ਚਾਰ ਮੰਜ਼ਿਲਾ ਨਵੀਂ ਉਸਾਰੀ ਬਿਲਡਿੰਗ ਉਪਰੰਤ ਗੁਆਂਢੀਆਂ ਦੇ ਘਰ ''ਚ ਆਈਆਂ ਤਰੇੜਾਂ

Sunday, Aug 27, 2017 - 01:10 PM (IST)

ਕਿਸ਼ਨਗੜ੍ਹ(ਬੈਂਸ)— ਕਿਸ਼ਨਗੜ੍ਹ-ਕਰਤਾਰਪੁਰ ਲਿੰਕ ਸੜਕ ਨਾਲ ਸਬੰਧਤ ਕਿਸ਼ਨਗੜ੍ਹ ਮੇਨ ਮਾਰਕੀਟ 'ਚ ਇਕ ਨਵੀਂ ਉਸਾਰੀ ਗਈ ਚਾਰ ਮੰਜ਼ਿਲਾ ਬਿਲਡਿੰਗ ਉਪਰੰਤ ਗੁਆਂਢੀਆਂ ਦੇ ਘਰਾਂ 'ਚ ਤਰੇੜਾਂ ਆ ਜਾਣ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਵਿਚੋਂ ਗੁਰਮੀਤ ਰਾਮ ਉਰਫ ਮੀਤਾ, ਉਸ ਦੀ ਪਤਨੀ ਅਤੇ ਉਸ ਦੇ ਭਰਾ ਨਿਰਮਲ ਚੰਦ ਦੋਵੇਂ ਸਪੁੱਤਰ ਸਵ. ਨਸੀਬ ਚੰਦ ਨਿਵਾਸੀ ਕਿਸ਼ਨਗੜ੍ਹ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਉਕਤ ਪਿੰਡ ਦੀ ਹੀ ਕਮਲਾ ਦੇਵੀ ਪਤਨੀ ਸਵ. ਨਸੀਬ ਚੰਦ ਪੁੱਤਰ ਅਜੀਤ ਪਾਲ ਨੇ ਇਕ ਵੱਡੇ ਭਾਰ ਤੋਲਣ ਵਾਲੇ ਕੰਡੇ ਦੇ ਸਾਹਮਣੇ ਦੋ ਕੁ ਮਰਲੇ ਦੇ ਵਿਵਾਦਤ ਪਲਾਟ 'ਚ ਜਿਹੜੀ ਚਾਰ ਮੰਜ਼ਿਲਾ ਬਿਲਡਿੰਗ ਦੀ ਉਸਾਰੀ ਜਲਦਬਾਜ਼ੀ 'ਚ ਕੀਤੀ ਹੈ। 
ਉਕਤ ਬਿਲਡਿੰਗ ਦੀਆਂ ਨੀਹਾਂ 'ਚ ਪੱਕੀ ਮਜ਼ਬੂਤੀ ਵਜੋਂ ਕੰਕਰੀਟ ਸਹੀ ਮਾਤਰਾ 'ਚ ਨਾ ਹੋਣ ਦੀ ਸੂਰਤ ਕਰ ਕੇ ਉਕਤ ਬਿਲਡਿੰਗ ਦਾ ਜ਼ਿਆਦਾ ਭਾਰ ਹੋਣ ਕਰ ਕੇ ਗੁਰਮੀਤ ਰਾਮ ਅਤੇ ਉਸ ਦੇ ਇਕ ਹੋਰ ਗੁਆਂਢੀ ਦੇ ਮਕਾਨ 'ਚ ਕਾਫੀ ਤਰੇੜਾਂ ਆ ਗਈਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਉਕਤ ਬਿਲਡਿੰਗ ਦੀ ਉਸਾਰੀ ਨਾਲ ਉਨ੍ਹਾਂ ਦੇ ਮਕਾਨ ਨਾਲ ਕਿਸੇ ਵੇਲੇ ਕੋਈ ਅਣਸੁਖਾਵੀ ਘਟਨਾ ਨਾਲ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ। ਗੁਰਮੀਤ ਰਾਮ ਦੇ ਪਰਿਵਾਰ ਨੇ ਜ਼ਿਲਾ ਪ੍ਰਸ਼ਾਸਨ ਪਾਸੋਂ ਉਕਤ ਬਿਲਡਿੰਗ ਦੀ ਉਸਾਰੀ ਕਾਰਨ ਜੇਕਰ ਉਨ੍ਹਾਂ ਦਾ ਮਕਾਨ ਡਿਗਣ ਕਰ ਕੇ ਜਾਨੀ ਮਾਲੀ ਨੁਕਸਾਨ ਹੁੰਦਾ ਹੈ, ਲਈ ਬਚਾਅ ਵਾਸਤੇ ਪੁਰਜ਼ੋਰ ਸ਼ਬਦਾਂ 'ਚ ਇਨਸਾਫ ਦੀ ਮੰਗ ਕੀਤੀ ਹੈ।
ਕੀ ਕਹਿੰਦੀ ਹੈ ਨਵ-ਉਸਾਰੀ ਬਿਲਡਿੰਗ ਧਿਰ: ਜਦ ਉਕਤ ਮਾਮਲੇ ਸਬੰਧੀ ਨਵ ਉਸਾਰੀ ਬਿਲਡਿੰਗ ਧਿਰ ਦੀ ਮਾਲਕਣ ਸ਼੍ਰੀਮਤੀ ਕਮਲਾ ਦੇਵੀ ਅਤੇ ਉਨ੍ਹਾਂ ਦੇ ਸਪੁੱਤਰ ਦਾ ਪੱਖ ਜਾਣਿਆ ਗਿਆ ਤਾਂ ਉਨ੍ਹਾਂ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਸਾਰੀ ਬਿਲਡਿੰਗ ਬਿਲਕੁਲ ਸਹੀ ਤਰੀਕੇ ਨਾਲ ਤਿਆਰ ਕੀਤੀ ਗਈ ਹੈ, ਉਸ ਵਿਚ ਕੋਈ ਅਣਗਹਿਲੀ ਨਹੀਂ ਵਰਤੀ ਗਈ, ਅਸੀਂ ਵੀ ਉਸ ਵਿਚ ਰਹਿਣਾ ਹੈ। 
ਸ਼ਿਕਾਇਤ ਕਰਤਾ ਗੁਰਮੀਤ ਰਾਮ ਦੇ ਕਾਫੀ ਪੁਰਾਣੇ ਮਕਾਨ ਹਨ। ਫਿਰ ਵੀ ਜੇਕਰ ਕੁਦਰਤੀ ਉਨ੍ਹਾਂ ਦੇ ਮਕਾਨ 'ਚ ਤਰੇੜਾਂ ਆ ਗਈਆਂ ਹਨ। ਅਸੀਂ ਗੁਆਂਢੀ ਭਾਈਚਾਰਕ ਸਾਂਝ ਕਰਕੇ ਉਨ੍ਹਾਂ ਦੀ ਮੁਰੰਮਤ ਕਰਵਾਉਣ ਲਈ ਵੀ ਸਹਿਮਤ ਹਾਂ। ਇਸ ਸਬੰਧੀ ਗ੍ਰਾਮ ਪੰਚਾਇਤ ਕਿਸ਼ਨਗੜ੍ਹ ਨੇ ਸਾਡਾ ਦੋਹਾਂ ਧਿਰਾਂ ਦਾ ਮਕਾਨ 'ਚ ਆਈਆਂ ਤਰੇੜਾਂ ਨੂੰ ਮੁਰੰਮਤ ਕਰਵਾਉਣ ਸਬੰਧੀ ਲਿਖਤੀ ਰਾਜ਼ੀਨਾਮਾ ਕਰਵਾ ਦਿੱਤਾ ਹੈ। ਜਦੋਂ ਰਾਜ਼ੀਨਾਮਾ ਸਬੰਧੀ ਸਰਪੰਚ ਪਰਮਜੀਤ ਕੁਮਾਰ ਕਿਸ਼ਨਗੜ੍ਹ ਦਾ ਪੱਖ ਜਾਣਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਦੋਵਾਂ ਧਿਰਾਂ 'ਚ ਲਿਖਤੀ ਰਾਜ਼ੀਨਾਮਾ ਹੋ ਚੁੱਕਾ ਹੈ ਪਰ ਪਿੰਡ ਦੇ ਕੁਝ ਅਖੌਤੀ ਆਗੂ ਗੁਆਂਢੀਆਂ ਦੀ ਆਪਸੀ ਭਾਈਚਾਰਕ ਸਾਂਝ 'ਚ ਤਰੇੜਾਂ ਪਾ ਕੇ ਪਿੰਡ ਦਾ ਮਾਹੌਲ ਖਰਾਬ ਕਰ ਰਹੇ ਹਨ।


Related News