ਵਿਜੀਲੈਂਸ ਬਿਊਰੋ ਵੱਲੋਂ ਵਣ ਰੇਂਜ ਅਫ਼ਸਰ ਬੁਢਲਾਡਾ ਗ੍ਰਿਫ਼ਤਾਰ, 52 ਲੱਖ ਦੇ ਗਬਨ ਦਾ ਇਲਜ਼ਾਮ
Tuesday, Aug 30, 2022 - 09:13 PM (IST)
 
            
            ਬੁਢਲਾਡਾ (ਬਾਂਸਲ) : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਵਣ ਰੇਂਜ ਅਫ਼ਸਰ ਬੁਢਲਾਡਾ ਸੁਖਵਿੰਦਰ ਸਿੰਘ ਨੂੰ ਉਸ ਸਮੇਂ ਦੇ ਵਣ ਮੰਡਲ ਅਫ਼ਸਰ ਮਾਨਸਾ ਅਮਿਤ ਚੌਹਾਨ ਤੇ ਹੋਰਨਾਂ ਨਾਲ ਮਿਲੀਭੁਗਤ ਰਾਹੀਂ ਫਰਜ਼ੀ ਫਰਮਾਂ ਦੇ ਜਾਅਲੀ ਬਿੱਲ ਤਿਆਰ ਕਰਕੇ ਸਰਕਾਰੀ ਰਕਮ ਨੂੰ ਹੋਰ ਵੱਖਰੇ ਬੈਂਕ ਖਾਤੇ ਵਿੱਚ ਤਬਦੀਲ ਕਰਨ ਪਿੱਛੋਂ ਨਕਦ ਕਢਵਾ ਕੇ ਸੀਮੈਂਟ ਦੇ ਰੁੱਖ ਗਾਰਡ ਬਣਾਉਣ ਲਈ ਜਾਰੀ ਬਜਟ 45,69,000 ਰੁਪਏ ਤੇ ਬਾਂਸ ਦੇ ਰੁੱਖ ਗਾਰਡ ਬਣਾਉਣ ਨੂੰ ਲੈ ਕੇ 7 ਲੱਖ ਰੁਪਏ ਦੇ ਫੰਡਾਂ ਦੇ ਗਬਨ ਰਾਹੀਂ ਸਰਕਾਰ ਨੂੰ ਕੁੱਲ 52,69,000 ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਉਣ ਦੇ ਦੋਸ਼ ਤਹਿਤ ਬਤੌਰ ਦੋਸ਼ੀ ਨਾਮਜ਼ਦ ਕਰਨ ਪਿੱਛੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਮਾਨਸਾ: 4 ਥਾਣਿਆਂ ਦੇ SHO ਇਧਰੋਂ-ਓਧਰ, ਬੂਟਾ ਸਿੰਘ ਥਾਣਾ ਸਿਟੀ 'ਚ ਨਿਯੁਕਤ
ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਇਕ ਬੁਲਾਰੇ ਨੇ ਦੱਸਿਆ ਕਿ ਬਿਊਰੋ ਵੱਲੋਂ ਇਸ ਬਾਰੇ ਮੁਕੱਦਮਾ ਨੰਬਰ 7, 6 ਜੂਨ 2022 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ, 13 (1) (ਏ) (2) ਅਤੇ ਆਈ.ਪੀ.ਸੀ. ਦੀਆਂ ਧਾਰਾਵਾਂ 120-ਬੀ, 409, 420, 465, 467, 468, 471 ਤਹਿਤ ਵਿਜੀਲੈਂਸ ਬਿਊਰੋ ਦੇ ਉਡਣ ਦਸਤਾ ਪੰਜਾਬ ਦੇ ਥਾਣਾ ਮੋਹਾਲੀ ਵਿਖੇ ਪਹਿਲਾਂ ਹੀ ਦਰਜ ਕੀਤਾ ਹੋਇਆ ਹੈ। ਇਸ ਮੁਕੱਦਮੇ ਦੀ ਤਫਤੀਸ਼ ਦੌਰਾਨ ਪਾਇਆ ਗਿਆ ਕਿ ਉਕਤ ਸੁਖਵਿੰਦਰ ਸਿੰਘ ਨਵੰਬਰ 2021 ਤੋਂ ਵਣ ਰੇਂਜ ਅਫ਼ਸਰ ਬੁਢਲਾਡਾ ਤਾਇਨਾਤ ਰਿਹਾ ਅਤੇ ਉਸ ਸਮੇਂ ਅਮਿਤ ਚੌਹਾਨ, ਆਈ.ਐੱਫ.ਐੱਸ. ਵਣ ਮੰਡਲ ਅਫ਼ਸਰ ਮਾਨਸਾ ਤਾਇਨਾਤ ਸੀ। ਸਾਲ 2021 ਵਿੱਚ ਰੁੱਖ ਕੱਟਣ ਬਦਲੇ ਰੁੱਖ ਲਗਾਉਣ (ਕੰਪਨਸੇਟਰੀ ਅਫਾਰੈਸਟੇਸ਼ਨ) ਸਕੀਮ ਅਧੀਨ ਪ੍ਰਧਾਨ ਮੁੱਖ ਵਣ ਪਾਲ ਵੱਲੋਂ 5872 ਆਰ.ਸੀ.ਸੀ. ਰੁੱਖ ਗਾਰਡ ਖਰੀਦ ਕਰਨ ਲਈ ਮਾਨਸਾ ਮੰਡਲ ਨੂੰ ਪ੍ਰਵਾਨਗੀ ਦਿੱਤੀ ਗਈ ਸੀ, ਜਿਸ ਵਿੱਚੋਂ 2537 ਰੁੱਖ ਗਾਰਡ ਵਣ ਮੰਡਲ ਅਫ਼ਸਰ ਮਾਨਸਾ ਵੱਲੋਂ ਰੇਂਜ ਬੁਢਲਾਡਾ ਨੂੰ ਤਿਆਰ ਕਰਵਾਏ ਜਾਣ ਲਈ 45,69,000 ਰੁਪਏ ਦਾ ਬਜਟ ਜਾਰੀ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੇ ਵਿੰਨ੍ਹਿਆ 'ਆਪ' ਸਰਕਾਰ 'ਤੇ ਨਿਸ਼ਾਨਾ, ਲਾਏ ਵੱਡੇ ਇਲਜ਼ਾਮ
ਉਨ੍ਹਾਂ ਦੱਸਿਆ ਕਿ ਉਕਤ ਸਕੀਮ ਅਧੀਨ ਵਣ ਰੇਂਜ ਅਫ਼ਸਰ ਬੁਢਲਾਡਾ ਵੱਲੋਂ ਸੀਮੈਂਟ ਦੇ 2537 ਰੁੱਖ ਗਾਰਡ ਤਿਆਰ ਕਰਨ ਲਈ ਮੈਸਰਜ਼ ਅੰਬੇ ਸੀਮੈਂਟ ਸਟੋਰ, ਚੰਨੋ, ਜ਼ਿਲ੍ਹਾ ਸੰਗਰੂਰ ਤੇ ਐੱਨ.ਐੱਸ. ਜੈਨ ਸੀਮੈਂਟ ਐਂਡ ਐਕਸੈਸਰੀਜ਼ ਸਟੋਰ ਪਟਿਆਲਾ ਨਾਮੀ ਫਰਮਾਂ ਪਾਸੋਂ ਖਰੀਦਣ ਸਬੰਧੀ ਬਿੱਲ ਹਾਸਲ ਕੀਤੇ ਗਏ। ਇਨ੍ਹਾਂ ਬਿੱਲਾਂ ਉੱਪਰ ਲਿਖੀ ਹੋਈ ਫਰਮ, ਉਸ ਦੇ ਜੀ.ਐੱਸ.ਟੀ. ਨੰਬਰਾਂ ਅਤੇ ਸੰਪਰਕ ਨੰਬਰਾਂ ਬਾਰੇ ਤਫਤੀਸ਼ ਦੌਰਾਨ ਪਤਾ ਲੱਗਾ ਕਿ ਉਕਤ ਦੋਵੇਂ ਨਾਵਾਂ ਦੀਆਂ ਮੌਜੂਦਾ ਪਤੇ ਵਾਲੀਆਂ ਕੋਈ ਵੀ ਫਰਮਾਂ ਮੌਜੂਦ ਨਹੀਂ ਹਨ। ਇਨ੍ਹਾਂ ਫਰਮਾਂ ਦੇ ਬਿੱਲਾਂ 'ਤੇ ਲਿਖੇ ਗਏ ਜੀ.ਐੱਸ.ਟੀ. ਨੰਬਰ ਵੀ ਵਿਭਾਗ ਵੱਲੋਂ ਜਾਰੀ ਨਹੀਂ ਕੀਤੇ ਗਏ, ਭਾਵ ਫਰਜ਼ੀ ਹਨ ਅਤੇ ਸੰਪਰਕ ਨੰਬਰ ਵੀ ਠੀਕ ਨਹੀਂ ਹਨ। ਬੁਲਾਰੇ ਨੇ ਦੱਸਿਆ ਕਿ ਬਜਟ ਦੀ ਇਹ ਰਕਮ ਸੁਖਵਿੰਦਰ ਸਿੰਘ ਦੇ ਕਹਿਣ 'ਤੇ ਨਕਦ ਕਢਵਾ ਕੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ : WhatsApp 'ਤੇ ਪੇਸ਼ ਹੋਇਆ JioMart, ਹੁਣ ਚੈਟ 'ਚ ਹੀ ਕਰ ਸਕੋਗੇ ਜ਼ਰੂਰੀ ਸਾਮਾਨ ਦੀ ਸ਼ਾਪਿੰਗ
ਤਫ਼ਤੀਸ਼ ਦੌਰਾਨ ਵਿਜੀਲੈਂਸ ਬਿਊਰੋ ਵੱਲੋਂ ਇਹ ਪਾਇਆ ਗਿਆ ਕਿ ਸੀਮੈਂਟ ਵਾਲੇ 2537 ਰੁੱਖ ਗਾਰਡਾਂ ਸਬੰਧੀ ਵਣ ਰੇਂਜ ਅਫ਼ਸਰ ਬੁਢਲਾਡਾ ਵੱਲੋਂ ਉਸ ਸਮੇਂ ਦੇ ਵਣ ਰੇਂਜ ਅਫ਼ਸਰ ਮਾਨਸਾ ਅਮਿਤ ਚੌਹਾਨ ਨਾਲ ਮਿਲੀਭੁਗਤ ਕਰਕੇ ਫਰਜ਼ੀ ਫਰਮਾਂ ਦੇ ਜਾਅਲੀ ਬਿੱਲ ਤਿਆਰ ਕਰਕੇ 45,69,000 ਰੁਪਏ ਦੇ ਸਰਕਾਰੀ ਧੰਨ ਦਾ ਗਬਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਇਹ ਵੀ ਪਤਾ ਲੱਗਾ ਕਿ ਉਕਤ ਸੁਖਵਿੰਦਰ ਸਿੰਘ ਵੱਲੋਂ ਦਸੰਬਰ 2021 ਵਿੱਚ 7 ਲੱਖ ਰੁਪਏ ਦੇ ਬਾਂਸ ਦੇ ਰੁੱਖ ਗਾਰਡ ਗੁਰੂ ਕਿਰਪਾ ਬੰਬੂ ਸਟੋਰ ਮਾਨਸਾ ਨਾਮੀ ਫਰਮ ਪਾਸੋਂ ਵੱਖ-ਵੱਖ ਬਿੱਲਾਂ ਰਾਹੀਂ ਖਰੀਦ ਕੀਤੇ ਗਏ ਪਰ ਮੌਜੂਦਾ ਪਤੇ 'ਤੇ ਇਹ ਫਰਮ ਵੀ ਮੌਜੂਦ ਹੀ ਨਹੀਂ ਹੈ। ਜਾਅਲੀ ਬਿੱਲਾਂ 'ਤੇ ਲਿਖਿਆ ਹੋਇਆ ਪੈਨ ਨੰਬਰ ਵੀ ਫਰਜ਼ੀ ਹੈ। ਇਸ ਤੋਂ ਸਿੱਧ ਹੋਇਆ ਕਿ ਵਣ ਰੇਂਜ ਅਫ਼ਸਰ ਬੁਢਲਾਡਾ ਵੱਲੋਂ ਉਸ ਸਮੇਂ ਦੇ ਵਣ ਰੇਂਜ ਅਫ਼ਸਰ ਮਾਨਸਾ ਨਾਲ ਮਿਲੀਭੁਗਤ ਕਰਕੇ ਫਰਜ਼ੀ ਫਰਮਾਂ ਦੇ ਜਾਅਲੀ ਬਿੱਲ ਤਿਆਰ ਕਰਕੇ 7 ਲੱਖ ਰੁਪਏ ਦਾ ਗਬਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਇੰਟਰਵਿਊ ਦੌਰਾਨ ਸੁਖਬੀਰ ਬਾਦਲ ਨੇ ਦਿੱਤਾ ਹਰ ਸਵਾਲ ਦਾ ਬੇਬਾਕ ਜਵਾਬ, ਹਾਰ ਦੀ ਵੀ ਦੱਸੀ ਵਜ੍ਹਾ
ਬੁਲਾਰੇ ਨੇ ਦੱਸਿਆ ਕਿ ਉਪਰੋਕਤ ਸਾਰੇ ਤੱਥਾਂ ਅਤੇ ਤਫਤੀਸ਼ ਦੇ ਅਧਾਰ 'ਤੇ ਸੁਖਵਿੰਦਰ ਸਿੰਘ ਵੱਲੋਂ ਅਮਿਤ ਚੌਹਾਨ ਅਤੇ ਹੋਰਨਾਂ ਨਾਲ ਮਿਲੀਭੁਗਤ ਕਰਕੇ ਫਰਜ਼ੀ ਫਰਮਾਂ ਦੇ ਬਿੱਲ ਤਿਆਰ ਕਰਕੇ ਫਰਜ਼ੀ ਦਸਤਖਤ ਕਰਨ ਉਪਰੰਤ ਸਰਕਾਰੀ ਰਕਮ ਨੂੰ ਹੋਰ ਵੱਖਰੇ ਬੈਂਕ ਖਾਤੇ ਵਿੱਚ ਤਬਦੀਲ ਕਰਕੇ ਨਕਦ ਕਢਵਾ ਲਿਆ ਗਿਆ ਤੇ ਵੱਖ-ਵੱਖ ਤਰ੍ਹਾਂ ਦੇ ਰੁੱਖ ਗਾਰਡ ਤਿਆਰ ਕਰਵਾਉਣ ਦੇ ਇਵਜ਼ ਵਿੱਚ ਜਾਰੀ ਹੋਏ ਕੁੱਲ ਸਰਕਾਰੀ ਬਜਟ 52,69,000 ਰੁਪਏ ਦਾ ਗਬਨ ਕਰਕੇ ਸਰਕਾਰੀ ਖਜ਼ਾਨੇ ਨੂੰ ਵਿੱਤੀ ਨੁਕਸਾਨ ਪਹੁੰਚਾਇਆ ਗਿਆ ਹੈ, ਜਿਸ ਕਰਕੇ ਸੁਖਵਿੰਦਰ ਸਿੰਘ ਵਣ ਰੇਂਜ ਅਫ਼ਸਰ ਬੁਢਲਾਡਾ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            