ਮਿਊਚੁਅਲ ਫੰਡ ਤੇ ਸਕਿਓਰਿਟੀ ਐਕਸਚੇਂਜ ਦੇ ਨਾਂ ''ਤੇ 2 ਕਰੋੜ ਦੀ ਠੱਗੀ

Monday, Jan 15, 2018 - 07:48 AM (IST)

ਪੰਚਕੂਲਾ  (ਚੰਦਨ) - ਪੰਚਕੂਲਾ ਪੁਲਸ ਨੇ ਮਿਊਚੁਅਲ ਫੰਡ ਤੇ ਸਕਿਓਰਿਟੀ ਐਕਸਚੇਂਜ ਦੇ ਨਾਂ 'ਤੇ ਚੰਡੀਗੜ੍ਹ ਦੇ ਸੈਕਟਰ-21, ਜ਼ੀਰਕਪੁਰ 'ਚ ਰਹਿਣ ਵਾਲੇ 12 ਲੋਕਾਂ ਤੇ ਆਈ. ਸੀ. ਆਈ. ਸੀ. ਆਈ. ਬੈਂਕ ਮਨੀਮਾਜਰਾ ਬ੍ਰਾਂਚ ਦੇ ਸਬੰਧਤ ਸਟਾਫ ਖਿਲਾਫ 2 ਕਰੋੜ ਰੁਪਏ ਦੀ ਧੋਖਾਦੇਹੀ ਦਾ ਕੇਸ ਦਰਜ ਕੀਤਾ ਹੈ। ਫਿਲਹਾਲ ਮੁਲਜ਼ਮ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ।  ਜਾਣਕਾਰੀ ਅਨੁਸਾਰ ਪੁਲਸ ਨੇ ਮਨਸਾ ਦੇਵੀ ਕੰਪਲੈਕਸ ਸੈਕਟਰ-5 ਦੇ ਰਹਿਣ ਵਾਲੇ ਅਨੁਰਾਗ ਜੈਨ ਦੀ ਸ਼ਿਕਾਇਤ 'ਤੇ ਅਰੁਣ ਸਲੂਜਾ, ਉਸਦੀ ਪਤਨੀ ਪ੍ਰੀਤੀ ਸਲੂਜਾ, ਚੰਡੀਗੜ੍ਹ ਸੈਕਟਰ-21 ਵਾਸੀ ਮੋਹਿੰਦਰ ਸਿੰਘ, ਉਸਦੀ ਪਤਨੀ ਸੁਦੇਸ਼ ਕੁਮਾਰੀ, ਅੰਕੁਸ਼ ਗਾਬਾ, ਉਸਦੀ ਪਤਨੀ ਸ਼ਿਵਾਨੀ ਗਾਬਾ, ਕਰਨਾਲ ਵਾਸੀ ਵਿਕਾਸ ਚੌਧਰੀ, ਜ਼ੀਰਕਪੁਰ ਵਾਸੀ ਅਸ਼ਵਨੀ ਖੁਰਾਣਾ, ਉਸਦੀ ਪਤਨੀ ਸ਼ਾਰਦਾ ਰਾਣੀ, ਉਨ੍ਹਾਂ ਦੇ ਬੇਟਿਆਂ ਅੰਸ਼ ਖੁਰਾਣਾ ਤੇ ਸਕਸ਼ਮ ਖੁਰਾਣਾ ਖਿਲਾਫ 2 ਕਰੋੜ ਰੁਪਏ ਦੀ ਧੋਖਾਦੇਹੀ, ਜਾਨੋਂ ਮਾਰਨ ਦੀ ਧਮਕੀ ਦੇਣ ਤੇ ਹੋਰਨਾਂ ਧਾਰਾਵਾਂ ਤਹਿਤ ਐੱਫ. ਆਈ. ਆਰ. ਦਰਜ ਕੀਤੀ ਹੈ।
ਬਜ਼ੁਰਗ ਜੋੜੇ ਨੂੰ ਗੱਲਾਂ 'ਚ ਉਲਝਾ ਲਿਆ
ਐੱਮ. ਡੀ. ਸੀ. ਸੈਕਟਰ-5 'ਚ ਰਹਿਣ ਵਾਲੇ ਅਨੁਰਾਗ ਜੈਨ ਨੇ ਸੀਨੀਅਰ ਪੁਲਸ ਅਫਸਰਾਂ ਨੂੰ ਦਿੱਤੀ ਲਿਖਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦਾ ਪਰਿਵਾਰ ਅਰੁਣ ਸਲੂਜਾ ਤੇ ਉਸਦੇ ਪਰਿਵਾਰ ਨੂੰ ਕਾਫੀ ਸਮੇਂ ਤੋਂ ਜਾਣਦਾ ਸੀ। ਉਸ ਸਮੇਂ ਅਰੁਣ ਸਲੂਜਾ ਮਨੀਮਾਜਰਾ ਸਥਿਤ ਆਈ. ਸੀ. ਆਈ. ਸੀ. ਆਈ. ਬੈਂਕ ਦੀ ਬ੍ਰਾਂਚ ਵਿਚ ਬਤੌਰ ਡਿਪਟੀ ਬ੍ਰਾਂਚ ਮੈਨੇਜਰ ਸੀ। 2009-2010 'ਚ ਸ਼ਿਕਾਇਤਕਰਤਾ ਦੀ ਮਾਂ ਅਨੀਤਾ ਜੈਨ ਮਨੀਮਾਜਰਾ ਸਥਿਤ ਆਈ. ਸੀ. ਆਈ. ਸੀ. ਆਈ. ਬੈਂਕ 'ਚ ਕੁਝ ਇੰਸ਼ੋਰੈਂਸ ਪਾਲਿਸੀ ਸਬੰਧੀ ਜਾਣਕਾਰੀ ਲੈਣ ਗਈ ਸੀ, ਜਿਥੇ ਦੋਸ਼ੀ ਅਰੁਣ ਕੁਮਾਰ ਸਲੂਜਾ ਬਤੌਰ ਖਜ਼ਾਨਚੀ ਤਾਇਨਾਤ ਸੀ।
ਅਰੁਣ ਸਲੂਜਾ ਨੇ ਅਨੀਤਾ ਜੈਨ ਨੂੰ ਵੱਖ-ਵੱਖ ਸਕੀਮਾਂ ਤੇ ਪਾਲਿਸੀਆਂ ਬਾਰੇ ਦੱਸਿਆ, ਜਿਸ ਤੋਂ ਕੁਝ ਦਿਨ ਬਾਅਦ ਦੋਸ਼ੀ ਅਰੁਣ ਕੁਮਾਰ ਸਲੂਜਾ ਉਸ ਦੇ ਘਰ ਪਹੁੰਚਿਆ, ਜਿਥੇ ਉਸਦੀ ਮੁਲਾਕਾਤ ਉਸ ਦੇ ਪਿਤਾ ਚੰਦਨ ਜੈਨ ਨਾਲ ਹੋਈ ਸੀ। ਦੋਸ਼ੀ ਨੇ ਉਸ ਦੇ ਬਜ਼ੁਰਗ ਮਾਪਿਆਂ ਨੂੰ ਆਪਣੀਆਂ ਗੱਲਾਂ 'ਚ ਉਲਝਾ ਲਿਆ ਤੇ ਕਿਹਾ ਕਿ ਉਹ ਮਿਊਚੁਅਲ ਫੰਡ ਤੇ ਸਕਿਓਰਿਟੀ ਐਕਸਚੇਂਜ ਲਈ ਘੱਟ ਸਮੇਂ 'ਚ ਪੈਸਾ ਡਬਲ ਕਰ ਸਕਦਾ ਹੈ।
2010 ਤੋਂ 2017 ਵਿਚਕਾਰ ਦੋਸ਼ੀਆਂ ਨੇ ਨਿਵੇਸ਼ ਦੇ ਨਾਂ 'ਤੇ ਠੱਗੇ ਪੈਸੇ
ਇਸ ਤੋਂ ਬਾਅਦ ਆਈ. ਸੀ. ਆਈ. ਸੀ. ਆਈ. ਬੈਂਕ 'ਚ ਹੀ ਕੰਮ ਕਰਨ ਵਾਲੀ ਪ੍ਰੀਤੀ ਸਲੂਜਾ ਦੇ ਨਾਲ ਅਰੁਣ ਨੇ ਵਿਆਹ ਕਰਵਾ ਲਿਆ ਤੇ ਵਿਆਹ ਤੋਂ ਬਾਅਦ ਉਨ੍ਹਾਂ ਦਾ ਭਰੋਸਾ ਜਿੱਤਣ ਲਈ ਆਪਣੀ ਪਤਨੀ ਨੂੰ ਵੀ ਉਨ੍ਹਾਂ ਦੇ ਘਰ ਲਿਆਉਂਦਾ ਰਹਿੰਦਾ ਸੀ। ਉਸ ਨੇ ਦੱਸਿਆ ਕਿ ਉਸਦੀ ਪਤਨੀ ਪ੍ਰੀਤੀ ਵੀ ਮਿਊਚੁਅਲ ਫੰਡ 'ਚ ਨਿਵੇਸ਼ ਕਰਨ ਦੀ ਐਕਸਪਰਟ ਹੈ। ਸ਼ਿਕਾਇਤਕਰਤਾ ਦੇ ਮਾਤਾ-ਪਿਤਾ ਨੇ ਇਕ ਰਿਹਾਇਸ਼ੀ ਪਲਾਟ ਵੇਚ ਕੇ ਦੋਸ਼ੀ ਅਰੁਣ ਕੁਮਾਰ ਸਲੂਜਾ ਤੇ ਉਸਦੀ ਪਤਨੀ ਪ੍ਰੀਤੀ ਨੂੰ 30 ਲੱਖ ਰੁਪਏ ਸੈਕਟਰ-25 ਦੇ ਰਹਿਣ ਵਾਲੇ ਰਾਜਾ ਰਾਮ ਦੇ ਸਾਹਮਣੇ ਦਿੱਤੇ ਸਨ। ਕੁਝ ਸਮੇਂ ਬਾਅਦ ਸ਼ਿਕਾਇਤਕਰਤਾ ਦੀ ਮਾਂ ਅਨੀਤਾ ਜੈਨ ਨੇ ਆਪਣੇ ਸੋਨੇ ਦੇ ਗਹਿਣੇ ਵੇਚ ਕੇ ਅਰੁਣ ਸਲੂਜਾ ਦੇ ਪਿਤਾ ਮੋਹਿੰਦਰ ਸਿੰਘ ਤੇ ਮਾਂ ਸੁਦੇਸ਼ ਕੁਮਾਰੀ, ਅਰਸ਼ ਖੁਰਾਣਾ, ਸਕਸ਼ਮ ਖੁਰਾਣਾ ਨੂੰ ਮਿਊਚੁਅਲ ਫੰਡ 'ਚ ਨਿਵੇਸ਼ ਕਰਨ ਲਈ ਦਿੱਤੇ ਸਨ। ਇਸ ਤੋਂ ਬਾਅਦ 10 ਲੱਖ ਰੁਪਏ ਅੰਕੁਸ਼ ਗਾਬਾ, ਵਿਕਾਸ ਚੌਧਰੀ, ਸ਼ਿਵਾਨੀ ਗਾਬਾ, ਅਸ਼ਵਨੀ ਖੁਰਾਣਾ ਤੇ ਸ਼ਾਰਦਾ ਰਾਣੀ ਨੂੰ ਵੀ ਨਿਵੇਸ਼ ਲਈ ਦਿੱਤੇ ਸਨ। 2017 'ਚ ਅਰੁਣ ਸਲੂਜਾ ਨੇ ਬੈਂਕ 'ਚ ਕੰਮ ਕਰਦੇ ਆਪਣੇ ਹੋਰ ਸਾਥੀਆਂ ਦੇ ਨਾਲ ਮਿਲ ਕੇ ਸ਼ਿਕਾਇਤਕਰਤਾ ਦੇ ਮਾਤਾ-ਪਿਤਾ ਦੇ ਚੈੱਕ 'ਤੇ ਫਰਜ਼ੀ ਦਸਤਖਤ ਕਰ ਕੇ ਲੱਖਾਂ ਰੁਪਏ ਗੈਰ-ਕਾਨੂੰਨੀ ਤਰੀਕੇ ਨਾਲ ਕਢਵਾ ਵੀ ਲਏ।
ਦੋਸ਼ੀ ਆਪਸ 'ਚ ਹਨ ਰਿਸ਼ਤੇਦਾਰ
ਪੁਲਸ ਦੀ ਐੱਫ. ਆਈ. ਆਰ. ਮੁਤਾਬਕ ਸਾਰੇ ਦੋਸ਼ੀ ਆਪਸ 'ਚ ਰਿਸ਼ਤੇਦਾਰ ਹਨ। ਮੁੱਖ ਦੋਸ਼ੀ ਅਰੁਣ ਕੁਮਾਰ ਸਲੂਜਾ ਹੈ।
ਪ੍ਰੀਤੀ ਸਲੂਜਾ ਉਸਦੀ ਪਤਨੀ, ਮੋਹਿੰਦਰ ਸਿੰਘ (ਪਿਤਾ), ਸੁਦੇਸ਼ ਕੁਮਾਰੀ (ਮਾਂ), ਵਿਕਾਸ ਚੌਧਰੀ (ਪ੍ਰੀਤੀ ਦਾ ਭਰਾ), ਸ਼ਿਵਾਨੀ ਗਾਬਾ (ਅਰੁਣ ਸਲੂਜਾ ਦੀ ਭੈਣ), ਅੰਕੁਸ਼ ਗਾਬਾ (ਸ਼ਿਵਾਨੀ ਦਾ ਪਤੀ), ਸ਼ਾਰਦਾ ਰਾਣੀ (ਅਰੁਣ ਦੀ ਮਾਸੀ), ਅਸ਼ਵਨੀ ਖੁਰਾਣਾ (ਅਰੁਣ ਦਾ ਮਾਸੜ), ਅਰਸ਼ ਖੁਰਾਣਾ ਤੇ ਸਕਸ਼ਮ ਖੁਰਾਣਾ (ਅਰੁਣ ਦੀ ਮਾਸੀ ਦੇ ਮੁੰਡੇ) ਹਨ।


Related News