ਨਵੀਂ ਕੰਬਾਈਨ ਬਣਾ ਕੇ ਦੇਣ ਦਾ ਝਾਂਸਾ ਦੇ ਕੇ ਹੜੱਪੇ 15 ਲੱਖ, ਧੋਖਾਧੜੀ ਦਾ ਮਾਮਲਾ ਦਰਜ
Tuesday, Apr 11, 2023 - 06:16 PM (IST)
ਮੋਗਾ (ਆਜ਼ਾਦ) : ਮੋਗਾ ਜ਼ਿਲ੍ਹੇ ਦੇ ਪਿੰਡ ਤਲਵੰਡੀ ਨੌਂ ਬਹਾਰ ਨਿਵਾਸੀ ਰਵਿੰਦਰ ਸਿੰਘ ਨੇ ਨਾਭਾ ਦੇ ਇਕ ਕੰਬਾਈਨ ਵਿਕਰੇਤਾ ’ਤੇ ਉਸ ਨੂੰ ਕੰਬਾਈਨ ਤਿਆਰ ਕਰ ਦੇਣ ਦੇ ਨਾਂ ’ਤੇ 15 ਲੱਖ ਰੁਪਏ ਹੜੱਪਣ ਦਾ ਦੋਸ਼ ਲਗਾਇਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਕਥਿਤ ਦੋਸ਼ੀ ਖ਼ਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਚੌਂਕੀ ਦੋਲੇਵਾਲਾ ਦੇ ਇੰਚਾਰਜ ਥਾਣੇਦਾਰ ਪੂਰਨ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਰਵਿੰਦਰ ਪਾਲ ਸਿੰਘ ਨਿਵਾਸੀ ਪਿੰਡ ਤਲਵੰਡੀ ਨੌਂਬਹਾਰ ਨੇ ਕਿਹਾ ਕਿ ਉਸ ਨੇ 2023 ਵਿਚ ਕਥਿਤ ਦੋਸ਼ੀ ਅਮਨਪ੍ਰੀਤ ਸਿੰਘ ਮੈਸ. ਕਾਰਬਰੋ ਐਗਰੋਟੈਕ ਨਾਭਾ (ਪਟਿਆਲਾ) ਨੂੰ ਕੰਬਾਈਨ ਲੈਣ ਲਈ 15 ਲੱਖ ਰੁਪਏ ਦਿੱਤੇ ਸਨ, ਜਿਸ ਨੇ ਮੈਂਨੂੰ ਯਕੀਨ ਦਿਵਾਇਆ ਸੀ ਕਿ ਉਹ ਜਲਦ ਹੀ ਉਸ ਨੂੰ ਨਵੀਂ ਕੰਬਾਈਨ ਤਿਆਰ ਕਰ ਕੇ ਦੇ ਦੇਵੇਗਾ ਪਰ ਉਸਨੇ ਨਾ ਤਾਂ ਮੈਨੂੰ ਕੰਬਾਈਨ ਬਣਾ ਕੇ ਦਿੱਤੀ ਅਤੇ ਨਾ ਹੀ ਮੇਰੇ ਪੈਸੇ ਵਾਪਸ ਕੀਤੇ। ਇਸ ਤਰ੍ਹਾਂ ਮੇਰੇ ਨਾਲ 15 ਲੱਖ ਰੁਪਏ ਦੀ ਧੋਖਾਧੜੀ ਕੀਤੀ ਗਈ।
ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੇ ਡੀ. ਐੱਸ. ਪੀ. ਧਰਮਕੋਟ ਨੂੰ ਜਾਂਚ ਦਾ ਆਦੇਸ਼ ਦਿੱਤਾ। ਜਾਂਚ ਅਧਿਕਾਰੀ ਨੇ ਦੋਹਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ। ਜਾਂਚ ਤੋਂ ਬਾਅਦ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਕਾਨੂੰਨੀ ਰਾਏ ਹਾਸਲ ਕਰਨ ਤੋਂ ਬਾਅਦ ਕਥਿਤ ਦੋਸ਼ੀ ਅਮਨਪ੍ਰੀਤ ਸਿੰਘ ਨਿਵਾਸੀ ਨਾਭਾ ਮਾਰਫਤ ਮੈਸ: ਐਗਰੋਟਿਕ ਖ਼ਿਲਾਫ ਥਾਣਾ ਕੋਟ ਈਸੇ ਖਾਂ ਵਿਚ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ਪੂਰਨ ਸਿੰਘ ਨੇ ਕਿਹਾ ਕਿ ਕਥਿਤ ਦੋਸ਼ੀ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।