ਦੋ ਕਾਰਾਂ ਦੀ ਟੱਕਰ ’ਚ ਨੌਜਵਾਨ ਦੀ ਮੌਤ, ਚਾਰ ਜ਼ਖ਼ਮੀ
Friday, Sep 20, 2024 - 06:00 PM (IST)
ਪਠਾਨਕੋਟ (ਮਨਿੰਦਰ) : ਪਠਾਨਕੋਟ-ਚੰਬਾ ਨੈਸ਼ਨਲ ਹਾਈਵੇ ’ਤੇ ਪਿੰਡ ਭਟਵਾਂ ਨੇੜੇ ਦੋ ਕਾਰਾਂ ਦੀ ਟੱਕਰ ’ਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਤੇ ਭੈਣ ਅਤੇ ਦੂਜੀ ਕਾਰ ’ਚ ਸਵਾਰ ਪਤੀ-ਪਤਨੀ ਜ਼ਖਮੀ ਹੋ ਗਏ । ਹਾਦਸੇ ਤੋਂ ਬਾਅਦ ਸਾਰਿਆਂ ਨੂੰ ਇਲਾਜ ਲਈ ਕਮਿਊਨਿਟੀ ਹੈਲਥ ਸੈਂਟਰ ਬੱਧਨੀ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਮ੍ਰਿਤਕ ਦੀ ਪਛਾਣ ਮਨੋਜ ਕੁਮਾਰ (42) ਪੁੱਤਰ ਸੁਦੇਸ਼ ਕੁਮਾਰ ਵਾਸੀ ਪਿੰਡ ਬਧਾਨੀ ਵਜੋਂ ਹੋਈ ਹੈ। ਜ਼ਖਮੀਆਂ ’ਚ ਰਮਾ (32) ਪਤਨੀ ਮਨੋਜ ਕੁਮਾਰ ਵਾਸੀ ਪਿੰਡ ਬਧਾਨੀ, ਬਿੰਦੂ ਬਾਲਾ (35) ਪਤਨੀ ਦਰਸ਼ਨ ਕੁਮਾਰ ਵਾਸੀ ਪਿੰਡ ਪੰਜੂਪੁਰ, ਜਦਕਿ ਦੂਜੀ ਕਾਰ ’ਚ ਸਵਾਰ ਪਤੀ-ਪਤਨੀ ਪੁਲ ਸਿੰਘ (66) ਪੁੱਤਰ ਕਾਲੀ ਰਾਮ ਅਤੇ ਸ਼ਕੁੰਤਲਾ ਦੇਵੀ ਪਤਨੀ ਪੁਲ ਸਿੰਘ ਵਾਸੀ ਦਿੱਲੀ ਵਜੋਂ ਹੋਈ ਹੈ।
ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਜ਼ਖਮੀ ਬਿੰਦੂ ਬਾਲਾ ਨੇ ਦੱਸਿਆ ਕਿ ਉਹ ਆਪਣੇ ਭਰਾ ਅਤੇ ਭਰਜਾਈ ਨਾਲ ਕਾਰ ’ਚ ਬਧਾਨੀ ਤੋਂ ਚੰਬਾ ਜਾ ਰਹੀ ਸੀ ਜਦੋਂ ਉਹ ਪਿੰਡ ਭਟਵਾਂ ਨੇੜੇ ਪੁੱਜੇ ਤਾਂ ਸਾਹਮਣਿਓਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਸਿਰ ’ਚ ਡੂੰਘੀ ਸੱਟ ਲੱਗਣ ਕਾਰਨ ਉਸ ਦੇ ਭਰਾ ਮਨੋਜ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸ ਦੀ ਭਰਜਾਈ ਜ਼ਖਮੀ ਹੋ ਗਈ। ਦੂਸਰੀ ਕਾਰ ’ਚ ਸਵਾਰ ਜ਼ਖਮੀ ਪੁਲ ਸਿੰਘ ਨੇ ਦੱਸਿਆ ਕਿ ਉਹ ਡਲਹੌਜ਼ੀ ਤੋਂ ਦਿੱਲੀ ਸਥਿਤ ਆਪਣੇ ਘਰ ਵੱਲ ਜਾ ਰਿਹਾ ਸੀ ਤਾਂ ਉਸ ਦੀ ਕਾਰ ਦੇ ਅੱਗੇ ਦੋ ਬਾਈਕ ਆ ਰਹੇ ਸਨ, ਜਦੋਂ ਉਹ ਉਨ੍ਹਾਂ ਨੂੰ ਪਾਰ ਕਰਨ ਲੱਗਾ ਤਾਂ ਉਸ ਦੀ ਕਾਰ ਇਕ ਕਾਰ ਨਾਲ ਟਕਰਾ ਗਈ । ਉਸ ਨੇ ਦੱਸਿਆ ਕਿ ਇਸ ਹਾਦਸੇ ਵਿਚ ਉਸ ਦੀ ਕਾਰ ਦੇ ਦੋਵੇਂ ਏਅਰ ਬੈਗ ਖੁੱਲ੍ਹ ਗਏ, ਜਿਸ ਕਾਰਨ ਉਸ ਦਾ ਬਚਾਅ ਹੋ ਗਿਆ। ਇਸ ਸਬੰਧੀ ਪੁਲਸ ਚੌਕੀ ਦੁਨੇਰਾ ਦੇ ਇੰਚਾਰਜ ਦਲਵੀਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ, ਜਦਕਿ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।