ਆਨਲਾਈਨ ਕੰਮ ਦੇਣ ਦੇ ਨਾਂ ''ਤੇ ਔਰਤ ਨਾਲ ਲੱਖਾਂ ਦੀ ਠੱਗੀ
Monday, Sep 09, 2024 - 02:50 PM (IST)
ਚੰਡੀਗੜ੍ਹ (ਨਵਿੰਦਰ) : ਆਨਲਾਈਨ ਕੰਮ ਦਿਵਾਉਣ ਦੇ ਨਾਂ ’ਤੇ ਸੈਕਟਰ-47 ਦੀ ਰਹਿਣ ਵਾਲੀ ਔਰਤ ਨਾਲ 2 ਲੱਖ 35 ਹਜ਼ਾਰ ਰੁਪਏ ਦੀ ਠੱਗੀ ਹੋ ਗਈ। ਸ਼ਿਕਾਇਤਕਰਤਾ ਨੇ ਸੈਕਟਰ-31 ਥਾਣਾ ਪੁਲਸ ਨੂੰ ਠੱਗੀ ਦੀ ਸ਼ਿਕਾਇਤ ਦਿੱਤੀ। ਪੁਲਸ ਨੇ ਔਰਤ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਔਰਤ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਗੂਗਲ ਤੋਂ ਆਨਲਾਈਨ ਵਰਕ ਸਰਚ ਕਰ ਰਹੀ ਸੀ।
ਇਸ ਦੌਰਾਨ ਸ਼ਿਕਾਇਤਕਰਤਾ ਨੇ ਇੱਕ ਮੋਬਾਇਲ ਨੰਬਰ ’ਤੇ ਫੋਨ ਕੀਤਾ। ਫੋਨ ਕਰਨ ਵਾਲੇ ਅਣਪਛਾਤੇ ਵਿਅਕਤੀ ਨੇ ਸ਼ਿਕਾਇਤਕਰਤਾ ਨੂੰ ਭਰੋਸੇ ’ਚ ਲੈਂਦਿਆਂ ਕਿਹਾ ਕਿ ਉਹ ਪਹਿਲਾਂ ਵੀ ਕਈ ਬੇਰੁਜ਼ਗਾਰਾਂ ਨੂੰ ਆਨਲਾਈਨ ਕੰਮ ਮੁਹੱਈਆ ਕਰਵਾ ਚੁੱਕੇ ਹਨ। ਉਕਤ ਅਣਪਛਾਤੇ ਵਿਅਕਤੀ ਨੇ ਸ਼ਿਕਾਇਤਕਰਤਾ ਤੋਂ 2 ਲੱਖ 35 ਹਜ਼ਾਰ ਰੁਪਏ ਮੰਗੇ, ਜੋ ਉਸ ਨੇ ਉਕਤ ਵਿਅਕਤੀ ਦੇ ਖ਼ਾਤੇ ’ਚ ਟਰਾਂਸਫਰ ਕਰ ਦਿੱਤੇ। ਕੁੱਝ ਦਿਨ ਬਾਅਦ ਜਦੋਂ ਸ਼ਿਕਾਇਤਕਰਤਾ ਨੇ ਮੁੜ ਉਸੇ ਨੰਬਰ ’ਤੇ ਫੋਨ ਕੀਤਾ ਤਾਂ ਮੋਬਾਇਲ ਨੰਬਰ ਬੰਦ ਆਉਣ ਲੱਗਾ। ਇਸ ਤੋਂ ਬਾਅਦ ਔਰਤ ਨੇ ਸਥਾਨਕ ਪੁਲਸ ਨੂੰ ਮਾਮਲੇ ਦੀ ਸ਼ਿਕਾਇਤ ਦਿੱਤੀ।