''ਬ੍ਰਾਂਡਡ'' ਬੋਤਲਾਂ ''ਚ ਘਟੀਆ ਸ਼ਰਾਬ! ਨਾਮੀ ਹੋਟਲ ਦੀ ਪਾਰਕਿੰਗ ''ਚ ਫੜੀ ਗਈ ਰੀਫਿਲਿੰਗ ਫੈਕਟਰੀ, ਮੁਲਜ਼ਮ ਗ੍ਰਿਫ਼ਤਾਰ
Wednesday, Feb 18, 2026 - 07:25 PM (IST)
ਲੁਧਿਆਣਾ (ਰਾਜ): ਸ਼ਹਿਰ ਦੇ ਸ਼ੌਕੀਨਾਂ ਦੀ ਸਿਹਤ ਨਾਲ ਖਿਲਵਾੜ ਕਰਕੇ ਆਪਣੀਆਂ ਜੇਬਾਂ ਭਰਨ ਵਾਲੇ ਇੱਕ ਸ਼ਾਤਰ ਜਾਲਸਾਜ਼ ਨੂੰ ਲੁਧਿਆਣਾ ਪੁਲਸ ਅਤੇ ਆਬਕਾਰੀ ਵਿਭਾਗ ਨੇ ਗ੍ਰਿਫ਼ਤਾਰ ਕੀਤਾ ਹੈ, ਜੋ ਲਗਜ਼ਰੀ ਵਿਦੇਸ਼ੀ ਬ੍ਰਾਂਡਾਂ ਦੀ ਚਮਕ-ਧਮਕ ਵਾਲੀਆਂ ਖਾਲੀ ਬੋਤਲਾਂ ਵਿੱਚ ਕੌਡੀਆਂ ਦੇ ਭਾਅ ਮਿਲਣ ਵਾਲੀ ਸਸਤੀ ਸ਼ਰਾਬ ਭਰ ਕੇ ਉਸ ਨੂੰ 'ਪ੍ਰੀਮੀਅਮ' ਦੱਸ ਕੇ ਬਾਜ਼ਾਰ ਵਿੱਚ ਖਪਾ ਰਿਹਾ ਸੀ। ਮੁਲਜ਼ਮ ਦੀ ਪਛਾਣ ਲਵਲੇਸ਼ ਵਰਮਾ ਵਜੋਂ ਹੋਈ ਹੈ, ਜੋ ਰਈਸ ਇਲਾਕਿਆਂ ਵਿੱਚ ਨਕਲੀ ਸ਼ਰਾਬ ਦਾ ਜਾਲ ਵਿਛਾ ਚੁੱਕਾ ਸੀ।
ਏ.ਸੀ.ਐਕਸ. ਲੁਧਿਆਣਾ ਈਸਟ ਡਾ. ਸ਼ਿਵਾਨੀ ਗੁਪਤਾ ਨੇ ਦੱਸਿਆ ਕਿ ਆਬਕਾਰੀ ਵਿਭਾਗ ਦੇ ਇੰਸਪੈਕਟਰ ਨਵਦੀਪ ਸਿੰਘ ਨੂੰ ਸਟੀਕ ਜਾਣਕਾਰੀ ਮਿਲੀ ਸੀ ਕਿ ਚੰਡੀਗੜ੍ਹ ਰੋਡ ਸਥਿਤ ਹੋਟਲ ਰੀਗਲ ਬਲੂ ਦੀ ਪਾਰਕਿੰਗ ਵਿੱਚ ਕੁਝ ਸ਼ੱਕੀ ਚੱਲ ਰਿਹਾ ਹੈ। ਪੁਲਸ ਅਤੇ ਆਬਕਾਰੀ ਵਿਭਾਗ ਨੇ ਜਦੋਂ ਸਾਂਝੇ ਤੌਰ 'ਤੇ ਹੋਟਲ ਦੀ ਪਾਰਕਿੰਗ ਵਿੱਚ ਧਾਵਾ ਬੋਲਿਆ, ਤਾਂ ਉੱਥੋਂ ਦਾ ਨਜ਼ਾਰਾ ਦੇਖ ਕੇ ਅਧਿਕਾਰੀ ਵੀ ਦੰਗ ਰਹਿ ਗਏ। ਮੁਲਜ਼ਮ ਲਵਲੇਸ਼ ਵਰਮਾ ਉੱਥੇ ਸ਼ਰੇਆਮ ਨਾਮੀ ਬ੍ਰਾਂਡਾਂ ਦੀਆਂ ਬੋਤਲਾਂ ਵਿੱਚ ਸਸਤੀ ਸ਼ਰਾਬ ਦੀ ਰੀਫਿਲਿੰਗ ਕਰ ਰਿਹਾ ਸੀ। ਪੁਲਸ ਨੇ ਉਸ ਨੂੰ ਮੌਕੇ 'ਤੇ ਹੀ ਰੰਗੇ ਹੱਥੀਂ ਦਬੋਚ ਲਿਆ ਅਤੇ ਉਸ ਕੋਲੋਂ ਮਿਲਾਵਟੀ ਸ਼ਰਾਬ ਦਾ ਸਟਾਕ ਬਰਾਮਦ ਕੀਤਾ।
ਕੁੰਦਨ ਪੁਰੀ ਵਾਲੇ ਘਰ ਵਿੱਚ ਮਿਲਿਆ ਬੋਤਲਾਂ ਦਾ ਜ਼ਖ਼ੀਰਾ, ਵਰਨਾ ਕਾਰ ਜ਼ਬਤ
ਪੁਲਸ ਦੀ ਮੁਢਲੀ ਪੁੱਛਗਿੱਛ ਵਿੱਚ ਲਵਲੇਸ਼ ਨੇ ਕਬੂਲਿਆ ਕਿ ਅਸਲੀ ਖੇਡ ਤਾਂ ਉਸ ਦੇ ਘਰ ਵਿੱਚ ਛੁਪੀ ਹੋਈ ਹੈ। ਜਦੋਂ ਟੀਮ ਨੇ ਸਿਵਲ ਲਾਈਨਜ਼ ਦੇ ਨੇੜੇ ਕੁੰਦਨ ਪੁਰੀ ਸਥਿਤ ਉਸ ਦੀ ਰਿਹਾਇਸ਼ 'ਤੇ ਰੇਡ ਕੀਤੀ, ਤਾਂ ਉੱਥੋਂ ਨਾਮੀ ਬ੍ਰਾਂਡਾਂ ਦੀਆਂ 80 ਖਾਲੀ ਬੋਤਲਾਂ ਅਤੇ ਵੱਡੀ ਗਿਣਤੀ ਵਿੱਚ ਬੋਤਲਾਂ ਦੇ ਢੱਕਣ (ਕੈਪ) ਬਰਾਮਦ ਹੋਏ। ਮੁਲਜ਼ਮ ਆਪਣੀ 'ਵਰਨਾ' ਕਾਰ ਦੀ ਵਰਤੋਂ ਇਸ ਜ਼ਹਿਰੀਲੀ ਖੇਪ ਨੂੰ ਸਪਲਾਈ ਕਰਨ ਲਈ ਕਰਦਾ ਸੀ, ਜਿਸ ਨੂੰ ਪੁਲਸ ਨੇ ਕਬਜ਼ੇ ਵਿੱਚ ਲੈ ਲਿਆ ਹੈ। ਬਰਾਮਦ ਬੋਤਲਾਂ ਅਤੇ ਢੱਕਣਾਂ ਦੀ ਫਿਨਿਸ਼ਿੰਗ ਇੰਨੀ ਸਟੀਕ ਸੀ ਕਿ ਇੱਕ ਆਮ ਇਨਸਾਨ ਅਸਲੀ ਅਤੇ ਨਕਲੀ ਵਿਚਕਾਰ ਫਰਕ ਵੀ ਨਹੀਂ ਕਰ ਪਾਉਂਦਾ।
ਜਲਦ ਬੇਨਕਾਬ ਹੋਣਗੇ ਵੱਡੇ ਮਗਰਮੱਛ
ਥਾਣਾ ਮੋਤੀ ਨਗਰ ਦੀ ਪੁਲਸ ਨੇ ਮੁਲਜ਼ਮ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਹੁਣ ਇਸ ਗੱਲ ਦੀ ਡੂੰਘਾਈ ਨਾਲ ਤਫਤੀਸ਼ ਕਰ ਰਹੀ ਹੈ ਕਿ ਲਵਲੇਸ਼ ਨੂੰ ਇਹ ਖਾਲੀ ਬੋਤਲਾਂ ਅਤੇ ਢੱਕਣ ਕਿੱਥੋਂ ਸਪਲਾਈ ਹੁੰਦੇ ਸਨ ਅਤੇ ਉਹ ਸ਼ਹਿਰ ਦੇ ਕਿਹੜੇ-ਕਿਹੜੇ ਵੱਡੇ ਹੋਟਲਾਂ ਜਾਂ ਸ਼ਰਾਬ ਮਾਫੀਆ ਦੇ ਸੰਪਰਕ ਵਿੱਚ ਸੀ। ਅਧਿਕਾਰੀਆਂ ਦਾ ਦਾਅਵਾ ਹੈ ਕਿ ਇਹ ਇੱਕ ਵੱਡੇ ਨੈੱਟਵਰਕ ਦਾ ਹਿੱਸਾ ਹੈ ਅਤੇ ਜਲਦ ਹੀ ਇਸ ਰੈਕੇਟ ਨਾਲ ਜੁੜੇ ਕਈ ਹੋਰ ਰਸੂਖਦਾਰ ਚਿਹਰੇ ਬੇਨਕਾਬ ਹੋ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
