ਨਵੀਂ ਪਾਰਟੀ ਬਣਾਵੇਗਾ MP ਅੰਮ੍ਰਿਤਪਾਲ ਸਿੰਘ, ਪਿਤਾ ਨੇ ਕੀਤਾ ਵੱਡਾ ਐਲਾਨ
Sunday, Sep 29, 2024 - 11:45 AM (IST)

ਅੰਮ੍ਰਿਤਸਰ : ਨੈਸ਼ਨਲ ਸਿਕਿਉਰਿਟੀ ਐਕਟ ਤਹਿਤ ਡਿਬਰੂਗੜ੍ਹ ਜੇਲ ਵਿਚ ਬੰਦ ਹਲਕਾ ਖਡੂਰ ਸਾਹਿਬ ਤੋਂ ਐੱਮ.ਪੀ. ਅੰਮ੍ਰਿਤਪਾਲ ਸਿੰਘ ਜਲਦ ਹੀ ਨਵੀਂ ਪਾਰਟੀ ਦਾ ਗਠਨ ਕਰਨ ਜਾ ਰਿਹਾ ਹੈ। ਇਸ ਸੰਬੰਧੀ ਇਕ ਐਲਾਨ ਕਰਦਿਆਂ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਦੱਸਿਆ ਕਿ ਜਲਦ ਹੀ ਇਕ ਸਿਆਸੀ ਪਾਰਟੀ ਦਾ ਗਠਨ ਅੰਮ੍ਰਿਤਪਾਲ ਸਿੰਘ ਵਲੋਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਇਹ ਫੈਸਲਾ ਲਿਆ ਕੀਤਾ ਗਿਆ ਹੈ, ਕਿ ਆਪਣੀ ਪਾਰਟੀ ਦਾ ਗਠਨ ਕਰ ਲਿਆ ਜਾਵੇ। ਇਹ ਫੈਸਲਾ ਪੰਜਾਬ ਦੇ ਲੋਕਾਂ ਦੀ ਰਾਏ ਮੁਤਾਬਕ ਕੀਤਾ ਗਿਆ ਹੈ ਤੇ ਜਲਦ ਹੀ ਇਸਨੂੰ ਅਮਲੀ ਜਾਮਾ ਪਹਿਣਾ ਦਿੱਤਾ ਜਾਵੇਗਾ।
ਦੱਸ ਦਈਏ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਗਠਨ ਨੂੰ 4 ਸਾਲ ਪੂਰੇ ਹੋਣ ਉੱਤੇ ਅ੍ਰਮਿਤਪਾਲ ਸਿੰਘ ਦੇ ਪਿਤਾ ਤੇ ਹੋਰ ਪਰਿਵਾਰਕ ਮੈਂਬਰਾਂ ਸ੍ਰੀ ਅਕਾਲ ਤਖਤ ਸਾਹਿਬ ’ਤੇ ਨਤਮਸਤਕ ਹੋਏ ਅਤੇ ਅਰਦਾਸ ਕੀਤੀ। ਤਰਸੇਮ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਇਕ ਖੇਤਰੀ ਪਾਰਟੀ ਦੀ ਲੋੜ ਹੈ। ਜਿਸ ਕਾਰਨ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਦੇ ਲੋਕਾਂ ਫੈਸਲੇ ਮੁਤਾਬਕ ਪਾਰਟੀ ਬਣਾਉਣ ਬਾਰੇ ਵਿਚਾਰ ਕੀਤਾ ਤੇ ਹੁਣ ਜਲਦ ਹੀ ਨਵੀਂ ਪਾਰਟੀ ਦਾ ਗਠਨ ਕਰ ਦਿੱਤਾ ਜਾਵੇਗਾ।
ਖਡੂਰ ਸਾਹਿਬ ਹਲਕੇ ਦੇ ਮੈਂਬਰ ਪਾਰਲੀਮੈਂਟ ਅਤੇ ਵਾਰਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਖਡੂਰ ਸਾਹਿਬ ਹਲਕੇ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਪੰਜਾਬ ਵਿੱਚ ਇੱਕ ਅਲੱਗ ਹੀ ਚਰਚਾ ਛਿੜ ਗਈ ਸੀ। ਹੁਣ ਪਾਰਟੀ ਬਣਾਉਣ ਦੇ ਐਲਾਨ ਨੇ ਵੀ ਪੰਜਾਬ ਦੇ ਸਿਆਸਤ ਵਿੱਚ ਨਵੀਂ ਚਰਚਾ ਨੂੰ ਜਨਮ ਦਿੱਤਾ ਹੈ। ਖੈਰ ਵੇਖਣ ਵਾਲੀ ਗੱਲ ਹੁਣ ਇਹ ਹੈ ਕਿ ਇਸ ਪਾਰਟੀ ਦਾ ਗਠਨ ਕਦੋਂ ਕੀਤਾ ਜਾਂਦਾ ਹੈ ਤੇ ਪਾਰਟੀ ਦੀ ਵਾਗਡੋਰ ਕਿਸ ਨੂੰ ਸੌਂਪੀ ਜਾਂਦੀ ਹੈ।