ਜਲੰਧਰ ਦੇ ਠੱਗ ਦਾ ਹੈਰਾਨੀਜਨਕ ਕਾਰਾ, ਜਾਅਲੀ ਬਿੱਲਾਂ ਨਾਲ ਇੰਝ ਮਾਰੀ ਕਰੀਬ 200 ਕਰੋੜ ਦੀ ਠੱਗੀ

Wednesday, Mar 10, 2021 - 05:38 PM (IST)

ਜਲੰਧਰ ਦੇ ਠੱਗ ਦਾ ਹੈਰਾਨੀਜਨਕ ਕਾਰਾ, ਜਾਅਲੀ ਬਿੱਲਾਂ ਨਾਲ ਇੰਝ ਮਾਰੀ ਕਰੀਬ 200 ਕਰੋੜ ਦੀ ਠੱਗੀ

ਜਲੰਧਰ (ਖੁਰਾਣਾ)– ਅੱਜ ਤੋਂ 7 ਸਾਲ ਪਹਿਲਾਂ ਤਤਕਾਲੀ ਡੀ. ਈ. ਟੀ. ਸੀ. ਸਰੋਜਨੀ ਗੌਤਮ ਸ਼ਾਰਦਾ ਨੇ ਫਰਜ਼ੀ ਬਿੱਲਾਂ ਦਾ ਇਕ ਵੱਡਾ ਘਪਲਾ ਫੜਿਆ ਸੀ, ਜਿਸ ਦੀ ਗੂੰਜ ਪੂਰੇ ਪੰਜਾਬ ਵਿਚ ਸੁਣਾਈ ਦਿੱਤੀ ਸੀ। ਉਸ ਘਪਲੇ ਤਹਿਤ ਇਕ ਚਲਾਕ ਵਿਅਕਤੀ ਨੇ ਇਕ ਸਾਲ ਵਿਚ ਕਰੀਬ 370 ਕਰੋੜ ਰੁਪਏ ਦੇ ਜਾਅਲੀ ਬਿੱਲ ਕੱਟ ਕੇ ਸ਼ਹਿਰ ਦੀਆਂ ਦਰਜਨਾਂ ਫਰਮਾਂ ਨੂੰ ਵੰਡ ਦਿੱਤੇ ਸਨ ਅਤੇ ਖ਼ੁਦ ਕਰੋੜਾਂ ਰੁਪਏ ਕਮਾਉਣ ਦੇ ਚੱਕਰ ਵਿਚ ਸੇਲਜ਼ ਟੈਕਸ ਮਹਿਕਮਾ ਅਤੇ ਪੰਜਾਬ ਸਰਕਾਰ ਨੂੰ ਭਾਰੀ ਚੂਨਾ ਲਾਇਆ ਸੀ।

ਭਾਵੇਂ ਇਹ ਮਾਮਲਾ ਅਜੇ ਤੱਕ ਵਿਚਾਰ ਅਧੀਨ ਹੈ ਪਰ ਅਜਿਹਾ ਹੀ ਇਕ ਹੋਰ ਘਪਲਾ ਹੁਣ ਸਾਹਮਣੇ ਆਇਆ ਹੈ, ਜਿਸ ਵੱਲ ਸੇਲਜ਼ ਟੈਕਸ ਮਹਿਕਮੇ ਦੇ ਉੱਚ ਅਧਿਕਾਰੀ ਜ਼ਿਆਦਾ ਗੰਭੀਰਤਾ ਨਹੀਂ ਦਿਖਾ ਰਹੇ। ਭਾਵੇਂ ਵਿਭਾਗੀ ਅਧਿਕਾਰੀਆਂ ਨੇ ਇਸ ਮਾਮਲੇ ਵਿਚ ਕਾਫ਼ੀ ਤੱਥ ਇਕੱਠੇ ਕਰ ਲਏ ਹਨ ਪਰ ਅਜੇ ਤੱਕ ਇਸ ਫਰਜ਼ੀਵਾੜੇ ਦੇ ਕਿੰਗਪਿਨ ਤੱਕ ਵਿਭਾਗ ਦੇ ਹੱਥ ਨਹੀਂ ਪਹੁੰਚੇ ਹਨ ਅਤੇ ਨਾ ਹੀ ਇਸ ਸਬੰਧੀ ਪੁਲਸ ਜਾਂ ਕਿਸੇ ਹੋਰ ਏਜੰਸੀ ਨੂੰ ਇਸ ਦੀ ਸ਼ਿਕਾਇਤ ਹੀ ਕੀਤੀ ਗਈ ਹੈ।

ਇਹ ਵੀ ਪੜ੍ਹੋ :ਬਜਟ ਇਜਲਾਸ ਦੌਰਾਨ ‘ਆਪ’ ਦਾ ਹੰਗਾਮਾ, ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

‘ਜਗ ਬਾਣੀ’ ਨੇ ਇਸ ਮਾਮਲੇ ਵਿਚ ਆਪਣੇ ਵੱਲੋਂ ਜਿਹੜੀ ਮੁੱਢਲੀ ਪੜਤਾਲ ਕੀਤੀ ਹੈ, ਉਸ ਅਨੁਸਾਰ ਸ਼ਹਿਰ ਦੇ ਅੰਦਰੂਨੀ ਇਲਾਕੇ ਮੁਹੱਲਾ ਕਰਾਰ ਖਾਂ ਦੇ ਰਹਿਣ ਵਾਲੇ ਇਕ ‘ਬ’ ਨਾਂ ਨਾਲ ਸ਼ੁਰੂ ਹੋਣ ਵਾਲੇ ਵਿਅਕਤੀ ਨੇ ਪਿਛਲੇ 3 ਸਾਲਾਂ ਤੋਂ ਫਰਜ਼ੀ ਬਿੱਲ ਕੱਟਣ ਦਾ ਧੰਦਾ ਸ਼ੁਰੂ ਕੀਤਾ ਹੋਇਆ ਹੈ, ਜਿਸ ਤਹਿਤ ਹੁਣ ਤੱਕ ਉਕਤ ਚਲਾਕ ਠੱਗ 200 ਕਰੋੜ ਰੁਪਏ ਤੋਂ ਵੱਧ ਦੇ ਬਿੱਲ ਕੱਟ ਵੀ ਚੁੱਕਾ ਹੈ।
‘ਜਗ ਬਾਣੀ’ ਨੇ ਇਸ ਮਾਮਲੇ ਵਿਚ ਜਿਹੜੇ ਤੱਥ ਇਕੱਠੇ ਕੀਤੇ ਹਨ, ਉਨ੍ਹਾਂ ਅਨੁਸਾਰ ਲਕਸ਼ਮੀਪੁਰਾ ਸਥਿਤ ਇਸ ਫਰਜ਼ੀ ਫਰਮ ਦਾ ਜੀ. ਐੱਸ. ਟੀ. ਨੰਬਰ ‘03 ਏ. ਬੀ. ਐੱਲ. ਪੀ. ਯੂ 3362’ ਨਾਲ ਸ਼ੁਰੂ ਹੁੰਦਾ ਹੈ ਅਤੇ ਸਬੰਧਤ ਫਰਮ ਦਾ ਨਾਂ ‘ਐੱਸ ਜੀ’ ਤੋਂ ਸ਼ੁਰੂ ਹੁੰਦਾ ਹੈ। ਇਹ ਫਰਮ ਮੁਸਲਿਮ ਨਾਂ ਨਾਲ ਸ਼ੁਰੂ ਹੁੰਦੇ ਵਿਅਕਤੀ ਮੰਜੀਵ ਵੱਲੋਂ ਖੋਲ੍ਹੀ ਦੱਸੀ ਜਾ ਰਹੀ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਨਾਲ ਸਬੰਧਤ ਦਸਤਾਵੇਜ਼ ਵੀ ਫਰਜ਼ੀ ਲਾਏ ਗਏ ਹਨ। ਮਹਿਕਮੇ ਨੂੰ ਇਸ ਫਰਮ ਨੂੰ ਖੋਲ੍ਹਣ ਲਈ ਜੂਨ 2018 ਜਿਹੜੇ ਦਸਤਾਵੇਜ਼ ਦਿੱਤੇ ਗਏ, ਉਨ੍ਹਾਂ ਵਿਚ ਮੰਜੀਵ ਨੂੰ ਇਸ ਫਰਮ ਦਾ ਪ੍ਰੋਪਰਾਈਟਰ ਦੱਸਿਆ ਗਿਆ ਹੈ ਅਤੇ ਇਹ ਫਰਮ ਜਲੰਧਰ-1 ਤਹਿਤ ਖੋਲ੍ਹੀ ਗਈ ਹੈ। ਹੈਰਾਨੀਜਨਕ ਤੱਥ ਇਹ ਹੈ ਕਿ ਪਿਛਲੇ 3 ਸਾਲਾਂ ਤੋਂ ਇਸ ਫਰਮ ਨੇ ਜਿੰਨੇ ਵੀ ਬਿੱਲ ਕੱਟੇ ਹਨ, ਉਹ ਸਾਰੇ ਜਲੰਧਰ-2 ਰੇਂਜ ਵਿਚ ਕੱਟੇ ਗਏ ਹਨ।

ਇਹ ਵੀ ਪੜ੍ਹੋ :  ਕਾਂਗਰਸੀ ਆਗੂ ਰਿੰਕੂ ਸੇਠੀ ਦੀ ਸਫ਼ਾਈ, ਕਿਹਾ-ਸ਼ਰਾਬ ਪੀ ਕੇ ਹੋਈ ਗਲਤੀ, ਕੈਪਟਨ ਤੇ ਮਨੀਸ਼ ਤਿਵਾੜੀ ਤੋਂ ਵੀ ਮੰਗੀ ਮੁਆਫ਼ੀ

ਪਿਛਲੇ 3 ਸਾਲਾਂ ਤੋਂ ਚੱਲ ਰਿਹਾ ਇਹ ਘਪਲਾ ਹੁਣ ਜਾ ਕੇ ਮਹਿਕਮੇ ਦੇ ਅਧਿਕਾਰੀਆਂ ਨੇ ਫੜਿਆ ਹੈ ਅਤੇ ਉਨ੍ਹਾਂ ਇਸ ਫਰਮ ਵੱਲੋਂ ਕੱਟੇ ਸਾਰੇ ਬਿੱਲਾਂ ਦਾ ਰਿਕਾਰਡ ਵੀ ਇਕੱਠਾ ਕਰ ਲਿਆ ਹੈ। ਮਹਿਕਮੇ ਦੇ ਅਧਿਕਾਰੀਆਂ ਨੇ ਇਨ੍ਹਾਂ ਬਿੱਲਾਂ ਨੂੰ ਲੈਣ ਵਾਲੀਆਂ ਫਰਮਾਂ ’ਤੇ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ ਅਤੇ ਉਨ੍ਹਾਂ ਦੇ ਆਈ. ਟੀ. ਸੀ. ਰੋਕਣ ਦੀ ਧਮਕੀ ਤੱਕ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਫਰਜ਼ੀ ਫਰਮ ਨੇ ਬਿਨਾਂ ਕੁਝ ਪ੍ਰਚੇਜ਼ ਕੀਤੇ ਕਰੋੜਾਂ ਦੇ ਬਿੱਲ ਅੱਗੇ ਕੱਟ ਦਿੱਤੇ, ਜਿਸ ਕਾਰਨ ਵਧੇਰੇ ਕਾਰੋਬਾਰੀਆਂ ਨੂੰ ਹੁਣ ਜੀ. ਐੱਸ. ਟੀ. ਰਿਫੰਡ ਲੈਣ ਵਿਚ ਮੁਸ਼ਕਲਾਂ ਪੇਸ਼ ਆ ਰਹੀਆਂ ਹਨ।

ਨੰਬਰ ਗਾਰਮੈਂਟ ਕਾਰੋਬਾਰ ਦਾ ਲਿਆ ਪਰ ਕੱਟੇ ਸਾਰੀਆਂ ਚੀਜ਼ਾਂ ਦੇ ਬਿੱਲ
ਸ਼ਹਿਰ ਦੇ ਇਕ ਪੈਲੇਸ ਮਾਲਕ ਦਾ ਰਿਸ਼ਤੇਦਾਰ ਕਹੇ ਜਾਂਦੇ ਇਸ ਚਲਾਕ ਠੱਗ ਨੇ ਜੀ. ਐੱਸ. ਟੀ. ਨੰਬਰ ਲੈਣ ਸਮੇਂ ਵਿਭਾਗ ਨੂੰ ਕਾਟਨ, ਯਾਰਨ, ਗਾਰਮੈਂਟ, ਟੈਕਸਟਾਈਲ, ਓਵਰਕੋਟ, ਜੈਕੇਟਸ ਆਦਿ ਦੇ ਕਾਰੋਬਾਰ ਸਬੰਧੀ ਡਿਟੇਲ ਦਿੱਤੀ ਪਰ ਜਦੋਂ ਬਿੱਲ ਕੱਟਣ ਦੀ ਵਾਰੀ ਆਈ ਤਾਂ ਸ਼ਹਿਰ ਦੇ ਦਰਜਨਾਂ ਲੋਹਾ ਵਪਾਰੀਆਂ ਅਤੇ ਰਬੜ ਕਾਰੋਬਾਰ ਨਾਲ ਸਬੰਧਤ ਲੋਕਾਂ ਅਤੇ ਕਈ ਹੋਰਨਾਂ ਦੇ ਵੀ ਬਿੱਲ ਕੱਟ ਦਿੱਤੇ।

ਇਹ ਵੀ ਪੜ੍ਹੋ :  ਸਿੰਘੂ ਬਾਰਡਰ ਤੋਂ ਆਈ ਇਕ ਹੋਰ ਬੁਰੀ ਖ਼ਬਰ, ਸੁਲਤਾਨਪੁਰ ਲੋਧੀ ਦੇ ਗ਼ਰੀਬ ਮਜ਼ਦੂਰ ਦੀ ਹੋਈ ਮੌਤ

ਇੰਡੀਅਨ ਓਵਰਸੀਜ਼ ਬੈਂਕ ’ਚ ਹੋਈ ਕਰੋੜਾਂ ਦੀ ਟਰਾਂਜੈਕਸ਼ਨ
ਜ਼ਿਕਰਯੋਗ ਹੈ ਕਿ ਇਸ ਫਰਜ਼ੀਵਾੜੇ ਤਹਿਤ ਬਿਨਾਂ ਕੁਝ ਪ੍ਰਚੇਜ਼ ਕੀਤੇ ਜਿਹੜੇ ਕਰੋੜਾਂ ਰੁਪਏ ਦੇ ਜਾਅਲੀ ਬਿੱਲ ਕੱਟੇ ਗਏ ਹਨ, ਉਨ੍ਹਾਂ ਦੀ ਵਧੇਰੇ ਰਕਮ ਆਨਲਾਈਨ ਟਰਾਂਜੈਕਸ਼ਨ, ਆਰ. ਟੀ. ਜੀ. ਐੱਸ. ਜਾਂ ਚੈੱਕ ਜ਼ਰੀਏ ਟਰਾਂਸਫਰ ਹੋਈ, ਜਿਸ ਦਾ ਅਕਾਊਂਟ ਇੰਡੀਅਨ ਓਵਰਸੀਜ਼ ਬੈਂਕ ਅਤੇ ਹੋਰਨਾਂ ਬੈਂਕਾਂ ਵਿਚ ਖੁਲ੍ਹਵਾਇਆ ਗਿਆ।
ਪਤਾ ਲੱਗਾ ਹੈ ਕਿ ਉਥੋਂ ਕਰੋੜਾਂ ਰੁਪਏ ਦੀ ਟਰਾਂਜੈਕਸ਼ਨ ਤਾਂ ਹੋਈ ਹੈ ਪਰ ਇਸ ਮਾਮਲੇ ਵਿਚ ਬੈਂਕ ਦੀ ਕੋਈ ਭੂਮਿਕਾ ਸਾਹਮਣੇ ਨਹੀਂ ਆ ਰਹੀ ਕਿਉਂਕਿ ਉਥੇ ਨਿਯਮਾਂ ਅਨੁਸਾਰ ਸਾਰਾ ਕੰਮ ਕੀਤਾ ਗਿਆ। ਹੁਣ ਬੈਂਕ ਵਿਚ ਅਕਾਊਂਟ ਖੋਲ੍ਹਣ ਸਮੇਂ ਮੰਜੀਵ ਨਾਂ ਦੇ ਵਿਅਕਤੀ ਨੇ ਕਿਹੜੇ ਦਸਤਾਵੇਜ਼ ਦਿੱਤੇ ਅਤੇ ਉਥੇ ਅਕਾਊਂਟ ਖੋਲ੍ਹਣ ਵਿਚ ਕਿਸ ਦੀ ਗਵਾਹੀ ਆਦਿ ਪਾਈ ਗਈ, ਇਸ ਨਾਲ ਜਾਂਚ ਨੂੰ ਨਵੀਂ ਦਿਸ਼ਾ ਮਿਲ ਸਕਦੀ ਹੈ।

ਇਹ ਵੀ ਪੜ੍ਹੋ :  ਹੁਸ਼ਿਆਰਪੁਰ ’ਚ ਮੈਡੀਕਲ ਸਟੋਰ ਮਾਲਕ ਦਾ ਬੇਰਹਿਮੀ ਨਾਲ ਕੀਤਾ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼

ਸ਼ਹਿਰ ’ਚ ਇਕ ਹੋਰ ਗਿਰੋਹ ਵੀ ਹੈ ਸਰਗਰਮ
ਇਸ ਨਵੇਂ ਫਰਜ਼ੀਵਾੜੇ ਦਾ ਕਿੰਗਪਿਨ ਤਾਂ ਮੁਹੱਲਾ ਕਰਾਰ ਖਾਂ ਨਾਲ ਜੁੜਿਆ ਸ਼ਖ਼ਸ ਦੱਸਿਆ ਜਾ ਰਿਹਾ ਹੈ ਪਰ ਜਾਣਕਾਰ ਸੂਤਰਾਂ ਮੁਤਾਬਕ ਇਕ ਹੋਰ ਗਿਰੋਹ ਵੀ ਜਾਅਲੀ ਬਿੱਲਾਂ ਦੇ ਅਜਿਹੇ ਹੀ ਸਕੈਂਡਲ ਨਾਲ ਜੁੜਿਆ ਹੋਇਆ ਹੈ। ਇਸ ਗਿਰੋਹ ਨੇ 5 ਨਾਵਾਂ ਦੀਆਂ ਬਿੱਲ ਬੁੱਕਾਂ ਛਪਵਾਈਆਂ ਹੋਈਆਂ ਹਨ ਅਤੇ ਇਹ ਸਾਰੀਆਂ ਫਰਮਾਂ ਉਨ੍ਹਾਂ ਦੇ ਕਰਿੰਦਿਆਂ ਦੇ ਨਾਂ ’ਤੇ ਹਨ। ਇਸ ਗਿਰੋਹ ਵੱਲੋਂ ਵੀ ਬਿਨਾਂ ਕੁਝ ਸਾਮਾਨ ਪ੍ਰਚੇਜ਼ ਕੀਤੇ ਧੜਾਧੜ ਬਿੱਲ ਕੱਟੇ ਜਾ ਰਹੇ ਹਨ।

ਇਹ ਵੀ ਪੜ੍ਹੋ : ਕਾਂਗਰਸ ਆਗੂ ਰਿੰਕੂ ਸੇਠੀ ਦੀ ਹੈਰਾਨ ਕਰਦੀ ਕਰਤੂਤ, ਔਰਤ ਨੂੰ ਫੋਨ ਕਰ ਸਰੀਰਕ ਸੰਬੰਧ ਬਣਾਉਣ ਦੀ ਦਿੱਤੀ ਧਮਕੀ

ਵਧੇਰੇ ਬਿੱਲ ਉਨ੍ਹਾਂ ਚੀਜ਼ਾਂ ਦੇ ਕੱਟੇ ਜਾਂਦੇ ਹਨ, ਜਿੱਥੇ 28 ਜਾਂ 18 ਫ਼ੀਸਦੀ ਜੀ. ਐੱਸ. ਟੀ. ਲੱਗਦਾ ਹੈ। 18 ਫ਼ੀਸਦੀ ਜੀ. ਐੱਸ. ਟੀ. ਵਾਲਾ ਬਿੱਲ 4 ਫ਼ੀਸਦੀ ਟੈਕਸ ਦੇ ਕੇ ਵੀ ਮਿਲ ਜਾਂਦਾ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਕਈ ਬਰਾਮਦਕਾਰ ਅਤੇ ਟਰੇਡਰਜ਼ ਆਪਣਾ ਪ੍ਰੋਫਿਟ ਐਂਡ ਲਾਸ ਐਡਜਸਟ ਕਰਨ ਅਤੇ ਬੈਲੇਂਸ ਸ਼ੀਟ ਆਦਿ ਵਿਚ ਪ੍ਰਚੇਜ਼ ਦਿਖਾਉਣ ਲਈ ਅਜਿਹੇ ਜਾਅਲੀ ਬਿੱਲ ਖਰੀਦ ਤਾਂ ਲੈਂਦੇ ਹਨ, ਜਿਸ ਕਾਰਣ ਉਨ੍ਹਾਂ ਨੂੰ ਬਾਅਦ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਲੁਧਿਆਣਾ ਅਤੇ ਮੰਡੀ ਗੋਬਿੰਦਗੜ੍ਹ ਵਿਚੋਂ ਅਜਿਹੇ ਅਰਬਾਂ ਰੁਪਏ ਦੇ ਜਾਅਲੀ ਬਿੱਲਾਂ ਦਾ ਸਕੈਂਡਲ ਫੜਿਆ ਵੀ ਜਾ ਚੁੱਕਾ ਹੈ ਪਰ ਹਾਲ ਹੀ ਵਿਚ ਜਲੰਧਰ ਵਿਚ ਫੜਿਆ ਗਿਆ ਨਵਾਂ ਸਕੈਂਡਲ ਆਉਣ ਵਾਲੇ ਸਮੇਂ ਵਿਚ ਹੋਰ ਵੀ ਵਿਸ਼ਾਲ ਰੂਪ ਧਾਰਨ ਕਰ ਸਕਦਾ ਹੈ ਕਿਉਂਕਿ ਇਸ ਦੇ ਕਿੰਗਪਿਨ ਦੇ ਤਾਰ ਦੂਰ-ਦੂਰ ਤੱਕ ਜੁੜੇ ਹੋਏ ਹਨ।

ਇਹ ਵੀ ਪੜ੍ਹੋ : ਬਜਟ ਇਜਲਾਸ: ਸਰਕਾਰੀ ਸਕੂਲਾਂ ਤੇ ਕਾਲਜਾਂ ’ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਦਿੱਤੀ ਅਹਿਮ ਸੌਗਾਤ

ਨੋਟ: ਉਕਤ ਵਿਅਕਤੀ ਵੱਲੋਂ ਜਾਅਲੀ ਬਿੱਲਾਂ ਜ਼ਰੀਏ ਕੀਤੀ ਗਈ ਕਰੋੜਾਂ ਦੀ ਠੱਗੀ ਸਬੰਧੀ ਕੀ ਕਹੋਗੇ, ਕੁਮੈਂਟ ਕਰਕੇ ਦਿਓ ਜਵਾਬ

 


author

shivani attri

Content Editor

Related News