ਕੋ-ਆਪ੍ਰੇਟਿਵ ਸੋਸਾਇਟੀ ਦੇ ਨਾਂ ’ਤੇ ਠੱਗੀ ਮਾਰਨ ਵਾਲੇ ਵਿਰੁੱਧ ਪੰਜਵਾਂ ਮਾਮਲਾ ਦਰਜ

Friday, Jun 29, 2018 - 12:31 AM (IST)

ਕੋ-ਆਪ੍ਰੇਟਿਵ ਸੋਸਾਇਟੀ ਦੇ ਨਾਂ ’ਤੇ ਠੱਗੀ ਮਾਰਨ ਵਾਲੇ ਵਿਰੁੱਧ ਪੰਜਵਾਂ ਮਾਮਲਾ ਦਰਜ

ਅਬੋਹਰ(ਸੁਨੀਲ)-ਅਬੋਹਰ ਵਾਸੀ ਦੇਵੀਲਾਲ ਵੱਲੋਂ ਮੈਹਨਾ ਚੌਕ ਬਠਿੰਡਾ ਵਿਚ ਸਥਾਪਤ ਕੋ-ਆਪ੍ਰੇਟਿਵ ਸੋਸਾਇਟੀ ਦੇ ਜ਼ਰੀਏ ਦਰਜਨਾਂ ਨਿਵੇਸ਼ਕਾਂ ਨਾਲ ਕੀਤੀਅਾਂ ਗਈ ਕਰੋਡ਼ਾਂ ਰੁਪਏ ਦੀਆਂ ਠੱਗੀਆਂ ਦੀਆਂ ਪਰਤਾਂ ਖੁੱਲ੍ਹਣ  ਤੋਂ ਬਾਅਦ ਪੂਰੇ ਸ਼ਹਿਰ ’ਚ ਚਰਚਾ ਦਾ ਬਾਜ਼ਾਰ ਗਰਮ ਹੈ। ਨਿਵੇਸ਼ਕਾਂ ਦੀਆਂ ਸ਼ਿਕਾਇਤਾਂ ’ਤੇ ਦੋੋਸ਼ੀ ਵਿਰੁੱਧ ਨਗਰ ਥਾਣਾ ਨੰਬਰ 1 ’ਚ ਪੰਜਵਾਂ ਮਾਮਲਾ ਦਰਜ ਕੀਤਾ ਗਿਆ ਹੈ। ਤਾਜ਼ਾ ਘਟਨਾਕ੍ਰਮ ’ਚ ਮਾਡਲ ਟਾਊਨ ਬਠਿੰਡਾ ਵਾਸੀ ਅਮਰ ਚੰਦ ਗੋਇਲ ਪੁੱਤਰ ਮਾਤੂ ਰਾਮ ਨੇ ਅਬੋਹਰ ਦੇ ਨਗਰ ਥਾਣਾ ਨੰਬਰ 1 ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਇਲਜ਼ਾਮ ਲਾਇਆ ਕਿ ਮੈਹਨਾ ਚੌਕ ਬਠਿੰਡਾ ’ਚ ਸਥਿਤ ਦਿ ਬਠਿੰਡਾ ਬੈਂਕ ਇੰਪਲਾਈਜ਼ ਕੋ-ਆਪ੍ਰੇਟਿਵ ਅਰਬਨ ਸੈਲਰੀ ਥ੍ਰੈਫਟ ਕ੍ਰੇਡਿਟ ਸੋਸਾਇਟੀ ਦੇ ਬਸੰਤ ਨਗਰ ਗਲੀ ਨੰਬਰ 7 ਅਬੋਹਰ ਵਾਸੀ ਸਕੱਤਰ/ਪ੍ਰਬੰਧਕ ਦੇਵੀ ਲਾਲ ਪੁੱਤਰ ਚੁੰਨੀ ਲਾਲ ਨੇ ਉਕਤ ਸੋਸਾਇਟੀ  ਦੇ ਆਰ. ਡੀ. ਤੇ ਐੱਫ. ਡੀ. ਖਾਤਿਆਂ ’ਚ ਨਿਵੇਸ਼ ਕੀਤੇ ਹੋਏ 16 ਲੱਖ ਰੁਪਏ ਸ਼ਿਕਾਇਤਕਰਤਾ ਦੇ ਬਠਿੰਡਾ ਸੈਂਟ੍ਰਲ ਕੋ-ਆਪ੍ਰੇਟਿਵ ਬੈਂਕ ਬਠਿੰਡਾ ਦੇ ਬਚਤ ਖਾਤੇ ’ਚ ਜਮ੍ਹਾ ਨਾ ਕਰਵਾ ਕੇ ਆਪ ਹਡ਼ੱਪ ਲਏ। ਅਮਰ ਚੰਦ ਦੀ ਸ਼ਿਕਾਇਤ ’ਤੇ ਮੁਲਜ਼ਮ ਦੇਵੀ  ਲਾਲ  ਵਿਰੁੱਧ ਨਗਰ ਥਾਣਾ ਨੰਬਰ 1 ’ਚ ਧਾਰਾ 420  ਦੇ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਸਹਾਇਕ ਸਬ ਇੰਸਪੈਕਟਰ ਸੁਖਪਾਲ ਸਿੰਘ  ਕਰ ਰਹੇ ਹਨ।
 


Related News