ਸਾਊਦੀ ਅਰਬ ਭੇਜ ਕੇ ਨਹੀਂ ਬਣਵਾ ਕੇ ਦਿੱਤਾ ਲਾਇਸੈਂਸ, ਠੱਗੇ 1 ਲੱਖ 20 ਹਜ਼ਾਰ
Friday, Aug 24, 2018 - 11:55 PM (IST)

ਮੋਗਾ, (ਆਜ਼ਾਦ)-ਪਿੰਡ ਧੱਲੇਕੇ ਨਿਵਾਸੀ ਅਮਨਪ੍ਰੀਤ ਕੌਰ ਨੇ ਮੰਡੀ ਗੋਬਿੰਦਗਡ਼੍ਹ ਨਿਵਾਸੀ ਟਰੈਵਲ ਏਜੰਟਾਂ ’ਤੇ ਉਸ ਦੇ ਪਤੀ ਨੂੰ ਬਿਨਾਂ ਲਾਇਸੈਂਸ ਸਾਊਦੀ ਅਰਬ ਭੇਜ ਕੇ 1 ਲੱਖ 20 ਹਜ਼ਾਰ ਰੁਪਏ ਠੱਗੀ ਮਾਰਨ ਦਾ ਦੋਸ਼ ਲਾਇਆ ਹੈ। ਬਿਨਾਂ ਲਾਇਸੈਂਸ ਤੋਂ ਗੱਡੀ ਚਲਾਉਣ ’ਤੇ ਉਸ ਦੇ ਪਤੀ ਨੂੰ ਜੇਲ ਜਾਣਾ ਪਿਆ। ਇਸ ਸਬੰਧੀ ਮੋਗਾ ਪੁਲਸ ਵੱਲੋਂ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਕੇ ਕਥਿਤ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਕੀ ਹੈ ਸਾਰਾ ਮਾਮਲਾ
ਜ਼ਿਲਾ ਪੁਲਸ ਮੁਖੀ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਅਮਨਪ੍ਰੀਤ ਕੌਰ ਪਤਨੀ ਸੰਦੀਪ ਸਿੰਘ ਨੇ ਕਿਹਾ ਕਿ ਉਸ ਦਾ ਪਤੀ ਵਿਦੇਸ਼ ਜਾਣਾ ਚਾਹੁੰਦਾ ਸੀ, ਜਿਸ ’ਤੇ ਦਸੰਬਰ, 2017 ’ਚ ਪਰਮਜੀਤ ਸਿੰਘ, ਕੁਲਦੀਪ ਕੌਰ ਉਰਫ ਡਿੰਪਲ ਅਤੇ ਸੁਖਵਿੰਦਰ ਸਿੰਘ ਉਰਫ ਜੱਸੀ ਸਾਰੇ ਨਿਵਾਸੀ ਮੰਡੀ ਗੋਬਿੰਦਗਡ਼੍ਹ (ਸ੍ਰੀ ਫਤਿਹਗਡ਼੍ਹ ਸਾਹਿਬ) ਨਾਲ ਉਨ੍ਹਾਂ ਦੀ ਗੱਲਬਾਤ ਹੋਈ ਤੇ ਉਨ੍ਹਾਂ ਮੇਰੇ ਪਤੀ ਨੂੰ ਕਿਹਾ ਕਿ ਉਹ ਉਸ ਨੂੰ ਸਾਊਦੀ ਅਰਬ ਭੇਜ ਦੇਣਗੇ ਅਤੇ ਉਸ ਨੂੰ ਉੱਥੇ ਡਰਾਈਵਿੰਗ ਲਾਇਸੈਂਸ ਬਣਾਉਣ ਦੇ ਬਾਅਦ ਹੀ ਕੰਮ ’ਤੇ ਲਾਇਆ ਜਾਵੇਗਾ, ਜਿਸ ’ਤੇ 1 ਲੱਖ 20 ਹਜ਼ਾਰ ਰੁਪਏ ਖਰਚਾ ਆਵੇਗਾ। ਉਨ੍ਹਾਂ ਮੇਰੇ ਪਤੀ ਨੂੰ ਸਾਊਦੀ ਅਰਬ ਭੇਜ ਦਿੱਤਾ ਪਰ ਉਸ ਦਾ ਡਰਾਈਵਿੰਗ ਲਾਇਸੈਂਸ ਨਹੀਂ ਬਣਾ ਕੇ ਦਿੱਤਾ ਅਤੇ ਉਸ ਨੂੰ ਬਿਨਾਂ ਡਰਾਈਵਿੰਗ ਲਾਇਸੈਂਸ ਦੇ ਹੀ ਗੱਡੀ ਚਲਾਉਣ ਲਈ ਭੇਜ ਦਿੱਤਾ। ਮੇਰੇ ਪਤੀ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਅਤੇ ਉਸ ਨੂੰ ਡਰਾਈਵਿੰਗ ਲਾਇਸੈਂਸ ਨਾ ਹੋਣ ਕਾਰਨ ਜੇਲ ਜਾਣਾ ਪਿਆ, ਜਿਸ ਲਈ ਕਥਿਤ ਦੋਸ਼ੀ ਟਰੈਵਲ ਏਜੰਟ ਹੀ ਜ਼ਿੰਮੇਵਾਰ ਹਨ।
ਕੀ ਹੋਈ ਪੁਲਸ ਕਾਰਵਾਈ
ਜ਼ਿਲਾ ਪੁਲਸ ਮੁਖੀ ਮੋਗਾ ਦੇ ਹੁਕਮਾਂ ’ਤੇ ਸੀ. ਆਈ. ਏ. ਸਟਾਫ ਮੋਗਾ ਦੇ ਇੰਚਾਰਜ ਅਤੇ ਡੀ. ਐੱਸ. ਪੀ. ਆਈ. ਵੱਲੋਂ ਜਾਂਚ ਕੀਤੀ ਗਈ। ਜਾਂਚ ਤੋਂ ਬਾਅਦ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਕਥਿਤ ਦੋਸ਼ੀਆਂ ਖਿਲਾਫ ਮਾਮਲਾ ਥਾਣਾ ਮਹਿਣਾ ਵਿਚ ਦਰਜ ਕੀਤਾ ਗਿਆ। ਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਰਘਵਿੰਦਰ ਪ੍ਰਸਾਦ ਨੇ ਕਿਹਾ ਕਿ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।