ਵਿਦੇਸ਼ ਭੇਜਣ ਦੇ ਨਾਂ ’ਤੇ 10 ਲੋਕਾਂ ਨਾਲ ਲੱਖਾਂ ਦੀ ਠੱਗੀ
Monday, Sep 09, 2024 - 10:50 AM (IST)
ਚੰਡੀਗੜ੍ਹ (ਨਵਿੰਦਰ) : ਸਾਹਿਲ ਪ੍ਰੀਤ ਸਿੰਘ ਵਾਸੀ ਪਿੰਡ ਪਾਡਲੂ, ਸ਼ਾਹਬਾਦ ਮਾਰਕੰਡਾ, ਜ਼ਿਲ੍ਹਾ ਕੁਰੂਕਸ਼ੇਤਰ, ਹਰਿਆਣਾ ਦੀ ਸ਼ਿਕਾਇਤ ''ਤੇ ਵਰਲਡ ਵੀਜ਼ਾ ਐਡਵਾਈਜ਼ਰ, ਸੈਕਟਰ-17 ਡੀ ਦੇ ਮਾਲਕ ਖੁਸ਼ਪਾਲ ਸਿੰਘ ਤੇ ਹੋਰਾਂ ਖ਼ਿਲਾਫ਼ ਥਾਣਾ-17 ਚੰਡੀਗੜ੍ਹ ਵਿਖੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਸਾਹਿਲ ਪ੍ਰੀਤ ਸਿੰਘ ਨੇ ਸ਼ਿਕਾਇਤ ’ਚ ਕਿਹਾ ਕਿ ਖੁਸ਼ਪਾਲ ਸਿੰਘ ਤੇ ਉਸ ਦੇ ਸਾਥੀਆਂ ਨੇ ਉਸ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਵੱਡੀ ਰਕਮ ਠੱਗੀ ਹੈ।
ਖੁਸ਼ਪਾਲ ਸਿੰਘ ਨੇ ਕੁਰੂਕਸ਼ੇਤਰ ਹਰਿਆਣਾ ਦੇ ਕਈ ਲੋਕਾਂ ਨਾਲ ਕਰੀਬ 98,75,934 ਰੁਪਏ ਦੀ ਠੱਗੀ ਮਾਰੀ ਹੈ। ਇਮੀਗ੍ਰੇਸ਼ਨ ਟੀਮ ਨੇ ਲੋਕਾਂ ਨੂੰ ਵਿਦੇਸ਼ 'ਚ ਨੌਕਰੀਆਂ ਦੇ ਚੰਗੇ ਮੌਕਿਆਂ ਦਾ ਲਾਲਚ ਦੇ ਕੇ ਫਸਾਇਆ। ਸ਼ਿਕਾਇਤਕਰਤਾ ਅਨੁਸਾਰ ਵੀਜ਼ਾ ਤੇ ਹੋਰ ਦਸਤਾਵੇਜ਼ਾਂ ਦੇ ਨਾਂ 'ਤੇ ਉਸ ਤੋਂ ਵੀ ਮੋਟੀ ਰਕਮ ਵਸੂਲੀ ਗਈ, ਪਰ ਵੀਜ਼ਾ ਨਹੀਂ ਲਗਵਾ ਕੇ ਦਿੱਤਾ। ਚੰਡੀਗੜ੍ਹ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਧੋਖਾਧੜੀ ਦੇ ਹੋਰ ਪੀੜਤਾਂ ਦਾ ਵੀ ਪਤਾ ਲਾਇਆ ਜਾ ਰਿਹਾ ਹੈ, ਤਾਂ ਜੋ ਮਾਮਲੇ ਦੀ ਸੱਚਾਈ ਸਾਹਮਣੇ ਆ ਸਕੇ। ਪੁਲਸ ਅਨੁਸਾਰ ਕਰੀਬ 10 ਲੋਕਾਂ ਨਾਲ ਵਰਲਡ ਵੀਜ਼ਾ ਐੱਡਵਾਈਜ਼ਰਜ਼ ਸੈਕਟਰ 17 ਡੀ ਵੱਲੋਂ ਠੱਗੀ ਮਾਰੀ ਗਈ ਹੈ।