ਲੋਕਾਂ ਨੂੰ ਗੁੰਮਰਾਹ ਕਰ ਕੇ ਰਜਿਸਟ੍ਰੇਸ਼ਨ ਦੇ ਨਾਂ ''ਤੇ ਠੱਗੀ ਮਾਰਨ ਵਾਲਿਆਂ ''ਤੇ ਦਰਜ ਹੋਵੇਗੀ ਐੱਫ. ਆਈ. ਆਰ
Tuesday, Jan 02, 2018 - 04:02 AM (IST)

ਲੁਧਿਆਣਾ(ਵਿੱਕੀ. ਜ.ਬ.)-ਕੇਂਦਰ ਸਰਕਾਰ ਵਲੋਂ ਚਲਾਈ ਗਈ 'ਬੇਟੀ ਬਚਾਓ, ਬੇਟੀ ਪੜ੍ਹਾਓ' ਯੋਜਨਾ ਤਹਿਤ ਲੋਕਾਂ ਨੂੰ ਗੁੰਮਰਾਹ ਕਰ ਕੇ ਪੈਸੇ ਠੱਗਣ ਵਾਲਿਆਂ 'ਤੇ ਜ਼ਿਲਾ ਪ੍ਰਸ਼ਾਸਨ ਦੀ ਪੈਨੀ ਨਜ਼ਰ ਹੈ। ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਇਸ ਤਰ੍ਹਾਂ ਦੇ ਨੌਸਰਬਾਜ਼ਾਂ ਨੂੰ ਪੰਜਾਬ ਸਰਕਾਰ ਦੇ ਆਦੇਸ਼ਾਂ ਤਹਿਤ ਐੱਫ. ਆਈ. ਆਰ. ਦਰਜ ਕਰਨ ਦੀ ਚਿਤਾਵਨੀ ਦਿੱਤੀ ਹੈ।
ਡੀ. ਸੀ. ਨੇ ਦੱਸਿਆ ਕਿ 'ਬੇਟੀ ਬਚਾਓ. ਬੇਟੀ ਪੜ੍ਹਾਓ' ਯੋਜਨਾ ਤਹਿਤ ਸਰਕਾਰ ਵਲੋਂ ਲੜਕੀਆਂ ਨੂੰ ਕੋਈ ਨਕਦ ਰਾਸ਼ੀ ਨਹੀਂ ਦਿੱਤੀ ਜਾਂਦੀ ਅਤੇ ਨਾ ਹੀ ਲੜਕੀਆਂ ਦੇ ਬੈਂਕ ਖਾਤਿਆਂ 'ਚ ਕੋਈ ਪੈਸੇ ਭੇਜੇ ਜਾਂਦੇ ਹਨ ਪਰ ਸਮਾਜਿਕ ਸੁਰੱਖਿਆ ਅਤੇ ਮਹਿਲਾ ਬਾਲ ਵਿਕਾਸ ਵਿਭਾਗ ਦੇ ਧਿਆਨ 'ਚ ਆਇਆ ਹੈ ਕਿ ਰਾਜ ਦੇ ਕੁੱਝ ਜ਼ਿਲਿਆਂ ਵਿਚ ਕੁਝ ਗੈਰ-ਸਰਕਾਰੀ ਵਿਅਕਤੀਆਂ ਵਲੋਂ ਆਮ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਸਰਕਾਰ ਵਲੋਂ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਤਹਿਤ ਲੜਕੀਆਂ ਨੂੰ 2 ਲੱਖ ਰੁਪਏ ਨਕਦ ਦਿੱਤੇ ਜਾਣਗੇ। ਇਸ ਤਰ੍ਹਾਂ ਦੇ ਨੌਸਰਬਾਜ਼ ਲੋਕ ਆਮ ਜਨਤਾ ਤੋਂ ਰਜਿਸਟ੍ਰੇਸ਼ਨ ਕਰਵਾਉਣ ਦੇ ਨਾਂ 'ਤੇ ਪੈਸੇ ਠੱਗ ਰਹੇ ਹਨ, ਜੋ ਗੈਰ-ਕਾਨੂੰਨੀ ਅਤੇ ਅਨੈਤਿਕ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਇਸ ਦੇ ਨਕਲੀ ਫਾਰਮ ਵੇਚਣ ਅਤੇ ਭਰਨ ਵਾਲਿਆਂ ਖਿਲਾਫ ਐੱਫ. ਆਈ. ਆਰ. ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਡੀ. ਸੀ. ਨੇ ਲੋਕਾਂ ਨੂੰ ਸੁਝਾਅ ਦਿੱਤਾ ਕਿ ਇਸ ਤਰ੍ਹਾਂ ਦੇ ਲੋਕਾਂ ਤੋਂ ਸੁਚੇਤ ਰਿਹਾ ਜਾਵੇ ਅਤੇ ਕਿਸੇ ਤਰ੍ਹਾਂ ਦੇ ਗੈਰ-ਕਾਨੂੰਨੀ ਫਾਰਮ 'ਚ ਆਪਣੀ ਜਾਣਕਾਰੀ ਸਾਂਝੀ ਨਾ ਕੀਤੀ ਜਾਵੇ।