ਨੌਜਵਾਨ ਨਾਲ ਵਿਆਹ ਕਰ ਕੇ ਧੋਖਾਦੇਹੀ ਕਰਨ ਵਾਲੇ ਪਿਓ-ਧੀ ਖ਼ਿਲਾਫ਼ ਮਾਮਲਾ ਦਰਜ
Saturday, Jan 17, 2026 - 11:05 AM (IST)
ਤਲਵੰਡੀ ਭਾਈ (ਪਾਲ) : ਥਾਣਾ ਘੱਲ ਖੁਰਦ ਦੀ ਪੁਲਸ ਨੇ ਇਕ ਨੌਜਵਾਨ ਨਾਲ ਵਿਆਹ ਕਰ ਕੇ ਉਸ ਦੇ ਪਰਿਵਾਰ ਨਾਲ ਵਿਦੇਸ਼ ਜਾ ਕੇ ਧੋਖਾਦੇਹੀ ਕਰਨ ਵਾਲੀ ਕੁੜੀ ਅਤੇ ਉਸ ਦੇ ਪਿਤਾ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਘੱਲ ਖੁਰਦ ਦੇ ਏ. ਐੱਸ. ਆਈ. ਅੰਗਰੇਜ਼ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨ ’ਚ ਸ਼ਿਕਾਇਤਕਰਤਾ ਬੇਅੰਤ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਪਿੰਡ ਮਾਣਾ ਸਿੰਘ ਵਾਲਾ ਨੇ ਦੱਸਿਆ ਕਿ ਉਸ ਦੇ ਪੁੱਤਰ ਕਮਲਜੀਤ ਸਿੰਘ ਦਾ ਵਿਆਹ ਬਬਲਜੀਤ ਕੌਰ ਪੁੱਤਰੀ ਜਗਦੇਵ ਸਿੰਘ ਵਾਸੀ ਜਵਾਹਰ ਸਿੰਘ ਵਾਲਾ ਉਰਫ਼ ਵਾੜਾ ਜੈਦਾ ਨਾਲ 6 ਫਰਵਰੀ 2018 ਨੂੰ ਹੋਇਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਨੂੰਹ ਬਬਲਜੀਤ ਕੌਰ ਦੀ ਨਰਸਿੰਗ, ਆਈਲੈੱਟਸ ਅਤੇ ਵਿਦੇਸ਼ ਜਾਣ ਦਾ ਸਾਰਾ ਖ਼ਰਚਾ ਉਨ੍ਹਾਂ ਦੇ ਪਰਿਵਾਰ ਨੇ ਕੀਤਾ ਸੀ।
ਪਹਿਲਾਂ ਆਸਟਰੇਲੀਆ ਦੀ ਫਾਈਲ ਅਪਲਾਈ ਕੀਤੀ ਗਈ ਸੀ, ਜਿਸ ’ਤੇ ਰਿਫਿਊਜ਼ਲ ਆਉਣ ਕਾਰਨ ਉਨ੍ਹਾਂ ਦੇ 12 ਲੱਖ 50 ਹਜ਼ਾਰ ਰੁਪਏ ਖ਼ਰਾਬ ਹੋ ਗਏ ਸਨ। ਇਸ ਤੋਂ ਬਾਅਦ ਦੁਬਾਰਾ ਬਬਲਜੀਤ ਕੌਰ ਦੀ ਮਾਤਾ ਸ਼ਰਨਜੀਤ ਕੌਰ ਅਤੇ ਭਰਾ ਰਾਜਵੀਰ ਸਿੰਘ ਦੇ ਕਹਿਣ ’ਤੇ ਉਨ੍ਹਾਂ ਨੇ ਕੈਨੇਡਾ ਦੀ ਫਾਈਲ ਅਪਲਾਈ ਕੀਤੀ। ਬਬਲਜੀਤ ਕੌਰ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਆ ਗਿਆ ਅਤੇ ਅਪ੍ਰੈਲ 2021 ’ਚ ਉਹ ਕੈਨੇਡਾ ਚਲੀ ਗਈ, ਜਿਸ ਦੇ ਉੱਥੇ ਜਾਣ ’ਤੇ 28 ਤੋਂ 30 ਲੱਖ ਰੁਪਏ ਖ਼ਰਚ ਕੀਤੇ ਗਏ। ਸ਼ਿਕਾਇਤਕਰਤਾ ਨੇ ਦੱਸਿਆ ਕਿ ਬਬਲਜੀਤ ਕੌਰ ਨੇ ਆਪਣੇ ਪਿਤਾ ਜਗਦੇਵ ਸਿੰਘ ਨਾਲ ਮਿਲ ਕੇ ਉੱਥੇ ਪਹੁੰਚ ਕੇ ਉਨ੍ਹਾਂ ਨਾਲ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ ਅਤੇ ਉਨ੍ਹਾਂ ਨਾਲ ਧੋਖਾਦੇਹੀ ਕੀਤੀ ਹੈ। ਮਾਮਲੇ ਦੀ ਜਾਂਚ ਕਰ ਰਹੇ ਅੰਗਰੇਜ਼ ਸਿੰਘ ਨੇ ਦੱਸਿਆ ਕਿ ਪੁਲਸ ਨੇ ਉਕਤ ਮਾਮਲੇ ’ਚ ਬਬਲਜੀਤ ਕੌਰ ਅਤੇ ਉਸ ਦੇ ਪਿਤਾ ਜਗਦੇਵ ਸਿੰਘ ਪੁੱਤਰ ਸੁਰਜੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
