ਬਿਊਟੀਫੁੱਲ ਟਰੈਪ: ਖੂਬਸੂਰਤੀ ਨਾਲ ਲੋਕਾਂ ਨੂੰ ਫਸਾ ਕੇ ਇਨ੍ਹਾਂ ਮਹਿਲਾਵਾਂ ਨੇ ਮਾਰੀ ਲੱਖਾਂ ਦੀ ਠੱਗੀ
Thursday, Jul 18, 2019 - 07:26 PM (IST)
ਹੁਸ਼ਿਆਰਪੁਰ— ਥਾਣਾ ਸਿਟੀ ਹੁਸ਼ਿਆਰਪੁਰ ਦੀ ਪੁਲਸ ਨੇ ਸ਼ੇਅਰ ਬਾਜ਼ਾਰ 'ਚ ਇਨਵੈਸਟਮੈਂਟ ਦਾ ਝਾਂਸਾ ਦੇ ਕੇ 17 ਲੱਖ 6 ਹਜ਼ਾਰ 26 ਰੁਪਏ ਦੀ ਠੱਗੀ ਮਾਰਨ ਵਾਲੀਆਂ ਦੋ ਮਹਿਲਾਵਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਮਹਿਲਾਵਾਂ ਦੇ ਨਾਮ ਚਾਂਦਨੀ ਅਤੇ ਪੁਸ਼ਪਾ ਉਰਫ ਖੁਸ਼ੀ ਹਨ। ਇਹ ਦੋਵੇਂ ਜ਼ੀਰਕਪੁਰ ਦੀਆਂ ਰਹਿਣ ਵਾਲੀਆਂ ਹਨ।
ਮਿਲੀ ਜਾਣਕਾਰੀ ਮੁਤਾਬਕ ਪੀੜਤ ਰਜਨੀਸ਼ ਕੁਮਾਰ ਦਾ ਹੁਸ਼ਿਆਰਪੁਰ ਦੇ ਪ੍ਰਹਿਲਾਦ ਨਗਰ 'ਚ ਕੱਪੜਿਆਂ ਦਾ ਸ਼ੋਅ-ਰੂਮ ਹੈ। ਪੀੜਤ ਦੀ ਪਤਨੀ ਪੂਜਾ ਨੇ 22 ਦਸੰਬਰ 18 ਨੂੰ ਐੱਸ. ਐੱਸ. ਪੀ. ਤੋਂ ਇਸ ਠੱਗੀ ਦੀ ਸ਼ਿਕਾਇਤ ਕੀਤੀ ਸੀ। ਰਜਨੀਸ਼ ਤੋਂ 17 ਲੱਖ ਦੀ ਠੱਗੀ ਦੇ ਇਲਾਵਾ ਦੋਸ਼ੀ ਮਹਿਲਾਵਾਂ ਨੇ ਹੁਸ਼ਿਆਰਪੁਰ ਦੀ ਅੰਜਲੀ ਅਤੇ ਅੱਜੋਵਾਲ ਦੇ ਡੱਬੂ ਨਾਲ ਵੀ 5 ਲੱਖ ਦੀ ਠੱਗੀ ਕੀਤੀ ਹੈ। ਪੂਜਾ ਨੇ ਦੱਸਿਆ ਕਿ ਚਾਂਦਨੀ ਅਤੇ ਖੁਸ਼ੀ ਫੇਸਬੁੱਕ ਜ਼ਰੀਏ ਉਸ ਦੀ ਦੋਸਤ ਬਣੀਆਂ ਸਨ। ਦੋਹਾਂ ਨੇ ਸ਼ੇਅਰ ਮਾਰਕਿਟ 'ਚ ਇਨਵੈਸਟਮੈਂਟ ਕਰਨ ਦਾ ਝਾਂਸਾ ਦੇ ਕੇ ਕਿਸ਼ਤਾਂ 'ਚ 17 ਲੱਖ ਲੈ ਲਏ। ਇਸ ਤੋਂ ਬਾਅਦ ਚਾਂਦਨੀ ਨੇ ਫੋਨ ਕਰਨਾ ਬੰਦ ਕਰ ਦਿੱਤਾ ਸੀ।