ਪੰਜਾਬ ਕੇਸਰੀ ਪ੍ਰੈੱਸ ’ਤੇ ਮਾਮਲਾ ਦਰਜ ਕਰ ਕੇ ਉਸ ਦੀ ਅਵਾਜ਼ ਨੂੰ ਦੱਬਣਾ ਪੰਜਾਬ ਸਰਕਾਰ ਨੂੰ ਸ਼ੋਭਾ ਨਹੀਂ ਦਿੰਦਾ: ਅਕਾਲੀ ਆਗੂ
Monday, Jan 19, 2026 - 12:55 AM (IST)
ਮਾਨਸਾ/ ਬੁਢਲਾਡਾ (ਮਿੱਤਲ/ਮਨਜੀਤ) - ਪੰਜਾਬ ਕੇਸਰੀ ਗਰੁੱਪ ’ਤੇ ਪੰਜਾਬ ਸਰਕਾਰ ਵੱਲੋਂ ਕਾਰਵਾਈ ਕਰਦਿਆਂ ਮਾਮਲਾ ਦਰਜ ਕਰਨ ਦੀ ਚਾਰੇ-ਪਾਸਿਓਂ ਨਿੰਦਾ ਹੋ ਰਹੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਸੀਨੀਅਰੀ ਅਕਾਲੀ ਆਗੂ ਆਤਮਜੀਤ ਸਿੰਘ ਕਾਲਾ, ਯੂਥ ਅਕਾਲੀ ਦਲ ਪੰਜਾਬ ਦੀ ਕੋਰ ਕਮੇਟੀ ਦੇ ਮੈਂਬਰ ਗੁਰਦੀਪ ਸਿੰਘ ਟੋਡਰਪੁਰ, ਗੁਰਪ੍ਰੀਤ ਸਿੰਘ ਚਹਿਲ, ਸਿਕੰਦਰ ਸਿੰਘ ਜੈਲਦਾਰ, ਅਕਾਲੀ ਆਗੂ ਅਮਰਜੀਤ ਸਿੰਘ ਕੁਲਾਣਾ, ਯਾਦਵਿੰਦਰ ਸਿੰਘ ਯਾਦੀ, ਕਰਮਜੀਤ ਸਿੰਘ ਮਾਘੀ, ਨੇ ਕਿਹਾ ਕਿ ਪੰਜਾਬ ਕੇਸਰੀ ਪ੍ਰੈੱਸ ’ਤੇ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਕੇ ਉਸ ਦੀ ਆਵਾਜ਼ ਨੂੰ ਦੱਬਣਾ ਪੰਜਾਬ ਸਰਕਾਰ ਨੂੰ ਸੋਭਾ ਨਹੀਂ ਦਿੰਦਾ।
ਉਨ੍ਹਾਂ ਕਿਹਾ ਕਿ ਪ੍ਰੈੱਸ ਆਜ਼ਾਦ ਹੁੰਦੀ ਹੈ, ਜੋ ਆਜ਼ਾਦ ਤੌਰ ’ਤੇ ਸਭ ਦੀ ਗੱਲ ਕਰਦੀ ਹੈ। ਉਨ੍ਹਾਂ ਕਿਹਾ ਕਿ ਪ੍ਰੈੱਸ ’ਤੇ ਕੀਤਾ ਇਹ ਹਮਲਾ ਬਿਲਕੁਲ ਵੀ ਬਰਦਾਸ਼ਤਯੋਗ ਨਹੀਂ ਹੈ। ਇਸ ਨਾਲ ਪ੍ਰੈੱਸ ਦੀ ਆਜ਼ਾਦੀ ਅਤੇ ਲੋਕਾਂ ਦਾ ਗਲਾ ਘੁੱਟਿਆ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੂੰ ਇਹ ਸਭ ਕੁਝ ਨਹੀਂ ਕਰਨਾ ਚਾਹੀਦਾ ਅਤੇ ਜੋ ਕੋਈ ਵੀ ਮਾਮਲਾ ਹੈ, ਉਸ ਦੀ ਚੰਗੀ ਤਰ੍ਹਾਂ ਪੜਤਾਲ ਕਰ ਕੇ ਹੀ ਉਸ ਮਾਮਲੇ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਅਤੇ ਬਿਨਾਂ ਗੱਲੋਂ ਪ੍ਰੇਸ਼ਾਨ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਸਰਕਾਰ ਦੀ ਇਸ ਕਾਰਵਾਈ ਅਤੇ ਮਾਮਲੇ ਦਾ ਵਿਰੋਧ ਕਰਦਾ ਹੈ ਅਤੇ ਪ੍ਰੈੱਸ ਦੇ ਹੱਕ ’ਚ ਖੜ੍ਹਾ ਹੈ।
