ਟਾਟਾ ਸਫਾਰੀ ਨਿਕਲਣ ਦੇ ਨਾਂ 'ਤੇ ਸਾਬਕਾ ਮੁਲਾਜ਼ਮ ਨਾਲ ਹੋਈ 52 ਲੱਖ ਦੀ ਠੱਗੀ, ਜਾਣੋ ਕਿਵੇਂ

02/03/2020 5:04:57 PM

ਹੁਸ਼ਿਆਰਪੁਰ— ਆਨਲਾਈਨ ਸ਼ਾਪਿੰਗ ਕਰਨੀ ਹੁਸ਼ਿਆਰਪੁਰ ਦੇ ਰਹਿਣ ਵਾਲੇ ਬਿਜਲੀ ਵਿਭਾਗ ਤੋਂ ਰਿਟਾਇਰਡ ਮੁਲਾਜ਼ਮ ਰਜਿੰਦਰ ਕੁਮਾਰ ਨੂੰ ਮਹਿੰਗੀ ਪੈ ਗਈ। ਸ਼ਾਪਿੰਗ ਦੇ ਚੱਕਰ ਨੌਸਰਬਾਜ਼ਾਂ ਨੇ ਉਕਤ ਮੁਲਾਜ਼ਮ ਨੂੰ 52.80 ਲੱਖ ਦਾ ਚੂਨਾ ਲਗਾ ਦਿੱਤਾ। ਠੱਗੀ ਦਾ ਸ਼ਿਕਾਰ ਹੋਇਆ ਉਕਤ ਵਿਅਕਤੀ ਇਨਸਾਫ ਪਾਉਣ ਲਈ ਦੋ ਸਾਲ ਤੱਕ ਪੁਲਸ ਦੇ ਚੱਕਰ ਕੱਟਦਾ ਰਿਹਾ ਅਤੇ ਪੁਲਸ ਦੀ ਜਾਂਚ 'ਚ ਇਹ ਮਾਮਲਾ ਲੇਟ ਹੁੰਦਾ ਰਿਹਾ। ਦੋ ਸਾਲ ਦੇ ਸੰਘਰਸ਼ ਤੋਂ ਬਾਅਦ ਡੀ. ਐੱਸ. ਪੀ. ਹੈੱਡਕੁਆਰਟਰ ਦੀ ਸਿਫਾਰਿਸ਼ 'ਤੇ ਆਖਿਰਕਾਰ ਹੁਣ ਤਲਵਾੜਾ ਪੁਲਸ ਨੇ ਠੱਗੀ ਦੇ ਮਾਮਲੇ 'ਚ 7 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲੇ ਅਲੋਕ ਮੋਹੰਤੀ, ਸੰਜੀਵ ਗੁਪਤਾ, ਕ੍ਰਿਸ਼ਨਾ, ਆਰ ਮੂਰਤੀ, ਕੇਦਾਰ ਗੁਪਤਾ, ਭਰਤ ਰਾਏ ਅਤੇ ਸੱਦਾਮ ਹੁਸੈਨ ਵਾਸੀ ਟੈਲਕੋ ਕੰਪਨੀ ਕਾਲੋਨੀ ਹੰਸ ਰੋਡ, ਜਮਸ਼ੇਦਪੁਰ ਝਾਰਖੰਡ ਦੇ ਖਿਲਾਫ ਦਰਜ ਕੀਤਾ ਹੈ। ਮੁਲਜ਼ਮਾਂ ਨੂੰ ਫੜਨ ਲਈ ਝਾਰਖੰਜਡ ਪੁਲਸ ਦੀ ਵੀ ਮਦਦ ਲਈ ਜਾਵੇਗੀ।

ਇੰਝ ਹੋਇਆ ਠੱਗੀ ਦਾ ਸ਼ਿਕਾਰ
ਪੀੜਤ ਨੇ ਦੱਸਿਆ ਕਿ ਉਸ ਨੇ 17 ਜੂਨ 2017 ਨੂੰ ਆਨਲਾਈਨ ਸ਼ਾਪਿੰਗ ਕਰਕੇ ਕੁਝ ਸਾਮਾਨ ਮੰਗਵਾਇਆ ਸੀ। ਪੇਮੈਂਟ ਵੀ ਆਨਲਾਈਨ ਹੀ ਕਰ ਦਿੱਤੀ ਗਈ। ਇਸ ਦੇ ਬਾਅਦ ਉਸ ਨੂੰ ਫੋਨ ਆਇਆ ਕਿ ਤੁਹਾਡਾ ਲੱਕੀ ਡਰਾਅ ਨਿਕਲਿਆ ਹੈ। ਕੰਪਨੀ ਵੱਲੋਂ ਉਸ ਦੀ ਟਾਟਾ ਸਫਾਰੀ ਕਾਰ ਕੱਢੀ ਗਈ ਹੈ, ਜੋ ਕਿ 25 ਲੱਖ ਦੀ ਹੈ। ਜਦੋਂ ਉਸ ਨੇ ਗੱਡੀ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਨੌਸਰਬਾਜ਼ਾਂ ਨੇ ਕੈਸ਼ ਦੇਣ ਦਾ ਆਫਰ ਦਿੱਤਾ। ਇਸ ਦੇ ਲਈ ਉਨ੍ਹਾਂ ਨੇ ਖਾਤੇ 'ਚ ਕੁਝ ਪੈਸੇ ਜਮ੍ਹਾ ਕਰਵਾਉਣ ਲਈ ਕਿਹਾ। ਪਹਿਲਾਂ ਹਜ਼ਾਰਾਂ ਦੀ ਗਿਣਤੀ 'ਚ ਰਜਿੰਦਰ ਨੇ ਉਨ੍ਹਾਂ ਦੇ ਖਾਤੇ 'ਚ ਪੈਸੇ ਜਮ੍ਹਾ ਕਰ ਦਿੱਤੇ ਪਰ ਗੱਡੀ ਨਹੀਂ ਦਿੱਤੀ ਗਈ। ਫਿਰ ਵੱਖ-ਵੱਖ ਨਾਵਾਂ ਤੋਂ ਫੋਨ ਆਉਣ ਲੱਗ ਗਏ ਅਤੇ ਪੈਸਿਆਂ ਦੀ ਮੰਗ ਕੀਤੀ ਜਾਣ ਲੱਗੀ। ਮੁਲਾਜ਼ਮ ਨੇ ਕਈ ਲੱਖਾਂ ਰੁਪਏ ਉਨ੍ਹਾਂ ਦੇ ਖਾਤਿਆਂ 'ਚ ਜਮ੍ਹਾ ਕਰਵਾ ਦਿੱਤੇ। ਕੁਝ ਨਾ ਮਿਲਣ 'ਤੇ ਪੈਸੇ ਵਾਪਸ ਮੰਗੇ ਤਾਂ ਬਦਲੇ 'ਚ ਹੋਰ ਪੈਸੇ ਜਮ੍ਹਾ ਕਰਵਾਉਣ ਨੂੰ ਕਿਹਾ। ਉਸ ਦੇ ਲੱਖਾਂ ਰੁਪਏ ਫੱਸਣ ਦੇ ਬਾਵਜੂਦ ਉਕਤ ਵਿਅਕਤੀ ਉਨ੍ਹਾਂ ਦੀਆਂ ਗੱਲਾਂ 'ਚ ਆ ਕੇ ਉਨ੍ਹਾਂ ਦੇ ਖਾਤਿਆਂ 'ਚ ਪੈਸੇ ਜਮ੍ਹਾ ਕਰਵਾਉਂਦਾ ਰਿਹਾ। ਫਿਰ ਠੱਗਾਂ ਨੇ ਬੈਂਕ ਦੇ ਫਰਜ਼ੀ ਮੈਸੇਜ ਭੇਜੇ ਕਿ ਉਕਤ ਵਿਅਕਤੀ ਦੇ ਖਾਤੇ 'ਚ ਪੈਸੇ ਪਾ ਦਿੱਤੇ ਗਏ ਹਨ ਪਰ ਬੈਂਕ ਜਾ ਕੇ ਪਤਾ ਲੱਗਾ ਕਿ ਉਸ ਦੇ ਖਾਤੇ 'ਚ ਕੋਈ ਵੀ ਪੈਸੇ ਜਮ੍ਹਾ ਨਹੀਂ ਹੋਏ ਹਨ।

2017 'ਚ ਕੀਤੀ ਸ਼ਿਕਾਇਤ, 2020 'ਚ ਹੋਇਆ ਕੇਸ ਦਰਜ
ਪੀੜਤ ਨੇ ਦੱਸਿਆ ਕਿ ਉਸ ਨੇ ਸਭ ਤੋਂ ਪਹਿਲਾਂ ਸ਼ਿਕਾਇਤ ਈ. ਓ. ਵਿੰਗ ਹੁਸ਼ਿਆਰਪੁਰ 'ਚ ਦਿੱਤੀ ਸੀ ਪਰ ਜਦੋਂ ਵੀ ਮਾਮਲਾ ਦਰਜ ਕਰੀਬ ਦੇ ਪੁੱਜਦਾ ਸੀ ਤਾਂ ਕਈ ਵਾਰ ਅਧਿਕਾਰੀ ਦਾ ਤਬਾਦਲਾ ਹੋ ਜਾਂਦਾ ਸੀ। ਫਿਰ ਨਵਾਂ ਅਧਿਕਾਰੀ ਆਉਂਦਾ ਤਾਂ ਫਿਰ ਤੋਂ ਜਾਂਚ ਸ਼ੁਰੂ ਕੀਤੀ ਜਾਂਦੀ ਸੀ। ਉਹ ਕਈ ਵਾਰ ਹੁਸ਼ਿਆਰਪੁਰ ਦੇ ਐੱਸ. ਐੱਸ. ਪੀ. ਨੂੰ ਮਿਲੇ ਪਰ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਅਗਸਤ 2019 ਨੂੰ ਉਕਤ ਵਿਅਕਤੀ ਡੀ. ਜੀ. ਪੀ. ਪੰਜਾਬ ਨਾਲ ਮਿਲੇ ਅਤੇ ਪੂਰੀ ਕਹਾਣੀ ਦੱਸੀ। ਫਿਰ ਉਨ੍ਹਾਂ ਨੇ ਪੁਲਸ ਨੂੰ ਕੇਸ ਦਰਜ ਕਰਨ ਦੇ ਨਿਰਦੇਸ਼ ਦਿੱਤੇ ਅਤੇ ਹੁਣ ਮਾਮਲਾ ਦਰਜ ਕੀਤਾ ਗਿਆ।

ਨਹੀਂ ਦੱਸੀ ਬੱਚਿਆਂ ਤੇ ਰਿਸ਼ਤੇਦਾਰਾਂ ਨੂੰ ਠੱਗੀ ਵਾਲੀ ਗੱਲ
ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਨੇ ਆਪਣੇ ਬੱਚਿਆਂ ਸਮੇਤ ਰਿਸ਼ਤੇਦਾਰਾਂ ਨੂੰ ਵੀ ਇਸ ਬਾਰੇ ਕੁਝ ਨਹੀਂ ਦੱਸਿਆ। ਉਸ ਨੇ ਦੱਸਿਆ ਕਿ ਮਿਹਨਤ ਨਾਲ ਕਮਾਇਆ ਪੈਸਾ ਠੱਗ ਲੈ ਗਏ। ਉਸ ਨੇ ਦੱਸਿਆ ਕਿ ਡਿਪ੍ਰੈਸ਼ਨ 'ਚ ਜਾਣ ਕਰਕੇ ਉਸ ਦਾ ਇਲਾਜ ਚੱਲ ਰਿਹਾ ਹੈ। ਪੀੜਤ ਨੇ ਦੱਸਿਆ ਕਿ ਜਦੋਂ ਉਸ ਨੂੰ ਪਤਾ ਲੱਗਾ ਕਿ ਸਾਰੇ ਠੱਗ ਝਾਰਖੰਡ ਨਾਲ ਸਬੰਧ ਰੱਖਦੇ ਹਨ ਤਾਂ ਉਹ ਝਾਰਖੰਡ ਗਏ ਅਤੇ ਉਥੋਂ ਦੀ ਪੁਲਸ ਨਾਲ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਪੰਜਾਬ ਪੁਲਸ ਦੀ ਮਦਦ ਲੈਣ ਦੀ ਗੱਲ ਕਹਿ ਕੇ ਵਾਪਸ ਭੇਜ ਦਿੱਤਾ ਅਤੇ ਇਥੇ ਮਾਮਲਾ ਦਰਜ ਕਰਨ ਦੀ ਗੱਲ ਕਹੀ। ਪੁਲਸ ਨੇ ਹੁਣ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।


shivani attri

Content Editor

Related News