ਪੰਜਾਬ ''ਚ ਵੱਡੀ ਵਾਰਦਾਤ! ਰਸਤੇ ਦੀ ਰੰਜਿਸ਼ ਨੂੰ ਲੈ ਕੇ ਸਾਬਕਾ ਸਰਪੰਚ ਦਾ ਕਤਲ
Friday, Nov 07, 2025 - 07:31 PM (IST)
ਮੁਕੇਰੀਆਂ (ਨਾਗਲਾ)- ਮੁਕੇਰੀਆਂ ਉਪ ਮੰਡਲ ਦੇ ਪਿੰਡ ਨੰਗਲ ਅਵਾਣਾ ਵਿਖੇ ਰਸਤੇ ਦੀ ਰੰਜਿਸ਼ ਨੂੰ ਲੈ ਕੇ ਕੱਲ ਸ਼ਾਮ ਸਾਬਕਾ ਸਰਪੰਚ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕਤਲ ਕਰਵਾਉਣ ਵਾਲਿਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਸਥਾਨਕ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ’ਤੇ ਸਥਿਤ ਨੌਸ਼ਹਿਰਾ ਪੱਤਣ ਚੌਕ ਵਿਖੇ ਚੱਕਾ ਜਾਮ ਕਰ ਦਿੱਤਾ। ਪਰਿਵਾਰਕ ਮੈਂਬਰਾਂ ਦੇ ਦਰਦ ਨੂੰ ਦੇਖਦੇ ਹੋਏ ਸਥਾਨਕ ਵਿਧਾਇਕ ਜੰਗੀ ਲਾਲ ਮਹਾਜਨ, ਕਾਂਗਰਸੀ ਨੇਤਾ ਸਰਬਜੋਤ ਸਿੰਘ ਸਾਬੀ ਸਮੇਤ ਸੈਂਕੜੇ ਕਿਸਾਨ ਧਰਨੇ ’ਤੇ ਬੈਠ ਗਏ। ਕਿਸਾਨ ਜਥੇਬੰਦੀਆਂ ਪੁਲਸ ਦੀ ਢਿੱਲਮਠ ਵਾਲੀ ਕਾਰਵਾਈ ਦੀ ਨਿਖੇਧੀ ਕਰਦੇ ਹੋਏ ਨਾਅਰੇਬਾਜ਼ੀ ਕਰ ਰਹੀਆਂ ਸਨ ਅਤੇ ਮੰਗ ਕਰ ਰਹੀਆਂ ਸਨ ਕਿ ਕਤਲ ਕਰਵਾਉਣ ਵਾਲੇ ਨੂੰ ਗ੍ਰਿਫਤਾਰ ਕੀਤਾ ਜਾਵੇ।
ਜਥੇਬੰਦੀਆਂ ਨੇ ਦੋਸ਼ ਲਾਇਆ ਕਿ ਪੁਲਸ ਵੱਲੋਂ ਹਾਲੇ ਤੱਕ ਵੀ ਕਤਲ ’ਚ ਵਰਤੇ ਹਥਿਆਰ ਨੂੰ ਬਰਾਮਦ ਨਹੀਂ ਕੀਤਾ ਜਾ ਸਕਿਆ। ਜਦੋਂਕਿ ਕਾਤਲ ਉਨ੍ਹਾਂ ਦੀ ਗ੍ਰਿਫਤ ’ਚ ਹੈ। ਥਾਣਾ ਮੁਖੀ ਦਲਜੀਤ ਸਿੰਘ ਨੇ ਧਰਨੇ ’ਤੇ ਬੈਠੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਕੱਲ 11 ਵਜੇ ਤੱਕ ਮਸਲੇ ਦਾ ਹੱਲ ਕਰ ਦਿੱਤਾ ਜਾਵੇਗਾ। ਉਪਰੰਤ ਲੱਗਭਗ ਇਕ ਘੰਟੇ ਤੋਂ ਬਾਅਦ ਜਾਮ ਖੋਲ੍ਹ ਦਿੱਤਾ ਗਿਆ।
ਥਾਣਾ ਮੁਖੀ ਦਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਰਿਆਂਸ਼ ਮਿਨਹਾਸ ਪੁੱਤਰ ਹਰਦੇਵ ਸਿੰਘ ਵਾਸੀ ਪਿੰਡ ਨੰਗਲ ਅਵਾਣਾ ਥਾਣਾ ਮੁਕੇਰੀਆਂ ਨੇ ਬਿਆਨ ਦਿੱਤਾ ਕਿ 6 ਨਵੰਬਰ ਨੂੰ ਸਾਡੇ ਘਰ ਮੇਰੇ ਚਾਚੇ ਦਾ ਦੋਸਤ ਮਨੀਸ਼ ਮਹਜਾਨ ਵਾਸੀ ਮੁਕੇਰੀਆਂ ਵੀ ਆਇਆ ਹੋਇਆ ਸੀ ਅਤੇ ਅਸੀਂ ਤਿੰਨੋ ਜਾਣੇ ਖੇਤਾਂ ’ਚ ਗਏ ਸੀ। ਜਿੱਥੋਂ ਅਸੀਂ ਤਿੰਨੋ ਵਾਪਸ ਘਰ ਨੂੰ ਆ ਰਹੇ ਸੀ ਤਾਂ ਮੇਰਾ ਚਾਚਾ ਸੋਰਵ ਮਿਨਹਾਸ, ਜੋ ਕਿ 10 ਵਰ੍ਹੇ ਪਿੰਡ ਦਾ ਸਰਪੰਚ ਰਿਹਾ, ਫੋਨ ’ਤੇ ਗੱਲਬਾਤ ਕਰਦਾ ਹੋਇਆ ਸਾਡੇ ਤੋਂ ਕਰੀਬ 15-20 ਫੁੱਟ ਅੱਗੇ-ਅੱਗੇ ਚੱਲ ਰਿਹਾ ਸੀ। ਸ਼ਾਮ ਕਰੀਬ 6.20 ਵਜੇ ਜਦੋਂ ਮੇਰਾ ਚਾਚਾ ਸੋਰਵ ਮਿਨਹਾਸ ਸਾਡੇ ਪਿੰਡ ਦੇ ਬੇਅੰਤ ਸਿੰਘ ਦੀ ਹਵੇਲੀ ਕੋਲ ਪੁੱਜਾ ਤਾਂ ਅਚਾਨਕ ਹਵੇਲੀ ’ਚੋਂ ਬੇਅੰਤ ਸਿੰਘ ਉਰਫ ਵਿੱਕੀ ਨਿਕਲਿਆ, ਜਿਸ ਦੇ ਹੱਥ ’ਚ ਤੇਜ਼ਧਾਰ ਹਥਿਆਰ ਸੀ, ਜਿਸ ਨੇ ਸੋਰਵ ਮਿਨਹਾਸ ’ਤੇ ਹਮਲਾ ਕਰ ਦਿੱਤਾ ਅਤੇ ਸਾਡੇ ਦੇਖਦੇ-ਦੇਖਦੇ ਮੇਰੇ ਚਾਚੇ ਸੋਰਵ ਮਿਨਹਾਸ ਦੇ ਸਰੀਰ ’ਤੇ ਕਈ ਵਾਰ ਕੀਤੇ, ਜਿਸ ਨਾਲ ਮੇਰਾ ਚਾਚਾ ਸੋਰਵ ਮਿਨਹਾਸ ਗੰਭੀਰ ਜ਼ਖਮੀ ਹੋ ਗਿਆ।
ਜਦੋਂ ਅਸੀਂ ਉਸ ਵੱਲ ਭੱਜੇ ਤਾਂ ਬੇਅੰਤ ਸਿੰਘ ਆਪਣੇ ਦਸਤੀ ਹਥਿਆਰ ਨਾਲ ਮੌਕੇ ਤੋਂ ਭੱਜ ਗਿਆ। ਸੋਰਵ ਮਿਨਹਾਸ ਨੂੰ ਇਲਾਜ ਲਈ ਸਿਵਲ ਹਸਪਤਾਲ ਮੁਕੇਰੀਆਂ ਲਿਆਂਦਾ, ਜਿਥੇ ਡਾਕਟਰਾਂ ਨੇ ਮੁਢਲੀ ਡਾਕਟਰੀ ਸਹਾਇਤਾ ਦੇਣ ਤੋ ਬਾਅਦ ਹਾਲਤ ਗੰਭੀਰ ਹੋਣ ਕਰ ਕੇ ਉਸ ਨੂੰ ਰੈਫਰ ਕਰ ਦਿੱਤਾ। ਇਲਾਜ ਲਈ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ, ਜਿਥੇ ਸੋਰਵ ਮਿਨਹਾਸ ਦੀ ਜ਼ੇਰੇ ਇਲਾਜ ਮੌਤ ਹੋ ਗਈ, ਜਿਸ ਦੀ ਲਾਸ਼ ਨੂੰ ਲਿਆ ਕੇ ਸਿਵਲ ਹਸਪਤਾਲ ਮੁਕੇਰੀਆਂ ਦੇ ਮੁਰਦਾਘਰ ’ਚ ਰੱਖਿਆ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੇਅੰਤ ਸਿੰਘ ਉਕਤ ਜ਼ਬਰਦਸਤੀ ਸਾਡੇ ਖੇਤਾਂ ’ਚੋਂ ਸਾਡੇ ਕੋਲੋਂ ਰਸਤਾ ਮੰਗਦਾ ਸੀ, ਜਿਸ ਨੂੰ ਅਸੀਂ ਰਸਤਾ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ। ਇਸੇ ਰੰਜਿਸ਼ ’ਚ ਬੇਅੰਤ ਸਿੰਘ ਨੇ ਕਿਸੇ ਹੋਰ ਦੀ ਸ਼ਹਿ ’ਤੇ ਤੇਜ਼ਧਾਰ ਹਥਿਆਰ ਨਾਲ ਮੇਰੇ ਚਾਚੇ ਸੋਰਵ ਮਿਨਹਾਸ ’ਤੇ ਹਮਲਾ ਕਰ ਕੇ ਉਸ ਦਾ ਕਤਲ ਕੀਤਾ ਹੈ। ਇੱਥੇ ਇਹ ਵਰਨਣਯੋਗ ਹੈ ਕਿ ਲਾਸ਼ ਸਿਵਲ ਹਸਪਤਾਲ ਵਿਖੇ ਮੁਰਦਾਘਰ ’ਚ ਪਈ ਹੋਈ ਹੈ, ਜਿਸ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਮਸਲੇ ਦਾ ਹੱਲ ਹੋਣ ਉਪਰੰਤ ਹੀ ਸਸਕਾਰ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।
