ਪੁਲਸ ''ਚ ਭਰਤੀ ਕਰਵਾਉਣ ਦੇ ਨਾਂ ''ਤੇ ਲੱਖਾਂ ਦੀ ਠੱਗੀ

Friday, Mar 30, 2018 - 03:34 AM (IST)

ਸੰਗਤ ਮੰਡੀ(ਮਨਜੀਤ)-ਪੁਲਸ ਵਿਚ ਭਰਤੀ ਕਰਵਾਉਣ ਦੇ ਨਾਂ 'ਤੇ ਲੱਖਾਂ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਵੱਲਂੋ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕੇਵਲ ਕ੍ਰਿਸ਼ਨ ਪੁੱਤਰ ਜੀਤ ਰਾਮ ਵਾਸੀ ਝੁੰਬਾ ਨੇ ਤੇਜਵੀਰ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਬੁਢਲਾਡਾ ਤੇ ਸੰਦੀਪ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਮੱਲਣ (ਸ੍ਰੀ ਮੁਕਤਸਰ ਸਾਹਿਬ) ਵਿਰੁੱਧ ਅਕਤੂਬਰ 2017 ਨੂੰ ਸੀਨੀਅਰ ਪੁਲਸ ਕਪਤਾਨ ਬਠਿੰਡਾ ਨੂੰ ਉਕਤ ਵਿਅਕਤੀਆਂ ਵੱਲੋਂ ਉਸ ਨਾਲ ਮਾਰੀ ਲੱਖਾਂ ਦੀ ਠੱਗੀ ਦੀ ਲਿਖਤੀ ਸ਼ਿਕਾਇਤ ਕੀਤੀ ਸੀ। ਉਸ ਨੇ ਸ਼ਿਕਾਇਤ ਵਿਚ ਲਿਖਿਆ ਕਿ ਅਗਸਤ 2016 'ਚ ਤੇਜਵੀਰ ਸਿੰਘ ਤੇ ਸੰਦੀਪ ਕਮਾਰ ਉਸ ਦੇ ਘਰ ਝੁੰਬਾ ਵਿਖੇ ਆਏ ਸਨ। ਉਨ੍ਹਾਂ ਦੱਸਿਆ ਕਿ ਪੁਲਸ ਵਿਚ ਭਰਤੀ ਨਿਕਲੀ ਹੈ। ਜੇਕਰ ਕਿਸੇ ਵਿਅਕਤੀ ਨੂੰ ਪੁਲਸ 'ਚ ਭਰਤੀ ਕਰਵਾਉਣਾ ਹੈ ਤਾਂ ਕਰਵਾ ਲੋ। ਉਨ੍ਹਾਂ ਦੀ ਪੁਲਸ ਦੇ ਉੱਚ ਅਧਿਕਾਰੀਆਂ ਨਾਲ ਚੰਗੀ ਜਾਣ-ਪਛਾਣ ਹੈ। ਕੇਵਲ ਕ੍ਰਿਸ਼ਨ ਨੇ ਉਕਤ ਵਿਅਕਤੀਆਂ 'ਤੇ ਵਿਸ਼ਵਾਸ ਕਰ ਕੇ ਆਪਣੀਆਂ ਦੋ ਲੜਕੀਆਂ ਪਰਮਿੰਦਰ ਰਾਣੀ ਤੇ ਦਵਿੰਦਰ ਰਾਣੀ ਨੂੰ ਪੁਲਸ ਵਿਚ ਭਰਤੀ ਕਰਵਾਉਣ ਲਈ 4 ਲੱਖ ਰੁਪਏ ਦੇ ਦਿੱਤੇ। ਕੁਝ ਦਿਨਾਂ ਬਾਅਦ ਉਕਤ ਦੋਵੇਂ ਵਿਅਕਤੀ ਫਿਰ ਉਸਦੇ ਘਰ ਆਏ। ਉਸ ਦਿਨ ਉਸਦੇ ਪੁੱਤਰ ਦਾ ਦੋਸਤ ਸੰਦੀਪ ਸਿੰਘ ਵੀ ਬੈਠਾ ਸੀ। ਸੰਦੀਪ ਸਿੰਘ ਨੇ ਪੁਲਸ 'ਚ ਭਰਤੀ ਹੋਣ ਦੀ ਇੱਛਾ ਜ਼ਾਹਿਰ ਕੀਤੀ। ਕੁਝ ਹੋਰ ਲੜਕੇ ਵੀ ਪੁਲਸ 'ਚ ਭਰਤੀ ਹੋਣ ਲਈ ਉਕਤ ਵਿਅਕਤੀਆਂ ਨੂੰ ਪੈਸੇ ਦੇਣ ਲਈ ਤਿਆਰ ਹੋ ਗਏ, ਜਿਨ੍ਹਾਂ ਨੇ 7 ਲੱਖ ਤੇ 5 ਲੱਖ ਰੁਪਏ ਉਕਤ ਵਿਅਕਤੀਆਂ ਨੂੰ ਦੇ ਦਿੱਤੇ। ਉਕਤ ਵਿਅਕਤੀਆਂ ਵੱਲੋਂ 11 ਜੂਨ 2016 ਨੂੰ ਤੇਜਵੀਰ ਨੇ ਸੰਦੀਪ ਕੁਮਾਰ ਨੂੰ ਹੋਰ ਸਾਢੇ ਚਾਰ ਲੱਖ ਰੁਪਏ ਦੇ ਦਿੱਤੇ। ਸੰਦੀਪ ਸਿੰਘ ਦਾ 6 ਫਰਵਰੀ 2017 ਨੂੰ ਲੁਧਿਆਣਾ 'ਚ ਦੋ ਥਾਵਾਂ 'ਤੇ ਮੈਡੀਕਲ ਵੀ ਹੋਇਆ। ਮੈਡੀਕਲ ਹੋਣ ਤੋਂ ਬਾਅਦ ਨਿਯੁਕਤੀ ਪੱਤਰ ਵੀ ਦਿੱਤਾ ਗਿਆ। ਨਿਯੁਕਤੀ ਪੱਤਰ ਤੋਂ ਬਾਅਦ ਕਪੂਰਥਲਾ 'ਚ ਬੈਲਟ ਨੰ. 1708 ਵੀ ਜਾਰੀ ਕੀਤਾ ਗਿਆ ਜੋ ਪਤਾ ਕਰਨ 'ਤੇ ਜਾਅਲੀ ਨਿਕਲਿਆ।  ਥਾਣਾ ਨੰਦਗੜ੍ਹ ਦੇ ਸਹਾਇਕ ਥਾਣੇਦਾਰ ਗਮਦੂਰ ਸਿੰਘ ਵੱਲੋਂ ਕੇਵਲ ਕ੍ਰਿਸ਼ਨ ਪੁੱਤਰ ਜੀਤ ਰਾਮ ਵਾਸੀ ਝੁੰਬਾ ਦੇ ਬਿਆਨਾਂ 'ਤੇ ਠੱਗੀ ਮਾਰਨ ਵਾਲੇ ਤੇਜਵੀਰ ਸਿੰਘ ਤੇ ਸੰਦੀਪ ਕੁਮਾਰ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। 


Related News