ਕੁੜੀ ਦੀ ਦੋਸਤੀ ਨੇ ਕਰਵਾ ਛੱਡੀ ਤੌਬਾ-ਤੌਬਾ, ਅਜਿਹੇ ਚੱਕਰਾਂ 'ਚ ਪਾਇਆ ਕਿ ਹੁਣ ਵੇਲੇ ਨੂੰ ਪਛਤਾ ਰਿਹੈ ਸਾਬਕਾ ਫ਼ੌਜੀ

Saturday, Feb 25, 2023 - 04:28 PM (IST)

ਕੁੜੀ ਦੀ ਦੋਸਤੀ ਨੇ ਕਰਵਾ ਛੱਡੀ ਤੌਬਾ-ਤੌਬਾ, ਅਜਿਹੇ ਚੱਕਰਾਂ 'ਚ ਪਾਇਆ ਕਿ ਹੁਣ ਵੇਲੇ ਨੂੰ ਪਛਤਾ ਰਿਹੈ ਸਾਬਕਾ ਫ਼ੌਜੀ

ਮਾਛੀਵਾੜਾ ਸਾਹਿਬ/ਖੰਨਾ (ਟੱਕਰ, ਵਿਪਨ) : ਮਾਛੀਵਾੜਾ ਦੇ ਹੀ ਨਿਵਾਸੀ ਸਾਬਕਾ ਫ਼ੌਜੀ ਨਵਦੀਪ ਸਿੰਘ ਨੂੰ ਇੱਕ ਕੁੜੀ ਨਾਲ ਦੋਸਤੀ ਕਰਨੀ ਮਹਿੰਗੀ ਪੈ ਗਈ। ਉਕਤ ਕੁੜੀ ਨੇ ਸਾਬਕਾ ਫ਼ੌਜੀ ਦੀ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰ 1.68 ਲੱਖ ਰੁਪਏ ਠੱਗੇ ਅਤੇ 5 ਲੱਖ ਰੁਪਏ ਦੀ ਹੋਰ ਮੰਗ ਕਰਨ ਲੱਗੀ। ਇਸ 'ਤੇ ਮਾਛੀਵਾੜਾ ਪੁਲਸ ਨੇ ਪਤਨੀ ਕਿਰਨਦੀਪ ਕੌਰ ਉਰਫ਼ ਸਵੇਤਾ ਸੈਣੀ ਤੇ ਉਸਦੇ ਪਤੀ ਮਨਦੀਪ ਸਿੰਘ ਵਾਸੀ ਜੋਗਿੰਦਰ ਨਗਰ (ਫਗਵਾੜਾ) ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸਾਬਕਾ ਫ਼ੌਜੀ ਨਵਦੀਪ ਸਿੰਘ ਨੇ ਮਾਛੀਵਾੜਾ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਨੇ ਅਖ਼ਬਾਰਾਂ 'ਚ ਦੋਸਤੀ ਲਈ ਇਸ਼ਤਿਹਾਰ ਦਿੱਤਾ ਸੀ, ਜਿਸ ’ਤੇ ਉਸ ਨੂੰ ਇੱਕ ਸਵੇਤਾ ਸੈਣੀ ਨਾਮ ਦੀ ਕੁੜੀ ਦਾ ਫੋਨ ਆਇਆ, ਜਿਸ ਨੇ ਆਪਣੀ ਉਮਰ 23 ਸਾਲ ਦੱਸਦਿਆਂ ਕਿਹਾ ਕਿ ਉਹ ਬਿਊਟੀਸ਼ੀਅਨ ਦਾ ਕੋਰਸ ਲੁਧਿਆਣਾ ਵਿਖੇ ਕਰਦੀ ਹੈ ਅਤੇ ਪਟਿਆਲਾ ਦੀ ਰਹਿਣ ਵਾਲੀ ਹੈ। ਕੁੜੀ ਨੇ ਕਿਹਾ ਕਿ ਉਹ ਉਸ ਨਾਲ ਦੋਸਤੀ ਕਰਨਾ ਚਾਹੁੰਦੀ ਹੈ, ਜਿਸ ’ਤੇ ਸਾਬਕਾ ਫ਼ੌਜੀ ਨੂੰ ਮਿਲਣ ਲਈ ਉਹ ਮਾਛੀਵਾੜਾ ਆਈ। ਉਨ੍ਹਾਂ ਨੇ ਇਕ ਹੋਟਲ 'ਚ ਬੈਠ ਕੇ ਮੁਲਾਕਾਤ ਕੀਤੀ। ਬਿਆਨਕਰਤਾ ਅਨੁਸਾਰ ਸਵੇਤਾ ਸੈਣੀ ਨੇ ਕਿਹਾ ਕਿ ਉਸ ਨੂੰ 5 ਹਜ਼ਾਰ ਰੁਪਏ ਉਧਾਰ ਦੀ ਲੋੜ ਹੈ, ਜੋ ਕਿ ਜਲਦ ਵਾਪਸ ਕਰ ਦੇਵੇਗੀ ਅਤੇ ਸਾਬਕਾ ਫ਼ੌਜੀ ਨੇ ਵਿਸ਼ਵਾਸ ਕਰਦੇ ਹੋਏ ਉਸ ਨੂੰ ਇਹ ਪੈਸੇ ਦੇ ਦਿੱਤੇ।

ਇਹ ਵੀ ਪੜ੍ਹੋ : ਜੇਕਰ ਤੁਹਾਡਾ ਵੀ ਆਧਾਰ ਕਾਰਡ 10 ਸਾਲ ਪਹਿਲਾਂ ਬਣਿਆ ਹੈ ਤਾਂ ਕਰਵਾ ਲਓ ਅਪਡੇਟ ਨਹੀਂ ਤਾਂ...

PunjabKesari

ਕੁੱਝ ਦਿਨ ਬਾਅਦ ਸਵੇਤਾ ਸੈਣੀ ਦਾ ਫੋਨ ਆਇਆ ਕਿ ਉਹ ਗੁਰਾਇਆਂ ਵਿਖੇ ਮਿਲਣਾ ਚਾਹੁੰਦੀ ਹੈ ਅਤੇ ਉਹ ਉਸ ਨੂੰ ਨਾਲ ਲੈ ਕੇ ਲੁਧਿਆਣਾ ਚਲਾ ਗਿਆ, ਜਿੱਥੇ ਕੁੜੀ ਨੂੰ ਕੁੱਝ ਖ਼ਰੀਦਦਾਰੀ ਤੋਂ ਇਲਾਵਾ ਕਰਿਆਨੇ ਦਾ ਸਾਮਾਨ ਵੀ ਲੈ ਕੇ ਦਿੱਤਾ। ਬਿਆਨਕਰਤਾ ਅਨੁਸਾਰ ਇਸ ਤਰ੍ਹਾਂ ਉਨ੍ਹਾਂ ਦੀਆਂ ਕੁੱਝ ਮੁਲਾਕਾਤਾਂ ਹੋਈਆਂ ਅਤੇ ਸਵੇਤਾ ਉਸ ਤੋਂ ਕੁੱਝ ਖ਼ਰੀਦਦਾਰੀ ਤੇ ਉਧਾਰ ਪੈਸੇ ਵੀ ਲੈਂਦੀ ਰਹੀ। ਲੰਘੀ 20 ਫਰਵਰੀ ਨੂੰ ਸਵੇਤਾ ਸੈਣੀ ਦਾ ਫੋਨ ਆਇਆ ਕਿ ਉਹ ਮਿਲਣਾ ਚਾਹੁੰਦੀ ਹੈ, ਜਿਸ ’ਤੇ ਉਹ ਉਸ ਨੂੰ ਫਗਵਾੜੇ ਮਿਲਿਆ ਅਤੇ ਉਹ ਨੇੜੇ ਹੀ ਉਸ ਨੂੰ ਇੱਕ ਪਿੰਡ ਸਹੇਲੀ ਦੇ ਘਰ ਜਾਣ ਦਾ ਕਹਿ ਕੇ ਲੈ ਗਈ। ਬਿਆਨਕਰਤਾ ਅਨੁਸਾਰ ਘਰ 'ਚ ਕੋਈ ਨਹੀਂ ਸੀ, ਜਿੱਥੇ ਸਵੇਤਾ ਸੈਣੀ ਨੇ ਉਸ ਨੂੰ ਕੋਲਡ ਡਰਿੰਕ ਪੀਣ ਲਈ ਦਿੱਤਾ। ਇਸ ਤੋਂ ਬਾਅਦ ਉਹ ਨੀਮ ਬੇਹੋਸ਼ੀ ਦੀ ਹਾਲਤ 'ਚ ਹੋ ਗਿਆ। ਬਿਆਨਕਰਤਾ ਅਨੁਸਾਰ ਇਸ ਦੌਰਾਨ ਇੱਕ ਨੌਜਵਾਨ ਆਇਆ, ਜਿਸ ਨੇ ਉਸਦੀ ਕੁੱਟਮਾਰ ਕੀਤੀ ਅਤੇ ਹੋਸ਼ 'ਚ ਲਿਆ ਕੇ ਉਸ ਦੇ ਕੱਪੜੇ ਉਤਾਰ ਕੇ ਅਸ਼ਲੀਲ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਹੁਣ ਨਹੀਂ ਦਿਖਣਗੇ ਟੁੱਟੇ ਫਰਸ਼ ਤੇ ਬਾਥਰੂਮ, ਮੰਗੀ ਗਈ ਰਿਪੋਰਟ

ਉਕਤ ਕੁੜੀ ਨੇ ਸਾਬਕਾ ਫ਼ੌਜੀ ਦੇ ਸਾਰੇ ਹੀ ਦਸਤਾਵੇਜ਼, ਏ. ਟੀ. ਐੱਮ. ਕਾਰਡ, ਪਰਸ, ਕ੍ਰੈਡਿਟ ਕਾਰਡ, ਜੌਬ ਕਾਰਡ, ਮੋਬਾਇਲ ਤੇ ਨਕਦੀ ਖੋਹ ਲਏ। ਬਿਆਨਕਰਤਾ ਨਵਦੀਪ ਸਿੰਘ ਅਨੁਸਾਰ ਕੁੜੀ ਤੇ ਮੁੰਡੇ ਦੋਹਾਂ ਨੇ ਰਲ ਕੇ ਉਸ ਦੀ ਕੁੱਟਮਾਰ ਕੀਤੀ, 15 ਹਜ਼ਾਰ ਰੁਪਏ ਨਕਦੀ ਖੋਹ ਲਈ ਅਤੇ ਫਿਰ ਧੱਕੇ ਨਾਲ ਕਾਰ 'ਚ ਬਿਠਾ ਕੇ ਉਸ ਦੇ ਏ. ਟੀ. ਐੱਮ. ਕਾਰਡ ’ਚੋਂ 20 ਹਜ਼ਾਰ ਵੀ ਕੱਢਵਾ ਲਏ। ਹੋਰ ਤਾਂ ਹੋਰ ਏ. ਟੀ. ਐੱਮ. ਕਾਰਡ ਤੋਂ ਗੂਗਲ ਪੇਅ ਰਾਹੀਂ 14 ਹਜ਼ਾਰ, 49 ਹਜ਼ਾਰ ਅਤੇ 30 ਹਜ਼ਾਰ ਰੁਪਏ ਵੱਖ-ਵੱਖ ਤਰੀਕਿਆਂ ਨਾਲ ਕੱਢਵਾ ਲਏ। ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਸਵੇਤਾ ਸੈਣੀ ਨਾਲ ਮੌਜੂਦ ਮੁੰਡਾ ਮਨਦੀਪ ਸਿੰਘ ਉਸ ਨੂੰ ਕਾਰ ਰਾਹੀਂ ਘਰ ਛੱਡ ਗਿਆ। ਉਸ ਤੋਂ ਬਾਅਦ ਦੋਵਾਂ ਨੇ ਮੈਨੂੰ ਫੋਨ ਕਰਕੇ ਬੁਲਾਇਆ ਅਤੇ 5 ਲੱਖ ਰੁਪਏ ਦੀ ਹੋਰ ਮੰਗ ਕਰਦਿਆਂ ਕਿਹਾ ਕਿ ਜੇਕਰ ਉਹ ਪੈਸੇ ਨਹੀਂ ਦੇਵੇਗਾ ਤਾਂ ਉਹ ਉਸ ਦੀ ਬਣਾਈ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦੇਣਗੇ। ਬਿਆਨਕਰਤਾ ਨਵਦੀਪ ਸਿੰਘ ਅਨੁਸਾਰ ਸਵੇਤਾ ਸੈਣੀ ਤੇ ਮਨਦੀਪ ਸਿੰਘ ਨੇ ਹਮ-ਮਸ਼ਵਰਾ ਹੋ ਕੇ ਉਸ ਦੀ ਧੋਖੇ ਨਾਲ ਵੀਡੀਓ ਬਣਾ ਕੇ 1.68 ਲੱਖ ਰੁਪਏ ਵਸੂਲ ਲਏ ਅਤੇ ਹੁਣ 5 ਲੱਖ ਰੁਪਏ ਹੋਰ ਮੰਗ ਕੇ ਬਲੈਕਮੇਲ ਕਰ ਰਹੇ ਹਨ। ਮਾਛੀਵਾੜਾ ਪੁਲਸ ਵਲੋਂ ਨਵਦੀਪ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਧੋਖਾਧੜੀ ਕਰਨ ਦੇ ਕਥਿਤ ਦੋਸ਼ ਹੇਠ ਕਿਰਨਦੀਪ ਕੌਰ ਉਰਫ਼ ਸਵੇਤਾ ਸੈਣੀ ਅਤੇ ਉਸਦੇ ਪਤੀ ਮਨਦੀਪ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਦੋਵਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।  
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News