ਮੈਡੀਕਲ ਕਾਲਜ ''ਚ ਦਾਖਲੇ ਦੇ ਨਾਂ ''ਤੇ 14 ਲੱਖ ਦੀ ਠੱਗੀ

06/23/2018 2:58:11 AM

ਬਠਿੰਡਾ(ਵਰਮਾ)-ਹਰਿਆਣਾ ਦੇ ਜ਼ਿਲਾ ਬਹਾਦੁਰਗੜ੍ਹ ਵਾਸੀ ਸਵੀਟੀ ਸ਼ਰਮਾ ਪਤਨੀ ਰਾਜੇਸ਼ ਸ਼ਰਮਾ ਨੇ ਬਠਿੰਡਾ ਦੇ ਇਕ ਵਿਅਕਤੀ 'ਤੇ ਮੈਡੀਕਲ ਕਾਲਜ ਵਿਚ ਦਾਖਲਾ ਦਿਵਾਉਣ ਦੇ ਨਾਂ 'ਤੇ 14 ਲੱਖ ਰੁਪਏ ਠੱਗੇ ਜਾਣ ਦਾ ਦੋਸ਼ ਲਾਇਆ ਹੈ। ਥਾਣਾ ਕੈਂਟ ਪੁਲਸ ਨੂੰ ਭੇਜੀ ਸ਼ਿਕਾਇਤ 'ਚ ਪੀੜਤਾ ਨੇ ਦੋਸ਼ ਲਾਇਆ ਕਿ ਉਹ ਆਪਣੇ ਚਚੇਰੇ ਭਰਾ ਨੂੰ ਬਠਿੰਡਾ ਨੇ ਨਾਮੀ ਮੈਡੀਕਲ ਕਾਲਜ ਵਿਚ ਦਾਖਲਾ ਦਿਵਾਉਣਾ ਚਾਹੁੰਦੀ ਸੀ, ਜਿਸ ਲਈ ਉਹ ਉਥੇ ਕਾਲਜ 'ਚ ਪਹੁੰਚੀ। ਉਥੇ ਹੀ ਕਾਲਜ 'ਚ ਹਰਜੀਤ ਸਿੰਘ ਨਾਂ ਦਾ ਵਿਅਕਤੀ ਉਨ੍ਹਾਂ ਨੂੰ ਮਿਲਿਆ ਅਤੇ ਦਾਖਲੇ ਬਦਲੇ 14 ਲੱਖ ਰੁਪਏ ਦੀ ਮੰਗ ਕੀਤੀ। ਉਸ ਨੇ ਦੱਸਿਆ ਕਿ ਉਹ ਮੈਨੇਜਮੈਂਟ ਕੋਟੇ 'ਚੋਂ ਉਨ੍ਹਾਂ ਨੂੰ ਸੀਟ ਅਲਾਟ ਕਰ ਦੇਵੇਗਾ। ਆਰਮੀ ਅਫਸਰ ਦੀ ਪਤਨੀ ਆਪਣੇ ਭਰਾ ਨੂੰ ਐੱਮ. ਬੀ. ਬੀ. ਐੱਸ. ਦੀ ਡਿਗਰੀ ਦਿਵਾਉਣਾ ਚਾਹੁੰਦੀ ਸੀ, ਇਸ ਲਈ ਉਹ ਉਸ ਦੀਆਂ ਗੱਲਾਂ 'ਚ ਆ ਗਈ ਅਤੇ ਤੁਰੰਤ 2 ਲੱਖ ਰੁਪਏ ਸੀਟ ਬੁਕਿੰਗ ਦੇ ਨਾਂ 'ਤੇ ਦੇ ਦਿੱਤੇ। ਪੀੜਤਾ ਨੇ ਦੱਸਿਆ ਕਿ ਉਸ ਤੋਂ ਬਾਅਦ ਮੁਲਜ਼ਮ ਨੇ ਉਸ ਨੂੰ ਚੰਡੀਗੜ੍ਹ ਦੀ ਸੁਖਨਾ ਝੀਲ ਨਜ਼ਦੀਕ ਹੋਟਲ ਵਿਚ ਬੁਲਾਇਆ ਅਤੇ ਉਸ ਨੂੰ ਸੀਟ ਅਲਾਟ ਕਰਨ ਦਾ ਵਾਅਦਾ ਵੀ ਕੀਤਾ। ਉਹ ਆਪਣੇ ਇਕ ਰਿਸ਼ਤੇਦਾਰ ਬਿਜੇਂਦਰ ਨਾਲ ਪਹੁੰਚੀ ਅਤੇ ਉਸ ਨੇ 3 ਦਿਨ ਦਾ ਸਮਾਂ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦੀ ਸੀਟ ਪੱਕੀ ਹੈ ਅਤੇ ਉਸ ਨੇ ਉਸ ਨੂੰ 12 ਲੱਖ ਰੁਪਏ ਹੋਰ ਲਿਆ ਕੇ ਦੇ ਦਿੱਤੇ ਤੇ ਉਸ ਨੂੰ ਹੱਥ ਨਾਲ ਲਿਖੀ ਕੱਚੀ ਰਸੀਦ ਦੇ ਦਿੱਤੀ। ਕੁਝ ਸਮਾਂ ਲੰਘਣ ਤੋਂ ਬਾਅਦ ਵੀ ਉਨ੍ਹਾਂ ਨੂੰ ਨਾ ਤਾਂ ਪੱਤਰ ਆਇਆ ਅਤੇ ਨਾ ਹੀ ਸੀਟ ਸਬੰਧੀ ਕੋਈ ਜਾਣਕਾਰੀ ਦਿੱਤੀ। ਉਹ ਦੁਬਾਰਾ ਕਾਲਜ ਵਿਚ ਪਹੁੰਚੀ ਤੇ ਉਥੋਂ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਹਰਜੀਤ ਨਾਂ ਦੇ ਵਿਅਕਤੀ ਨੂੰ ਨਹੀਂ ਜਾਣਦੇ ਅਤੇ ਨਾ ਹੀ ਉਹ ਉਥੇ ਕੰਮ ਕਰਦਾ ਹੈ। ਉੁਹ ਉਸ ਦੇ ਘਰ ਵੀ ਪਹੁੰਚੀ ਪਰ ਉਹ ਨਹੀਂ ਮਿਲਿਆ ਜਦਕਿ ਉਸ ਦਾ ਫੋਨ ਬੰਦ ਆ ਰਿਹਾ ਸੀ। ਇਸ ਮਾਮਲੇ ਨੂੰ ਲੈ ਕੇ ਭੁੱਚੋ ਮੰਡੀ ਥਾਣੇ ਵਿਚ ਵੀ ਗਈ ਪਰ ਉਥੇ ਵੀ ਉਸ ਦੀ ਕੋਈ ਸੁਣਵਾਈ ਨਹੀਂ ਹੋਈ। ਹੁਣ ਉਸ ਨੇ ਥਾਣਾ ਕੈਂਟ ਨੂੰ ਸ਼ਿਕਾਇਤ ਪੱਤਰ ਦੇ ਕੇ ਕਾਰਵਾਈ ਕਰਨ ਦੀ ਮੰਗ ਕੀਤੀ।
ਇਸ ਮਾਮਲੇ 'ਚ ਜਦੋਂ ਸ਼ਿਕਾਇਤ ਪੱਤਰ 'ਚ ਦਿੱਤੇ ਗਏ ਨੰਬਰ ਤੇ ਹਰਜੀਤ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਤਾਂ ਸਮਾਜ ਸੇਵੀ ਹੈ, ਉਸ ਦਾ ਕਿਸੇ ਵੀ ਮੈਡੀਕਲ ਕਾਲਜ ਨਾਲ ਕੋਈ ਵਾਸਤਾ ਨਹੀਂ। ਉਸ ਨੇ ਦੱਸਿਆ ਕਿ ਉਹ ਇਕ ਗੁਰਦੁਆਰਾ ਸਾਹਿਬ ਵਿਚ ਕੈਸ਼ੀਅਰ ਹੈ ਅਤੇ ਉਥੇ ਹੀ ਸੇਵਾ ਕਰਦਾ ਹੈ। ਸਵੀਟੀ ਸ਼ਰਮਾ ਨਾਂ ਦੀ ਕਿਸੇ ਵੀ ਔਰਤ ਨੂੰ ਨਹੀਂ ਜਾਣਦਾ ਹੈ ਅਤੇ ਨਾ ਹੀ ਉਸ ਨੇ ਕੋਈ ਪੈਸਾ ਲਿਆ। ਉਸ 'ਤੇ ਇਹ ਦੋਸ਼ ਕਿਉਂ ਲਾਇਆ ਜਾ ਰਿਹਾ ਹੈ ਉਹ ਨਹੀਂ ਜਾਣਦਾ ਕਿਉਂਕਿ ਹਾਲ ਵਿਚ ਹੀ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਇਕ ਮਾਮਲੇ ਵਿਚ ਜੇਲ ਵਿਚ ਬੰਦ ਹੈ, ਉਸੇ ਕੜੀ ਦੀ ਸਾਜ਼ਿਸ਼ ਤਹਿਤ ਉਸ ਨੂੰ ਫਸਾਇਆ ਜਾ ਰਿਹਾ ਹੈ।
 


Related News