ਟਿੱਪਰ ਹਾਦਸੇ ''ਚ ਮਾਰੇ ਗਏ ਸਾਬਕਾ ਫ਼ੌਜੀ ਲਈ ਨਿਮਿਸ਼ਾ ਮਹਿਤਾ ਨੇ ਮ੍ਰਿਤਕ ਦੇ ਪਰਿਵਾਰ ਨਾਲ ਰਲ ਕੇ ਲਾਇਆ ਧਰਨਾ

Sunday, Mar 01, 2026 - 04:36 PM (IST)

ਟਿੱਪਰ ਹਾਦਸੇ ''ਚ ਮਾਰੇ ਗਏ ਸਾਬਕਾ ਫ਼ੌਜੀ ਲਈ ਨਿਮਿਸ਼ਾ ਮਹਿਤਾ ਨੇ ਮ੍ਰਿਤਕ ਦੇ ਪਰਿਵਾਰ ਨਾਲ ਰਲ ਕੇ ਲਾਇਆ ਧਰਨਾ

ਗੜ੍ਹਸ਼ੰਕਰ- ਬੀਤੀ ਰਾਤ ਪਿੰਡ ਕੋਕੋਵਾਲ ਮਜਾਰੀ ਵਿਚ ਟਿੱਪਰ ਨਾਲ ਹੋਏ ਸੜਕ ਹਾਦਸੇ ਵਿਚ ਮਾਰੇ ਗਏ ਗੜ੍ਹੀਮਨਸੋਵਾਲ ਦੇ ਸਾਬਕਾ ਫ਼ੌਜੀ ਕਾਬਿਲ ਸਿੰਘ ਦੇ ਪਰਿਵਾਰ ਨਾਲ ਪੁਲਸ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਖ਼ਿਲਾਫ਼ ਭਾਜਪਾ ਦੀ ਗੜ੍ਹਸ਼ੰਕਰ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਮ੍ਰਿਤਕ ਦੇਹ ਪਰਿਵਾਰ ਨਾਲ ਮਿਲ ਕੇ ਬੰਗਾ ਚੌਕ ਵਿਚ ਧਰਨਾ ਲਾਇਆ। ਮ੍ਰਿਤਕ ਦੇ ਪਰਿਵਾਰ ਨੇ ਸਾਬਕਾ ਫ਼ੌਜੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਪੁਲਸ ਨੂੰ ਮਨ੍ਹਾ ਕਰ ਦਿੱਤਾ ਅਤੇ ਕਿਹਾ ਕਿ ਪਹਿਲਾਂ ਪੁਲਸ ਟਿੱਪਰ ਡਰਾਈਵਰ ਜਾਂ ਟਿੱਪਰ ਕੰਪਨੀ ਦੇ ਮਾਲਕ ਨੂੰ ਫੜੇ ਫਿਰ ਹੀ ਮ੍ਰਿਤਕ ਦਾ ਅੰਤਿਮ ਸੰਸਕਾਰ ਉਹ ਕਰਨਗੇ। ਜਿਸ 'ਤੇ ਪੁਲਸ ਨੇ ਉਨ੍ਹਾਂ 'ਤੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਦਾ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਅਤੇ ਪਰਿਵਾਰ ਸਿਵਲ ਹਸਪਤਾਲ ਵਿਚੋਂ ਬਾਹਰ ਆ ਕੇ ਨੰਗਲ ਚੌਕ ਧਰਨੇ 'ਤੇ ਬੈਠਣ ਲੱਗਾ ਤਾਂ ਫਿਰ ਗੜ੍ਹਸ਼ੰਕਰ ਪੁਲਸ ਮੁਲਾਜ਼ਮਾਂ ਨੇ ਪਰਿਵਾਰ ਨੂੰ ਦਬਕੇ ਮਾਰਨੇ ਸ਼ੁਰੂ ਕਰ ਦਿੱਤੇ। 

ਇਹ ਵੀ ਪੜ੍ਹੋ:ਪੰਜਾਬ 'ਚ ਵੱਡੀ ਵਾਰਦਾਤ! ਕਿਸਾਨ ਆਗੂ ਤੇ ਸਰਪੰਚ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

PunjabKesari

ਇਸ 'ਤੇ ਪਰਿਵਾਰ ਨੇ ਭਾਜਪਾ ਆਗੂ ਨਿਮਿਸ਼ਾ ਮਹਿਤਾ ਨੂੰ ਮਦਦ ਦੀ ਗੁਹਾਰ ਲਾਈ। ਪਰਿਵਾਰ ਅਤੇ ਪਿੰਡ ਵਾਸੀਆਂ ਦੀ ਪੁਕਾਰ 'ਤੇ ਨਿਮਿਸ਼ਾ ਮਹਿਤਾ ਨੰਗਲ ਚੌਕ ਵਿਖੇ ਮ੍ਰਿਤਕ ਦੇ ਪਰਿਵਾਰ ਕੋਲ ਪਹੁੰਚੇ, ਜਿੱਥੋਂ ਉਨ੍ਹਾਂ ਕਾਫ਼ਿਲੇ ਨੂੰ ਨਾਲ ਲੈ ਕੇ ਪੰਜਾਬ ਸਰਕਾਰ, ਪੰਜਾਬ ਪੁਲਸ ਅਤੇ ਮਾਈਨਿੰਗ ਮਾਫ਼ੀਆ ਖ਼ਿਲਾਫ਼ ਨਾਅਰੇ ਮਾਰਦਿਆਂ ਰੋਸ ਮਾਰਚ ਸ਼ੁਰੂ ਕੀਤਾ ਅਤੇ ਕਾਫ਼ਿਲੇ ਨੇ ਬੰਗਾ ਚੌਕ ਪਹੁੰਚ ਕੇ ਧਰਨਾ ਲਗਾਇਆ। ਇਹ ਧਰਨਾ ਕਰੀਬ ਡੇਢ ਘੰਟਾ ਲੱਗਾ ਰਿਹਾ, ਜਿਸ ਨਾਲ ਬੰਗਾ ਚੌਕ ਵਿਚ ਆਵਾਜਾਈ ਠੱਪ ਰਹੀ ਅਤੇ ਲੰਮੇ ਜਾਮ ਲੱਗੇ ਗਏ। 

ਇਸ ਧਰਨੇ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪੁਲਸ ਪ੍ਰਸ਼ਾਸਨ 'ਤੇ ਵਰ੍ਹਦਿਆਂ ਭਾਜਪਾ ਆਗੂ ਨੇ ਕਿਹਾ ਕਿ ਇਲਾਕੇ ਵਿਚ ਮਾਈਨਿੰਗ ਦੇ ਟਿੱਪਰਾਂ ਅਤੇ ਟਰਾਲੀਆਂ ਦੇ ਕਾਰਨ ਅਪ੍ਰੈਲ 2022 ਤੋਂ ਹੁਣ ਤੱਕ ਦੇ ਸਮੇਂ ਵਿਚ ਇਹ 21ਵੀਂ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਬੀਤ ਇਲਾਕੇ ਵਿਚ 3 ਦਿਨਾਂ ਅੰਦਰ ਟਿੱਪਰਾਂ ਨਾਲ ਹਾਦਸੇ ਵਿਚ ਇਹ ਦੂਜੀ ਜਵਾਨ ਮੌਤ ਹੋਈ ਹੈ। ਜਿਸ ਦੇ ਕਾਰਨ ਸਾਰਾ ਬੀਤ ਹੀ ਨਹੀਂ ਸਗੋਂ ਸਾਰਾ ਗੜ੍ਹਸ਼ੰਕਰ ਸੋਗ ਵਿਚ ਹੈ ਪਰ ਪੁਲਸ ਪ੍ਰਸ਼ਾਸਨ ਅਤੇ 'ਆਪ' ਸਰਕਾਰ ਲੋਕਾਂ ਨੂੰ ਇਨਸਾਫ਼ ਦੇਣ ਦੀ ਬਜਾਏ ਜਨਤਾ ਨਾਲ ਧਰਨਾ ਨਾ ਲਗਾਉਣ ਦੇ ਦਬਕੇ ਮਾਰ ਕੇ ਤਸੀਹੇ ਦੇ ਰਹੀ ਹੈ। 

ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ! ਤੇਜ਼ਧਾਰ ਹਥਿਆਰਾਂ ਨਾਲ ਵਿਅਕਤੀ ਦਾ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹੁੰਦਿਆਂ ਬੀਤ ਦੇ ਭੋਲੇ-ਭਾਲੇ ਤੇ ਸ਼ਰੀਫ਼ ਲੋਕਾਂ ਨਾਲ ਉਹ ਧੱਕੇਸ਼ਾਹੀ ਨਹੀਂ ਹੋਣ ਦੇਣਗੇ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾ ਕੇ ਰਹਿਣਗੇ। ਕਰੀਬ ਡੇਢ ਘੰਟਾ ਧਰਨਾ ਲੱਗਣ ਤੋਂ ਬਾਅਦ ਪੁਲਸ ਮੁਲਾਜ਼ਮਾਂ ਨੇ ਆ ਕੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ। ਪੁਲਸ ਮੁਲਾਜ਼ਮਾਂ ਨੇ ਹੋਲੇ-ਮਹੱਲੇ ਦੀ ਸੰਗਤ ਦੇ ਲਾਂਘੇ ਲਈ ਅਪੀਲ ਕਰਦੇ ਕਿਹਾ ਕਿ  5 ਦਿਨਾਂ ਵਿਚ ਟਿੱਪਰ ਕੰਪਨੀ ਦੇ ਡਰਾਈਵਰ ਜਾਂ ਟਿੱਪਰ ਕੰਪਨੀ ਦੇ ਮਾਲਕ ਨੂੰ ਫੜਣਗੇ, ਜਿਸ 'ਤੇ ਨਿਮਿਸ਼ਾ ਮਹਿਤਾ ਨੇ ਬਾਕੀ ਧਰਨਾਕਾਰੀਆਂ ਨਾਲ ਸਲਾਹ ਕਰਕੇ ਪੁਲਸ ਨੂੰ ਤਿੰਨ ਦਿਨਾਂ ਅੰਦਰ ਇਹ ਕੰਮ ਕਰਕੇ ਦੇਣ ਲਈ ਕਿਹਾ ਅਤੇ ਨਾਲ ਹੀ ਚਿਤਾਵਨੀ ਦਿੱਤੀ ਕਿ ਜੇਕਰ ਗੜ੍ਹਸ਼ੰਕਰ ਪੁਲਸ ਵੱਲੋਂ ਤਿੰਨ ਦਿਨਾਂ ਅੰਦਰ ਟਿੱਪਰ ਕੰਪਨੀ ਦਾ ਮਾਲਕ ਜਾਂ ਡਰਾਈਵਰ ਨਾ ਫੜਿਆ ਗਿਆ ਤਾਂ ਇਸੇ ਬੰਗਾ ਚੌਕ ਵਿਚ ਦੋਬਾਰਾ ਧਰਨਾ ਲਗਾਇਆ ਜਾਵੇਗਾ, ਜਿਸ ਵਿਚ ਮ੍ਰਿਤਕ ਦਾ ਪਰਿਵਾਰ ਹੀ ਨਹੀਂ ਬਾਕੀ ਇਲਾਕਾ ਵੀ ਸ਼ਮੂਲੀਅਤ ਕਰੇਗਾ। 

ਇਹ ਵੀ ਪੜ੍ਹੋ: ਵਰਿੰਦਰ ਘੁੰਮਣ ਦੇ ਮਾਮਲੇ 'ਚ ਨਵੀਂ ਅਪਡੇਟ! ਡਾਕਟਰਾਂ ਦੀ ਰਿਪੋਰਟ 'ਚ ਮੌਤ ਬਾਰੇ ਹੋਇਆ ਸਨਸਨੀਖੇਜ਼ ਖ਼ੁਲਾਸਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News