ਮੇਅਰ ਨੇ ਕਮਿਸ਼ਨਰ ਦੀ ਹਾਜ਼ਰੀ ''ਚ ਖੋਲ੍ਹੀ ਨਾਜਾਇਜ਼ ਤੌਰ ’ਤੇ ਬਣ ਰਹੀਆਂ ਬਿਲਡਿੰਗਾਂ ਦੀ ਪੋਲ, ਏ. ਟੀ. ਪੀਜ਼ ਨੂੰ ਦਿੱਤੀ ਲਿਸਟ

Thursday, Feb 12, 2026 - 09:42 AM (IST)

ਮੇਅਰ ਨੇ ਕਮਿਸ਼ਨਰ ਦੀ ਹਾਜ਼ਰੀ ''ਚ ਖੋਲ੍ਹੀ ਨਾਜਾਇਜ਼ ਤੌਰ ’ਤੇ ਬਣ ਰਹੀਆਂ ਬਿਲਡਿੰਗਾਂ ਦੀ ਪੋਲ, ਏ. ਟੀ. ਪੀਜ਼ ਨੂੰ ਦਿੱਤੀ ਲਿਸਟ

ਲੁਧਿਆਣਾ (ਹਿਤੇਸ਼) : ਨਗਰ ਨਿਗਮ ਵਿਚ ਐੱਫ. ਐਂਡ ਸੀ. ਸੀ. ਦੀ ਮੀਟਿੰਗ ਦਾ ਆਯੋਜਨ ਤਾਂ ਵਿਕਾਸ ਕਾਰਜਾਂ ਦੇ ਟੈਂਡਰ ਲਗਾਉਣ ਜਾਂ ਵਰਕ ਆਰਡਰ ਜਾਰੀ ਕਰਨ ਸਬੰਧੀ ਪ੍ਰਸਤਾਵਾਂ ’ਤੇ ਮਨਜ਼ੂਰੀ ਦੇਣ ਲਈ ਕੀਤਾ ਗਿਆ ਸੀ ਪਰ ਇਸ ਦੌਰਾਨ ਨਾਜਾਇਜ਼ ਤੌਰ ’ਤੇ ਬਣ ਰਹੀਆਂ ਬਿਲਡਿੰਗਾਂ ਦਾ ਮੁੱਦਾ ਵੀ ਛਾਇਆ ਰਿਹਾ ਹੈ, ਜਿਸ ਤਹਿਤ ਮੇਅਰ ਨੇ ਕਮਿਸ਼ਨਰ ਦੀ ਹਾਜ਼ਰੀ ਵਿਚ ਬਿਲਡਿੰਗ ਬ੍ਰਾਂਚ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇਥੋਂ ਤੱਕ ਕਿ ਚਾਰੇ ਜ਼ੋਨਾਂ ਦੇ ਏ. ਟੀ. ਪੀਜ਼ ਨੂੰ ਮੀਟਿੰਗ ਵਿਚ ਬੁਲਾ ਕੇ ਫੋਟੋ ਨਾਲ ਉਨ੍ਹਾਂ ਦੇ ਇਲਾਕੇ ਵਿਚ ਬਣ ਰਹੀਆਂ ਬਿਲਡਿੰਗਾਂ ਦੀ ਲਿਸਟ ਦਿੱਤੀ ਗਈ, ਜਿਨ੍ਹਾਂ ਵਿਚ ਸਭ ਤੋਂ ਜ਼ਿਆਦਾ ਬਿਲਡਿੰਗਾਂ ਜ਼ੋਨ-ਏ, ਬੀ, ਸੀ. ਅਤੇ ਡੀ. ਵਿਚ ਲਗਾਏ ਗਏ ਝੋਲਾਛਾਪ ਏ. ਟੀ. ਪੀਜ਼ ਦੇ ਇਲਾਕੇ ਵਿਚ ਬਣ ਰਹੀਆਂ ਹਨ। ਇਨ੍ਹਾਂ ਬਿਲਡਿੰਗਾਂ ਦੇ ਨਕਸ਼ਾ ਪਾਸ ਹੋਣ ਜਾਂ ਚਲਾਨ ਕੱਟ ਕੇ ਜੁਰਮਾਨਾ ਵਸੂਲਣ ਬਾਰੇ ਰਿਪੋਰਟ ਮੰਗੀ ਗਈ ਹੈ। ਇਸ ਕੰਮ ਲਈ ਐੱਮ. ਟੀ. ਪੀ. ਵਿਜੇ ਦੀ ਡਿਊਟੀ ਲਗਾਈ ਗਈ ਹੈ।

ਇਹ ਵੀ ਪੜ੍ਹੋ : ਮੂਸੇਵਾਲਾ ਦੇ ਪਰਿਵਾਰ ਦੇ ਹੱਕ 'ਚ ਨਿੱਤਰੇ ਰਾਜਾ ਵੜਿੰਗ, ਕਿਹਾ- 'ਤੰਗ ਕਰ ਰਹੀ ਪੰਜਾਬ ਪੁਲਸ'

3.5 ਲੱਖ ਦਾ ਜੁਰਮਾਨਾ ਵਸੂਲਣ ਦੀ ਬਜਾਏ 35,000 'ਚ ਸੈਟਿੰਗ ਕਰਨ ਵਾਲੇ ਇੰਸਪੈਕਟਰ ਤੇ ਸੇਵਾਦਾਰ ’ਤੇ ਡਿੱਗੇਗੀ ਗਾਜ

ਨਗਰ ਨਿਗਮ ਦੇ ਤਤਕਾਲੀ ਕਮਿਸ਼ਨਰ ਆਦਿੱਤਿਆ ਵਲੋਂ ਭਾਵੇਂ ਸਾਰੇ ਸੇਵਾਦਾਰਾਂ ਨੂੰ ਬਦਲ ਕੇ ਬਿਲਡਿੰਗ ਬ੍ਰਾਂਚ ਤੋਂ ਕਰੱਪਸ਼ਨ ਦੀ ਜੜ੍ਹ ਖਤਕ ਕਰਨ ਦਾ ਦਾਅਵਾ ਕੀਤਾ ਗਿਆ ਸੀ ਪਰ ਹਾਲਾਤ ਵਿਚ ਕੋਈ ਬਦਲਾਅ ਨਹੀਂ ਹੋਇਆ, ਜਿਸ ਦਾ ਖੁਲਾਸਾ ਵੀ ਐੱਫ. ਐਂਡ ਸੀ. ਸੀ. ਦੀ ਮੀਟਿੰਗ ਵਿਚ ਨਵੀਂ ਕਮਿਸ਼ਨਰ ਅਤੇ ਹੋਰ ਸਾਰੇ ਆਲ੍ਹਾ ਅਧਿਕਾਰੀਆਂ ਦੀ ਮੌਜੂਦਗੀ ਵਿਚ ਹੋਇਆ। ਜਦ ਮੇਅਰ ਵਲੋਂ ਇਕ ਇੰਸਪੈਕਟਰ ਅਤੇ ਸੇਵਾਦਾਰ ਵਲੋਂ ਨਾਜਾਇਜ਼ ਬਿਲਡਿੰਗਾਂ ਤੋਂ 3.5 ਲੱਖ ਦਾ ਜੁਰਮਾਨਾ ਵਸੂਲਣ ਦੀ ਬਜਾਏ 35,000 ਵਿਚ ਸੈਟਿੰਗ ਕਰਨ ਦੀ ਸ਼ਿਕਾਇਤ ਮਿਲਣ ਦੀ ਜਾਣਕਾਰੀ ਦਿੱਤੀ ਗਈ, ਜਿਸ ਨੂੰ ਲੈ ਕੇ ਇਹ ਟਿੱਪਣੀ ਕੀਤੀ ਗਈ ਹੈ ਕਿ ਬਿਲਡਿੰਗ ਬ੍ਰਾਂਚ ਨਾਲ ਸਬੰਧਤ ਬਜਟ ਟਾਰਗੈੱਟ ਕਾਫੀ ਡਾਊਨ ਚੱਲ ਰਿਹਾ ਹੈ ਅਤੇ ਮੁਲਾਜ਼ਮ ਨਾਜਾਇਜ਼ ਬਿਲਡਿੰਗਾਂ ਦਾ ਜੁਰਮਾਨਾ ਖਜ਼ਾਨੇ ਵਿਚ ਜਮ੍ਹਾ ਕਰਵਾਉਣ ਦੀ ਬਜਾਏ ਜੇਬ ਵਿਚ ਪਾ ਰਹੇ ਹਨ, ਜਿਸ ਨੂੰ ਲੈ ਕੇ ਕਾਰਵਾਈ ਕਰਨ ਦੀ ਜ਼ਿੰਮੇਦਾਰੀ ਕਮਿਸ਼ਨਰ ਨੀਰੂ ਕਤਿਆਲ ਨੂੰ ਸੌਂਪੀ ਗਈ ਹੈ।


author

Sandeep Kumar

Content Editor

Related News