ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਮਾਰੀ 15 ਲੱਖ ਦੀ ਠੱਗੀ, ਪਿਓ-ਪੁੱਤਰ ਖ਼ਿਲਾਫ਼ ਮਾਮਲਾ ਦਰਜ

11/24/2021 10:41:08 AM

ਮੋਗਾ (ਅਜ਼ਾਦ) : ਪਰਵਾਨਾ ਨਗਰ ਮੋਗਾ ਨਿਵਾਸੀ ਪੰਕਜ ਕੁਮਾਰ ਨੂੰ ਪਰਿਵਾਰ ਸਮੇਤ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਪਿਉ-ਪੁੱਤਰ ਵੱਲੋਂ ਕਥਿਤ ਮਿਲੀ-ਭੁਗਤ ਕਰ ਕੇ 15 ਲੱਖ ਰੁਪਏ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੋਗਾ ਪੁਲਸ ਨੇ ਜਾਂਚ ਦੇ ਬਾਅਦ ਕਥਿਤ ਦੋਸ਼ੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਪੰਕਜ ਕੁਮਾਰ ਨੇ ਕਿਹਾ ਕਿ ਉਹ ਵਿਦੇਸ਼ ਜਾਣ ਦਾ ਚਾਹਵਾਨ ਸੀ ਅਤੇ ਉਹ ਆਪਣੇ ਭਰਾ ਦੀ ਦਾਣਾ ਮੰਡੀ ਸਥਿਤ ਕੀਟਨਾਸ਼ਕ ਦਵਾਈਆਂ ਦੀ ਦੁਕਾਨ ’ਤੇ ਕੰਮ ਕਰਦਾ ਹੈ। ਉੱਥੇ ਕਥਿਤ ਦੋਸ਼ੀ ਕੁਲਦੀਪ ਸਿੰਘ, ਉਸ ਦੇ ਭਰਾ ਸੰਜੇ ਮੰਗਲਾ ਦੀ ਦੁਕਾਨ ’ਤੇ ਕੀਟਨਾਸ਼ਕ ਦਵਾਈਆਂ ਲੈਣ ਆਉਂਦਾ-ਜਾਂਦਾ ਰਹਿੰਦਾ ਸੀ।

ਜਿਸ ’ਤੇ ਮੈਂ ਆਪਣੇ ਭਰਾ ਦੇ ਸਾਹਮਣੇ ਹੀ ਵਿਦੇਸ਼ ਜਾਣ ਲਈ ਬੀਤੀ ਨਵੰਬਰ 2020 ਵਿਚ ਉਸ ਨਾਲ ਗੱਲਬਾਤ ਕੀਤੀ, ਤਾਂ ਉਸ ਨੇ ਕਿਹਾ ਕਿ ਉਸ ਦਾ ਪਿਤਾ ਅਜਮੇਰ ਸਿੰਘ ਅਮਰੀਕਾ ਵਿਚ ਰਹਿੰਦਾ ਹੈ ਅਤੇ ਉਹ ਕਈ ਲੋਕਾਂ ਨੂੰ ਅਮਰੀਕਾ ਭੇਜ ਚੁੱਕਾ ਹੈ। ਜੇਕਰ ਤੂੰ ਪਰਿਵਾਰ ਸਮੇਤ ਅਮਰੀਕਾ ਜਾਣਾ ਹੈ, ਤਾਂ 50 ਲੱਖ ਰੁਪਏ ਖ਼ਰਚਾ ਆਵੇਗਾ ਪਰ ਤੁਹਾਡੇ ਨਾਲ ਸਾਡੇ ਘਰੇਲੂ ਸਬੰਧ ਹਨ, ਤੁਹਾਡਾ 20 ਲੱਖ ਰੁਪਏ ਖ਼ਰਚਾ ਆਵੇਗਾ। ਉਸਨੇ ਆਪਣੇ ਪਿਤਾ ਅਜਮੇਰ ਸਿੰਘ ਨਾਲ ਵੀ ਮੇਰੀ ਗੱਲਬਾਤ ਕਰਵਾਈ, ਜਿਸ ਨੇ ਕਿਹਾ ਕਿ ਉਹ ਜਲਦ ਹੀ ਉਸ ਨੂੰ ਪਰਿਵਾਰ ਸਮੇਤ ਅਮਰੀਕਾ ਬੁਲਾ ਲਵੇਗਾ, ਤੁਸੀਂ ਪੈਸਿਆਂ ਦਾ ਪ੍ਰਬੰਧ ਕਰੋ। ਜਿਸ ’ਤੇ ਮੈਂ ਹੌਲੀ-ਹੌਲੀ ਕਰ ਕੇ ਕੁਲਦੀਪ ਸਿੰਘ ਨੂੰ 15 ਲੱਖ ਰੁਪਏ ਦੇ ਦਿੱਤੇ ਅਤੇ ਇਸ ਦੇ ਨਾਲ ਹੀ ਮੈਂ ਆਪਣਾ ਪਾਸਪੋਰਟ ਅਤੇ ਹੋਰ ਦਸਤਾਵੇਜ਼ ਉਸ ਨੂੰ ਦੇ ਦਿੱਤੇ। ਇਸ ਮੌਕੇ ਨਗਰ ਕੌਂਸਲਰ ਅਤੇ ਕੁੱਝ ਮੋਹਤਬਰ ਵਿਅਕਤੀ ਵੀ ਮੌਜੂਦ ਸਨ।

ਕੁਲਦੀਪ ਸਿੰਘ ਅਤੇ ਉਸਦੇ ਪਿਤਾ ਨੇ ਕਿਹਾ ਕਿ ਜਲਦੀ ਹੀ ਤੁਹਾਡੀ ਫਾਈਲ ਅੰਬੈਂਸੀ ਵਿਚ ਲਾ ਦਿੱਤੀ ਜਾਵੇਗੀ। ਤੁਸੀਂ 5 ਲੱਖ ਰੁਪਏ ਦਾ ਪ੍ਰਬੰਧ ਕਰੋ, ਕਿਉਂਕਿ ਕੋਰੋਨਾ ਕਾਰਣ ਫਾਈਲ ਨਹੀਂ ਲੱਗ ਰਹੀ। ਬਾਅਦ ਵਿਚ ਉਹ ਟਾਲ-ਮਟੋਲ ਕਰਨ ਲੱਗੇ ਅਤੇ ਮੈਨੂੰ ਸ਼ੱਕ ਹੋਇਆ ਤਾਂ ਮੈਂ ਕੁੱਝ ਮੋਹਤਬਰ ਵਿਅਕਤੀਆਂ ਨੂੰ ਨਾਲ ਲੈ ਕੇ ਉਨ੍ਹਾਂ ਦੇ ਘਰ ਗਿਆ ਅਤੇ ਕੁਲਦੀਪ ਸਿੰਘ ਨੂੰ ਕਿਹਾ ਕਿ ਜੇਕਰ ਉਹ ਉਸ ਨੂੰ ਪਰਿਵਾਰ ਸਮੇਤ ਅਮਰੀਕਾ ਨਹੀਂ ਭੇਜ ਸਕਦਾ, ਤਾਂ ਉਸਦੇ ਪੈਸੇ ਵਾਪਸ ਦੇ ਦਿਉ। ਜਿਸ ’ਤੇ ਮੈਨੂੰ ਕੁਲਦੀਪ ਸਿੰਘ ਨੇ 25 ਸਤੰਬਰ 2021 ਨੂੰ ਐੱਚ. ਡੀ. ਐੱਫ. ਸੀ. ਬੈਂਕ ਦਾ 15 ਲੱਖ ਦਾ ਚੈੱਕ ਦੇ ਦਿੱਤਾ। ਜਦ ਮੈਂ ਉਕਤ ਚੈੱਕ ਨੂੰ ਬੈਂਕ ਵਿਚ ਭੇਜਿਆ ਤਾਂ ਖ਼ਾਤੇ ਵਿਚ ਪੈਸੇ ਨਾ ਹੋਣ ਕਾਰਣ ਚੈੱਕ ਬਾਊਂਸ ਹੋ ਗਿਆ। ਜਦ ਅਸੀਂ ਫਿਰ ਉਸ ਨਾਲ ਗੱਲਬਾਤ ਕੀਤੀ ਕਿ ਤੁਹਾਡੇ ਵੱਲੋਂ ਦਿੱਤਾ ਚੈੱਕ ਪਾਸ ਨਹੀਂ ਹੋਇਆ ਤਾਂ ਉਸਨੇ ਅਮਰੀਕਾ ਆਪਣੇ ਪਿਤਾ ਅਜਮੇਰ ਸਿੰਘ ਨਾਲ ਗੱਲ ਕਰਵਾਈ, ਤਾਂ ਉਸਨੇ ਕਿਹਾ ਕਿ ਅਸੀਂ ਪੈਸੇ ਵਾਪਸ ਨਹੀਂ ਕਰਨੇ ਅਤੇ ਤੁਹਾਡੇ ਨਾਲ ਠੱਗੀ ਕੀਤੀ ਹੈ ਅਤੇ ਪੈਸੇ ਦੇਣ ਤੋਂ ਸਾਫ ਇਨਕਾਰ ਦਿੱਤਾ।

ਇਸ ਤਰ੍ਹਾਂ ਕਥਿਤ ਦੋਸ਼ੀ ਪਿਉ-ਪੁੱਤਰ ਨੇ ਮੇਰੇ ਨਾਲ 15 ਲੱਖ ਰੁਪਏ ਦੀ ਧੋਖਾਦੇਹੀ ਕੀਤੀ ਹੈ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਪੁਲਸ ਮੁਖੀ ਨੇ ਇਸ ਦੀ ਜਾਂਚ ਡੀ. ਐੱਸ. ਪੀ. (ਐੱਸ) ਮੋਗਾ ਨੂੰ ਕਰਨ ਦਾ ਹੁਕਮ ਦਿੱਤਾ। ਜਾਂਚ ਅਧਿਕਾਰੀ ਨੇ ਕਿਹਾ ਕਿ ਦੋਹਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਅਤੇ ਜਾਂਚ ਦੇ ਬਾਅਦ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਥਾਣਾ ਸਿਟੀ ਮੋਗਾ ਵਿਚ ਅਜਮੇਰ ਸਿੰਘ ਅਤੇ ਉਸ ਦੇ ਬੇਟੇ ਕੁਲਦੀਪ ਸਿੰਘ ਦੇ ਖ਼ਿਲਾਫ਼ ਧੋਖਾਦੇਹੀ ਅਤੇ ਹੋਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਜਾਂਚ ਅਧਿਕਾਰੀ ਨੇ ਕਿਹਾ ਕਿ ਜੇਕਰ ਉਕਤ ਮਾਮਲੇ ਵਿਚ ਕੋਈ ਹੋਰ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਵੀ ਉਕਤ ਮਾਮਲੇ ਵਿਚ ਨਾਮਜ਼ਦ ਕੀਤਾ ਜਾਵੇਗਾ। ਇਸ ਮਾਮਲੇ ਦੀ ਅਗਲੇਰੀ ਜਾਂਚ ਥਾਣੇਦਾਰ ਮਨਜਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ, ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਬਾਕੀ ਹੈ।
 


Babita

Content Editor

Related News