ਰੇਲਵੇ ’ਚ ਨੌਕਰੀ ਦਿਵਾਉਣ ਦੇ ਨਾਂ ’ਤੇ ਹੋਮਗਾਰਡ ਜਵਾਨ ਨੇ 2 ਲੱਖ ਠੱਗੇ
Friday, May 17, 2024 - 12:35 PM (IST)
ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ ਪੁਲਸ ਦੇ ਏ. ਐੱਸ. ਆਈ. ਦੇ ਸਾਲੇ ਨੂੰ ਰੇਲਵੇ ਵਿਭਾਗ ’ਚ ਕਾਂਸਟੇਬਲ ਵਜੋਂ ਭਰਤੀ ਕਰਵਾਉਣ ਦੇ ਨਾਂ ’ਤੇ ਇਕ ਹੋਮ ਗਾਰਡ ਜਵਾਨ ਨੇ ਉਸ ਤੋਂ 2 ਲੱਖ ਰੁਪਏ ਦੀ ਠੱਗੀ ਮਾਰ ਲਈ। ਹਰਿਆਣਾ ਦੇ ਮਹਿੰਦਰਗੜ੍ਹ ਨਿਵਾਸੀ ਅਨਿਲ ਕੁਮਾਰ ਨੇ ਸ਼ਿਕਾਇਤ ਪੁਲਸ ਨੂੰ ਦਿੱਤੀ। ਸੈਕਟਰ-3 ਥਾਣਾ ਪੁਲਸ ਨੇ ਹੋਮ ਗਾਰਡ ਜਵਾਨ ਕਮਲਦੀਪ ਖ਼ਿਲਾਫ਼ ਧੋਖਾਧੜੀ ਤੇ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਅਨਿਲ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ 2019 ’ਚ ਸੁਖਨਾ ਲੇਕ ਚੌਂਕੀ ਵਿਚ ਤਾਇਨਾਤ ਆਪਣੇ ਜੀਜਾ, ਜੋ ਏ. ਐੱਸ. ਆਈ. ਹੈ, ਨਾਲ ਮਿਲਣ ਗਿਆ ਸੀ। ਉਸ ਦੀ ਮੁਲਾਕਾਤ ਚੌਂਕੀ ਵਿਚ ਤਾਇਨਾਤ ਹੋਮਗਾਰਡ ਮੁਲਾਜ਼ਮ ਕਮਲਦੀਪ ਨਾਲ ਹੋਈ ਅਤੇ ਨੌਕਰੀ ਦੀ ਭਾਲ ਨੂੰ ਲੈ ਕੇ ਗੱਲਬਾਤ ਹੋਈ ਸੀ। ਕਮਲਦੀਪ ਨੇ ਕਿਹਾ ਕਿ ਰੇਲਵੇ ਬੋਰਡ ਵਿਚ ਅਧਿਕਾਰੀਆਂ ਨਾਲ ਜਾਣ-ਪਛਾਣ ਹੈ ਅਤੇ ਉਹ ਕਾਂਸਟੇਬਲ ਭਰਤੀ ਕਰਵਾ ਸਕਦਾ ਹੈ।
ਇਸ ਦੇ ਲਈ 7 ਲੱਖ ਰੁਪਏ ਮੰਗੇ, ਪਰ ਸਾਢੇ ਚਾਰ ਲੱਖ ਰੁਪਏ ਵਿਚ ਗੱਲ ਤੈਅ ਹੋਈ। ਅਨਿਲ ਨੇ 5 ਫਰਵਰੀ, 2019 ਨੂੰ ਸੁਖਨਾ ਲੇਕ ਚੌਂਕੀ ਵਿਚ ਜਾ ਕੇ ਹੋਮਗਾਰਡ ਮੁਲਾਜ਼ਮ ਕਮਲਦੀਪ ਨੂੰ 2 ਲੱਖ ਰੁਪਏ ਦੇ ਦਿੱਤੇ। ਬਾਕੀ ਢਾਈ ਲੱਖ ਜੁਆਇਨਿੰਗ ਲੈਟਰ ਤੋਂ ਬਾਅਦ ਦੇਣ ਦੀ ਗੱਲ ਕਹੀ। ਕਮਲਦੀਪ ਨੇ ਸ਼ਿਕਾਇਤਕਰਤਾ ਅਨਿਲ ਦਾ ਫਾਰਮ ਭਰਵਾਇਆ, ਪਰ ਨੌਕਰੀ ਨਹੀਂ ਲਗਵਾਇਆ। ਪਰੇਸ਼ਾਨ ਹੋ ਕੇ ਅਨਿਲ ਨੇ ਸ਼ਿਕਾਇਤ ਪੁਲਸ ਨੂੰ ਦਿੱਤੀ। ਸੈਕਟਰ-3 ਥਾਣਾ ਪੁਲਸ ਨੇ ਮਾਮਲੇ ਦੀ ਜਾਂਚ ਕਰ ਕੇ ਹੋਮਗਾਰਡ ਕਮਲਦੀਪ ’ਤੇ ਮਾਮਲਾ ਦਰਜ ਕਰ ਲਿਆ। ਪੁਲਸ ਮੁਲਜ਼ਮ ਦੀ ਭਾਲ ਕਰ ਰਹੀ ਹੈ।