਵਾੜਾ, ਸਕੂਟਰਾਂ ’ਤੇ ਹੀ ਢੋਇਆ ਜਾ ਰਿਹਾ 10-10 ਟਨ ਕੂੜਾ, ਲੱਖਾਂ ਦੀ ਪੇਮੈਂਟ ਇੰਝ ਹੋ ਰਹੀ ਕਲੇਮ

ਜਲੰਧਰ (ਖੁਰਾਣਾ)- ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਵੀ ਜਲੰਧਰ ਨਿਗਮ ’ਚ ਭ੍ਰਿਸ਼ਟਾਚਾਰ ਘੱਟ ਨਹੀਂ ਹੋਇਆ, ਸਗੋਂ ਜਲੰਧਰ ਨਿਗਮ ’ਚ ਹੁਣ ਇਕ ਵੱਡਾ ਫਰਜ਼ੀਵਾੜਾ ਸਾਹਮਣੇ ਆਇਆ ਹੈ। ਪਤਾ ਲੱਗਾ ਹੈ ਕਿ ਸ਼ਹਿਰ ਦੇ ਕਈ ਡੰਪ ਸਥਾਨਾਂ ਤੋਂ ਪ੍ਰਾਈਵੇਟ ਗੱਡੀਆਂ ਰਾਹੀਂ ਕੂੜਾ ਚੁੱਕਣ ਦੇ ਮਾਮਲੇ ’ਚ ਵੱਡਾ ਘਪਲਾ ਕੀਤਾ ਜਾ ਰਿਹਾ ਹੈ। ਦੋਸ਼ ਹੈ ਕਿ ਇਕ ਪ੍ਰਾਈਵੇਟ ਠੇਕੇਦਾਰ ਨੇ ਨਿਗਮ ਨੂੰ ਆਪਣੀਆਂ ਗੱਡੀਆਂ ਦੇ ਬਿੱਲ ਦੇ ਕੇ ਕੂੜਾ ਚੁੱਕਣ ਦੇ ਬਦਲੇ ’ਚ ਲੱਖਾਂ ਰੁਪਏ ਦੀ ਪੇਮੈਂਟ ਲੈ ਲਈ ਹੈ ਪਰ ਉਸ ਠੇਕੇਦਾਰ ਨੇ ਨਿਗਮ ਅਧਿਕਾਰੀਆਂ ਨੂੰ ਜੋ ਬਿੱਲ ਦਿੱਤੇ ਹਨ, ਉਨ੍ਹਾਂ ’ਚ ਜਿਨ੍ਹਾਂ ਗੱਡੀਆਂ ਦੇ ਨੰਬਰਾਂ ਰਾਹੀਂ ਕੂੜੇ ਦੀ ਲਿਫ਼ਟਿੰਗ ਦੱਸੀ ਗਈ ਹੈ, ਉਹ ਨੰਬਰ ਸਕੂਟਰ ਤੇ ਦੋ-ਪਹੀਆ ਵਾਹਨਾਂ ਦੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਸਸਤੀ ਹੋਈ ਬੀਅਰ, ਅੱਜ ਤੋਂ ਲਾਗੂ ਹੋਈਆਂ ਨਵੀਆਂ ਕੀਮਤਾਂ

‘ਜਗ ਬਾਣੀ’ ਦੇ ਹੱਥ ਇਕ ਅਜਿਹਾ ਹੀ ਬਿੱਲ ਲੱਗਾ ਹੈ, ਜਿਸ ’ਚ ਠੇਕੇਦਾਰ ਨੇ 3 ਗੱਡੀਆਂ ਪੀ. ਬੀ. 65-4030, ਪੀ. ਬੀ. 08-0657 ਅਤੇ ਪੀ. ਬੀ. 08-1884 ਰਾਹੀਂ 10 ਟਿੱਪਰਾਂ ਦੇ ਚਾਰਜ ਬਣਾਏ ਹਨ। ਹਰ ਵਾਹਨ ਦਾ 10 ਤੋਂ ਲੈ ਕੇ 12 ਟਨ ਤੱਕ ਕੂੜਾ ਚੁੱਕਣ ਸਬੰਧੀ ਬਿੱਲ ਬਣਾਇਆ ਗਿਆ ਹੈ। ਇਸ ਤਰ੍ਹਾਂ ਇਕ ਬਿੱਲ ਹੀ 1 ਲੱਖ ਕਿਲੋ ਤੋਂ ਜ਼ਿਆਦਾ ਕੂੜੇ ਨੂੰ ਚੁੱਕਣ ਨਾਲ ਸਬੰਧਤ ਹੈ। ‘ਜਗ ਬਾਣੀ’ ਨੇ ਜਦੋਂ ਟਰਾਂਸਪੋਰਟ ਵਿਭਾਗ ਤੋਂ ਇਨ੍ਹਾਂ ਵਾਹਨਾਂ ਦੇ ਨੰਬਰਾਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਤਿੰਨੇ ਹੀ ਨੰਬਰ ਸਕੂਟਰ ਅਤੇ ਦੋ-ਪਹੀਆ ਵਾਹਨਾਂ ’ਤੇ ਲੱਗੇ ਹੋਏ ਹਨ। ਹੁਣ ਸਵਾਲ ਇਹ ਉੱਠਦਾ ਹੈ ਕਿ ਇਕ ਸਕੂਟਰ ਜਾਂ ਦੋ-ਪਹੀਆ ਵਾਹਨ ’ਤੇ 10-10 ਟਨ ਕੂੜਾ ਕਿਵੇਂ ਚੁੱਕਿਆ ਜਾ ਸਕਦਾ ਹੈ ਜਾਂ ਤਾਂ ਬਿੱਲ ’ਚ ਕੋਈ ਗਲਤੀ ਹੈ ਜਾਂ ਕੋਈ ਫਰਜ਼ੀਵਾੜਾ ਜਾਣ-ਬੁੱਝ ਕੇ ਕੀਤਾ ਗਿਆ ਲੱਗਦਾ ਹੈ। ਫਿਲਹਾਲ ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਜਾਂਚ ਦੇ ਹੁਕਮ ਦੇ ਦਿੱਤੇ ਹਨ। ਨਿਗਮ ਦੇ ਇਕ ਠੇਕੇਦਾਰ ਵੱਲੋਂ ਨਿਗਮ ਅਧਿਕਾਰੀਆਂ ਨੂੰ ਦਿੱਤਾ ਗਿਆ ਬਿੱਲ, ਜਿਸ ’ਤੇ ਸਕੂਟਰ ਦੇ ਨੰਬਰ ਦਰਜ ਹਨ ਤੇ 10-10 ਟਨ ਕੂੜੇ ਦੀ ਲਿਫਟਿੰਗ 1-1 ਵਾਹਨ ’ਤੇ ਵਿਖਾਈ ਗਈ ਹੈ।

PunjabKesari

ਛਾਉਣੀ ਵਿਧਾਨ ਸਭਾ ਹਲਕੇ ਦਾ ਕੂੜਾ ਚੁੱਕਣ ’ਚ ਹੋ ਰਿਹਾ ਸੀ ਗੋਲਮਾਲ, ਟਿੱਪਰਾਂ ’ਤੇ ਨਹੀਂ ਲੱਗੇ ਹੋਏ ਸਨ ਨੰਬਰ
ਜ਼ਿਕਰਯੋਗ ਹੈ ਕਿ ਜਲੰਧਰ ਛਾਉਣੀ ਵਿਧਾਨ ਸਭਾ ਹਲਕੇ ਦੇ ਕਈ ਡੰਪ ਸਥਾਨਾਂ ਤੋਂ ਕੂੜਾ ਚੁੱਕਣ ਦਾ ਕੰਮ ਨਿਗਮ ਨੇ ਪ੍ਰਾਈਵੇਟ ਠੇਕੇਦਾਰਾਂ ਦੇ ਹਵਾਲੇ ਕਰ ਰੱਖਿਆ ਹੈ। ਇੱਥੇ ਇਕ ਠੇਕੇਦਾਰ ਦੀਆਂ ਗੱਡੀਆਂ ਮਾਡਲ ਟਾਊਨ ਡੰਪ, ਜੋਤੀ ਨਗਰ ਡੰਪ, ਰੇਡੀਓ ਸਟੇਸ਼ਨ ਡੰਪ ਤੇ ਫੋਲੜੀਵਾਲ ਆਦਿ ਤੋਂ ਕੂੜਾ ਚੁੱਕ ਕੇ ਵਰਿਆਣਾ ਡੰਪ ਤੱਕ ਪਹੁੰਚਾਉਂਦੀਆਂ ਹਨ ਤੇ ਰਸਤੇ ’ਚ ਕੂੜੇ ਨੂੰ ਤੁਲਵਾ ਕੇ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਨਿਗਮ ਤੋਂ ਪੇਮੈਂਟ ਵਸੂਲ ਕੀਤੀ ਜਾਂਦੀ ਹੈ। ਮੰਨਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਇਕ ਬਿੱਲ ’ਚ ਸਕੂਟਰਾਂ ਦੇ ਨੰਬਰ ਲਾ ਕੇ ਫਰਜ਼ੀਵਾੜੇ ਦੀ ਗੱਲ ਸਾਹਮਣੇ ਆਈ ਹੈ, ਜੇਕਰ ਪਿਛਲੇ ਮਹੀਨਿਆਂ ਦੀ ਜਾਂਚ ਕੀਤੀ ਜਾਵੇ ਤਾਂ ਕਾਫੀ ਕੁਝ ਸਾਹਮਣੇ ਆ ਸਕਦਾ ਹੈ, ਜਿਸ ਨੂੰ ਲੈ ਕੇ ਨਿਗਮ ਅਧਿਕਾਰੀ ਵੀ ਘਬਰਾਏ ਹੋਏ ਹਨ ਪਰ ਫਿਲਹਾਲ ਉਨ੍ਹਾਂ ਨੇ ਠੇਕੇਦਾਰ ਦੀ ਸਾਰੀ ਪੇਮੈਂਟ ਰੋਕ ਲਈ ਹੈ ਤਾਂ ਜੋ ਪਿਛਲਾ ਹਿਸਾਬ ਵੀ ਬਰਾਬਰ ਕੀਤਾ ਜਾ ਸਕੇ।

ਇਹ ਵੀ ਪੜ੍ਹੋ : ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ 'ਆਪ' ਨੇ ਐਲਾਨਿਆ ਉਮੀਦਵਾਰ

ਊਸ਼ਾ ਅਤੇ ਮਠਾਰੂ ਧਰਮ ਕੰਡੇ ਤੋਂ ਤੁਲ ਚੁੱਕੇ ਹਨ ਵਾਹਨ
ਠੇਕੇਦਾਰ ਨੇ ਨਿਗਮ ਅਧਿਕਾਰੀਆਂ ਨੂੰ ਜੋ ਬਿੱਲ ਪੇਸ਼ ਕੀਤਾ ਹੈ, ਉਸ ’ਚ ਹਰ ਵਾਹਨ ਨੂੰ ਬਸਤੀ ਬਾਵਾ ਖੇਲ ਸਥਿਤ ਊਸ਼ਾ ਧਰਮ ਕੰਡੇ ਜਾਂ ਮਠਾਰੂ ਧਰਮ ਕੰਡੇ ਤੋਂ ਤੋਲਿਆ ਹੋਇਆ ਦੱਸਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਦੋਵੇਂ ਹੀ ਧਰਮ ਕੰਡੇ ਕੰਪਿਊਟਰਾਈਜ਼ਡ ਹਨ। ਇਨ੍ਹਾਂ ਦੋਵਾਂ ਧਰਮ ਕੰਡਿਆਂ ਕੋਲ ਉਪਲੱਬਧ ਪਰਚੀ ’ਚ ਇਨ੍ਹਾਂ ਸਾਰੇ ਵਾਹਨਾਂ ਦਾ ਪੂਰਾ ਰਿਕਾਰਡ ਅਤੇ ਨੰਬਰ ਆਦਿ ਦਰਜ ਹਨ। ਇਸ ਲਈ ਧਰਮ ਕੰਡਿਆਂ ਦੀ ਰਿਕਾਰਡ ਦੀ ਜਾਂਚ ਵੀ ਕੀਤੀ ਜਾ ਸਕਦੀ ਹੈ।

PunjabKesari

ਅਸਿ. ਕਮਿਸ਼ਨਰ ਖੋਖਰ ਨੂੰ ਸੌਂਪਿਆ ਗਿਆ ਜਾਂਚ ਦਾ ਕੰਮ
ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਸੈਨੀਟੇਸ਼ਨ ਸ਼ਾਖਾ ’ਚ ਹੋ ਰਹੇ ਇਸ ਘਪਲੇ ਨੂੰ ਲੈ ਕੇ ਅਸਿ. ਕਮਿਸ਼ਨਰ ਰਾਜੇਸ਼ ਖੋਖਰ ਦੀ ਦੇਖਰੇਖ ’ਚ ਇਕ ਜਾਂਚ ਕਮੇਟੀ ਬਣਾਈ ਹੈ, ਜਿਸ ’ਚ ਡੀ. ਸੀ. ਐੱਫ਼. ਏ. ਪੰਕਜ ਕਪੂਰ ਅਤੇ ਹੈਲਥ ਆਫ਼ੀਸਰ ਡਾ. ਸ਼੍ਰੀ ਕ੍ਰਿਸ਼ਨ ਸ਼ਰਮਾ ਨੂੰ ਲਿਆ ਗਿਆ ਹੈ। ਕਮੇਟੀ ਨੂੰ ਵੱਖ-ਵੱਖ ਪਹਿਲੂਆਂ ਦੇ ਆਧਾਰ ’ਤੇ ਜਾਂਚ ਦੇ ਨਿਰਦੇਸ਼ ਦਿੱਤੇ ਗਏ ਹਨ, ਜਦੋਂ ਤੱਕ ਕਮੇਟੀ ਦੀ ਰਿਪੋਰਟ ਨਹੀਂ ਆ ਜਾਂਦੀ, ਉਦੋਂ ਤੱਕ ਸੈਂਕਸ਼ਨ ਦੇ ਆਧਾਰ ’ਤੇ ਪ੍ਰਾਈਵੇਟ ਗੱਡੀਆਂ ਰਾਹੀਂ ਕੂੜਾ ਚੁੱਕਣ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ ਅਤੇ ਨਿਗਮ ਸਟਾਫ਼ ਨੂੰ ਵੀ ਸਾਰਾ ਕੂੜਾ ਚੁੱਕਣ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

PunjabKesari

ਨਿਗਮ ਅਧਿਕਾਰੀਆਂ ਦੇ ਹਨ ਬਿੱਲਾਂ ’ਤੇ ਦਸਤਖ਼ਤ
ਪ੍ਰਾਈਵੇਟ ਠੇਕੇਦਾਰ ਦੀਆਂ ਗੱਡੀਆਂ ਰਾਹੀਂ ਸ਼ਹਿਰ ’ਚੋਂ ਕੂੜਾ ਚੁੱਕਣ ਦੇ ਇਵਜ਼ ’ਚ ਠੇਕੇਦਾਰ ਵੱਲੋਂ ਜੋ ਬਿੱਲ ਨਿਗਮ ਦੀ ਅਕਾਊਂਟ ਬਰਾਂਚ ਨੂੰ ਸੌਂਪੇ ਜਾਂਦੇ ਹਨ, ਉਨ੍ਹਾਂ ਬਿੱਲਾਂ ਦੀ ਸਬੰਧਤ ਨਿਗਮ ਅਧਿਕਾਰੀਆਂ ਵੱਲੋਂ ਤਸਦੀਕ ਕੀਤੀ ਜਾਂਦੀ ਹੈ। ‘ਜਗ ਬਾਣੀ’ ਕੋਲ ਉਪਲੱਬਧ ਰਿਕਾਰਡ ’ਚ ਜੋ ਬਿੱਲ ਨਿਗਮ ਨੂੰ ਦਿੱਤਾ ਗਿਆ ਹੈ, ਉਸ ’ਤੇ ਵੀ ਸੈਨੇਟਰੀ ਇੰਸਪੈਕਟਰ, ਚੀਫ ਸੈਨੇਟਰੀ ਇੰਸਪੈਕਟਰ ਤੇ ਏ. ਐੱਚ. ਓ. ਦੇ ਦਸਤਖਤ ਹੋ ਚੁੱਕੇ ਹਨ। ਹੁਣ ਸਵਾਲ ਇਹ ਉਠਦਾ ਹੈ ਕਿ ਇਨ੍ਹਾਂ ਨਿਗਮ ਅਧਿਕਾਰੀਆਂ ਨੇ ਇਨ੍ਹਾਂ ਬਿੱਲਾਂ ਨੂੰ ਤਸਦੀਕ ਕਰਨ ਸਮੇਂ ਗੱਡੀਆਂ ਦੇ ਨੰਬਰਾਂ ਦੀ ਜਾਂਚ ਕਿਉਂ ਨਹੀਂ ਕੀਤੀ। ਇਹ ਵੀ ਦੇਖਣ ਵਾਲੀ ਗੱਲ ਹੈ ਕਿ ਕੀ ਜਿਨ੍ਹਾਂ ਬਿੱਲਾਂ ਦਾ ਭੁਗਤਾਨ ਹੋ ਚੁੱਕਾ ਹੈ, ਉਨ੍ਹਾਂ ’ਤੇ ਵੀ ਕਿਤੇ ਫਰਜ਼ੀ ਨੰਬਰ ਤਾਂ ਨਹੀਂ ਲੱਗੇ ਹੋਏ।

ਇਹ ਵੀ ਪੜ੍ਹੋ : ਭੁਲੱਥ: ਅਮਰੀਕਾ ਤੋਂ ਆਈ ਖ਼ਬਰ ਨੇ ਘਰ 'ਚ ਵਿਛਾਏ ਸੱਥਰ, ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਪੁੱਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News