ਪੰਜਾਬ ''ਚ ਜਦੋਂ ਪੁਲਸ ਹੀ ਸੁਰੱਖਿਅਤ ਨਹੀਂ ਤਾਂ ਜਨਤਾ ਦਾ ਕੀ ਹੋਵੇਗਾ? ਭਾਜਪਾ ਨੇ ''ਆਪ'' ਸਰਕਾਰ ਨੂੰ ਘੇਰਿਆ
Thursday, Feb 26, 2026 - 07:49 PM (IST)
ਹਾਜੀਪੁਰ (ਜੋਸ਼ੀ): ਪੰਜਾਬ ਵਿੱਚ ਕਾਨੂੰਨ-ਵਿਵਸਥਾ ਦੀ ਡਗਮਗਾ ਰਹੀ ਸਥਿਤੀ ਅਤੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਦੋ ਪੁਲਸ ਮੁਲਾਜ਼ਮਾਂ ਦੀ ਦਰਦਨਾਕ ਮੌਤ ਨੂੰ ਲੈ ਕੇ ਭਾਜਪਾ ਨੇ ਸੂਬੇ ਦੀ ਭਗਵੰਤ ਮਾਨ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਅੱਜ ਹਾਜੀਪੁਰ ਵਿੱਚ ਭਾਜਪਾ ਆਗੂਆਂ ਨੇ ਤਿੱਖੇ ਸ਼ਬਦਾਂ ਵਿੱਚ ਸਰਕਾਰ ਦੀ ਕਾਰਜਪ੍ਰਣਾਲੀ 'ਤੇ ਹਮਲਾ ਕਰਦਿਆਂ ਪੰਜਾਬ ਦੀ ਸੁਰੱਖਿਆ ਸਥਿਤੀ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ।
ਭਾਜਪਾ ਮੰਡਲ ਹਾਜੀਪੁਰ ਦੇ ਪ੍ਰਧਾਨ ਸ਼ੰਮੀ ਵਸ਼ਿਸ਼ਟ ਅਤੇ ਸਾਬਕਾ ਚੇਅਰਮੈਨ ਅਨਿਲ ਵਸ਼ਿਸ਼ਟ ਨੇ ਸਾਂਝੇ ਤੌਰ 'ਤੇ ਕਿਹਾ ਕਿ ਜਿਸ ਰਾਜ ਵਿੱਚ ਕਾਨੂੰਨ ਦੇ ਰਾਖੇ ਯਾਨੀ ਪੁਲਸ ਮੁਲਾਜ਼ਮ ਹੀ ਸੁਰੱਖਿਅਤ ਨਹੀਂ ਹਨ, ਉੱਥੇ ਆਮ ਜਨਤਾ ਦੀ ਸੁਰੱਖਿਆ ਦੀ ਉਮੀਦ ਕਰਨਾ ਬੇਮਾਅਨਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਨਿਕੰਮੀ ਸਰਕਾਰ ਨੇ ਪੰਜਾਬ ਨੂੰ ਬਰਬਾਦੀ ਦੇ ਕੰਢੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਭਾਜਪਾ ਆਗੂਆਂ ਨੇ ਖੇਤਰ ਵਿੱਚ ਵਧ ਰਹੀਆਂ ਅਪਰਾਧਿਕ ਘਟਨਾਵਾਂ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਆਏ ਦਿਨ ਹੋ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਨੇ ਰਾਜ ਦੀ ਸ਼ਾਂਤੀ ਭੰਗ ਕਰ ਦਿੱਤੀ ਹੈ। ਵਪਾਰੀਆਂ ਤੋਂ ਲੈ ਕੇ ਆਮ ਨਾਗਰਿਕਾਂ ਤੱਕ, ਅੱਜ ਹਰ ਕੋਈ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਸਰਕਾਰ ਇਸ਼ਤਿਹਾਰਾਂ ਅਤੇ ਪ੍ਰਚਾਰ ਵਿੱਚ ਰੁੱਝੀ ਹੋਈ ਹੈ, ਜਦਕਿ ਜ਼ਮੀਨੀ ਪੱਧਰ 'ਤੇ ਅਪਰਾਧੀ ਬੇਲਗਾਮ ਹੋ ਚੁੱਕੇ ਹਨ।
ਇਸ ਮੌਕੇ ਕਰਨ ਠਾਕੁਰ, ਸਰਪੰਚ ਨਿਰੰਜਨ ਸਿੰਘ, ਸਰਪੰਚ ਬਲਵਿੰਦਰ ਸਿੰਘ, ਪੰਡਿਤ ਸ਼ਾਂਤੀ ਸਰੂਪ, ਤਰਲੋਕ ਚੰਦ ਅਤੇ ਜਗਮੋਹਨ ਠਾਕੁਰ ਸਮੇਤ ਹੋਰ ਭਾਜਪਾ ਵਰਕਰ ਹਾਜ਼ਰ ਸਨ। ਸਾਰਿਆਂ ਨੇ ਇਕਸੁਰ ਵਿੱਚ ਮੰਗ ਕੀਤੀ ਕਿ ਸਰਕਾਰ ਸਿਰਫ਼ ਖੋਖਲੇ ਦਾਅਵਿਆਂ ਦੀ ਬਜਾਏ ਪੰਜਾਬ ਦੀ ਕਾਨੂੰਨ-ਵਿਵਸਥਾ ਸੁਧਾਰਨ ਵੱਲ ਧਿਆਨ ਦੇਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
