ਫਿਸ਼ ਅਕਵੇਰੀਅਮ ਵਾਲੀ ਜਗ੍ਹਾ ''ਤੇ ਬਣ ਸਕਦੀ ਹੈ ''ਪੇਡ ਪਾਰਕਿੰਗ''

08/13/2018 4:52:16 PM

ਜਲੰਧਰ (ਖੁਰਾਣਾ)— ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਕੁਝ ਭਾਜਪਾ ਆਗੂਆਂ ਨੇ ਕੰਪਨੀ ਬਾਗ ਦੇ ਨਾਲ ਲੱਗਦੀ ਜ਼ਮੀਨ 'ਤੇ ਫਿਸ਼ ਅਕਵੇਰੀਅਮ ਬਣਾਉਣ ਦੇ ਸੁਪਨੇ ਲੋਕਾਂ ਨੂੰ ਦਿਖਾਏ ਸਨ ਅਤੇ ਉਸ ਅਕਵੇਰੀਅਮ ਦਾ ਉਦਘਾਟਨ ਵੀ ਕਰ ਦਿੱਤਾ ਗਿਆ ਪਰ ਭਾਜਪਾ ਆਗੂਆਂ ਦੀ ਆਪਸੀ ਲੜਾਈ ਅਤੇ ਇੱਛਾ ਸ਼ਕਤੀ ਦੀ ਕਮੀ ਹੋਣ ਕਾਰਨ ਇਹ ਪ੍ਰਾਜੈਕਟ ਸ਼ੁਰੂ ਨਹੀਂ ਹੋ ਸਕਿਆ। ਬੀਤੇ ਦਿਨ ਫਿਸ਼ ਅਕਵੇਰੀਅਮ ਵਾਲੀ ਜਗ੍ਹਾ 'ਤੇ ਕੂੜੇ ਅਤੇ ਮਲਬੇ ਦੇ ਢੇਰ ਲੱਗੇ ਹੋਏ ਹਨ ਪਰ ਹੁਣ ਉਸ ਥਾਂ ਨੂੰ ਪੇਡ ਪਾਰਕਿੰਗ ਦੇ ਰੂਪ 'ਚ ਬਦਲਣ ਦਾ ਵਿਚਾਰ ਹੋ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਸ ਜ਼ਮੀਨ ਦਾ ਇਕ ਸਿਰਾ ਸੈਫਰਨ ਮਾਲ ਦੇ ਸਾਹਮਣੇ ਪੈਂਦਾ ਹੈ, ਜਿੱਥੇ ਲੋਕਾਂ ਅਤੇ ਨਿਗਮ ਦੇ ਕਰਮਚਾਰੀਆਂ ਨੇ ਹੀ ਕੂੜਾ ਸੁੱਟਣਾ ਸ਼ੁਰੂ ਕਰ ਦਿੱਤਾ ਸੀ। ਸ਼ਹਿਰ ਦਾ ਪਾਸ਼ ਖੇਤਰ ਹੋਣ ਦੇ ਬਾਵਜੂਦ ਪੂਰਾ ਖੇਤਰ ਕਾਫੀ ਗੰਦਾ ਦਿਖਾਈ ਦਿੰਦਾ ਸੀ ਹੁਣ ਨਿਗਮ ਨੇ ਉਸ ਥਾਂ 'ਤੇ ਚਾਰਦੀਵਾਰੀ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਤਹਿਬਾਜ਼ਾਰੀ ਵਿਭਾਗ ਇਸ ਥਾਂ ਨੂੰ ਪੇਡ ਪਾਰਕਿੰਗ ਦੇ ਰੂਪ ਵਿਚ ਇਸਤੇਮਾਲ ਕਰਨ ਦੀ ਕਾਰਵਾਈ ਸ਼ੁਰੂ ਕਰਨ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਨੇ ਨਵੇਂ ਕੌਂਸਲਰ ਹਾਊਸ ਦੀ ਪਹਿਲੀ ਮੀਟਿੰਗ ਵਿਚ ਇਹ ਮੁੱਦਾ ਉਠਾਇਆ ਸੀ ਕਿ ਕੰਪਨੀ ਬਾਗ ਦੇ ਨਾਲ ਲੱਗਦੀ ਖਾਲੀ ਜਗ੍ਹਾ 'ਤੇ ਪੇਡ ਪਾਰਕਿੰਗ ਬਣਾਈ ਜਾਵੇ ਤਾਂ ਜੋ ਇਸ ਤੋਂ ਕਮਾਈ ਹੋ ਸਕੇ। ਲੱਗ ਰਿਹਾ ਹੈ ਕਿ ਸੀਨੀਅਰ ਡਿਪਟੀ ਮੇਅਰ ਦੇ ਸੁਝਾਅ 'ਤੇ ਅਮਲ ਹੋਣਾ ਸ਼ੁਰੂ ਹੋ ਗਿਆ ਹੈ।
ਇੱਟਾਂ ਦੀ ਕੁਆਲਿਟੀ 'ਤੇ ਸ਼ੱਕ
ਕਾਂਗਰਸੀ ਆਗੂ ਜਦੋਂ ਵਿਰੋਧੀ ਧਿਰ 'ਚ ਸਨ ਤਾਂ ਵਿਕਾਸ ਕੰਮਾਂ ਦੀ ਕਵਾਲਿਟੀ ਨੂੰ ਲੈ ਕੇ ਅਕਾਲੀ-ਭਾਜਪਾ ਦੀ ਖੂਬ ਅਲੋਚਨਾ ਕਰਦੇ ਸਨ ਪਰ ਹੁਣ ਸੈਫਰਨ ਮਾਲ ਦੇ ਸਾਹਮਣੇ ਹੋ ਰਹੀ ਚਾਰਦੀਵਾਰੀ ਵਿਚ ਜੋ ਇੱਟਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਉਸ ਦੀ ਕੁਆਲਿਟੀ ਨੂੰ ਲੈ ਕੇ ਸ਼ੱਕ ਜਤਾਇਆ ਜਾ ਰਿਹਾ ਹੈ। ਨਿਗਮ ਅਧਿਕਾਰੀਆਂ ਦੇ ਨਾਲ-ਨਾਲ ਕਾਂਗਰਸੀ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਠੇਕੇਦਾਰਾਂ ਵੱਲੋਂ ਕੀਤੇ ਜਾਂਦੇ ਕੰਮਾਂ 'ਤੇ ਨਜ਼ਰ ਰੱਖੇ ਕਿਉਂਕਿ ਸ਼ਹਿਰ ਪਹਿਲਾਂ ਹੀ ਘਟੀਆ ਕਵਾਲਿਟੀ ਦਾ ਕਾਫੀ ਖਮਿਆਜ਼ਾ ਭੁਗਤ ਚੁੱਕਾ ਹੈ।


Related News