ਖੇਤਾਂ ''ਚ ਲੱਗੀ ਅੱਗ ਨੇ ਮਚਾਈ ਤਬਾਹੀ, ਸੈਂਕੜੇ ਏਕੜ ਰਕਬੇ ''ਚ ਖੜ੍ਹੀ ਕਣਕ ਅਤੇ ਨਾੜ ਸੁਆਹ

04/21/2018 6:34:14 AM

ਧੂਰੀ(ਸੰਜੀਵ ਜੈਨ, ਸ਼ਰਮਾ)- ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਖੇਤਾਂ 'ਚ ਲੱਗੀ ਅੱਗ ਨੇ ਪੂਰੇ ਇਲਾਕੇ ਅੰਦਰ ਤਬਾਹੀ ਮਚਾ ਕੇ ਰੱਖ ਦਿੱਤੀ। ਅੱਗ ਲੱਗਣ ਦੀ ਇਸ ਘਟਨਾ 'ਚ ਕਰੀਬ 400 ਏਕੜ ਰਕਬੇ 'ਚ ਖੜ੍ਹੀ ਫਸਲ ਅਤੇ ਨਾੜ ਮੱਚ ਕੇ ਸੁਆਹ ਹੋ ਗਿਆ। ਇਸ ਅੱਗ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ। ਇੰਨੇ ਵੱਡੇ ਰਕਬੇ 'ਚ ਅੱਗ ਨਾਲ ਹੋਏ ਇਸ ਨੁਕਸਾਨ 'ਚ ਇਲਾਕੇ 'ਚ ਚੱਲ ਰਹੀਆਂ ਤੇਜ਼ ਹਵਾ ਅਤੇ ਹਨੇਰੀ ਦੀ ਵੀ ਅਹਿਮ ਭੂਮਿਕਾ ਰਹੀ ਹੈ, ਜਿਸ ਨੇ ਅੱਗ 'ਤੇ 'ਪੈਟਰੋਲ' ਪਾਉੁਣ ਦਾ ਕੰਮ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ ਕਰੀਬ 12 ਵਜੇ ਪਿੰਡ ਫਤਿਹਗੜ੍ਹ ਛੰਨਾਂ ਵਾਲੀ ਸਾਈਡ ਤੋਂ ਸ਼ੁਰੂ ਹੋਈ ਇਹ ਅੱਗ ਪਿੰਡ ਬੇਨੜਾ ਅਤੇ ਮਾਨਵਾਲਾਂ ਤੱਕ ਪਹੁੰਚ ਗਈ। ਅੱਗ 'ਚ ਪਿੰਡ ਬੇਨੜਾ ਅਤੇ ਮਾਨਵਾਲਾਂ ਦਾ ਕੁੱਲ 100 ਏਕੜ ਰਕਬਾ ਨੁਕਸਾਨੇ ਜਾਣ ਦਾ ਅੰਦਾਜ਼ਾ ਹੈ। ਇਸ ਵਿਚ 40 ਏਕੜ ਰਕਬੇ 'ਚ ਖੜ੍ਹੀ ਕਣਕ ਅਤੇ 60 ਏਕੜ ਰਕਬੇ 'ਚ ਖੜ੍ਹਾ ਨਾੜ ਸੜ ਗਿਆ। ਇਹ ਅੱਗ ਜੱਦ ਪਿੰਡ ਮਾਨਵਾਲਾਂ ਦੇ ਕਿਸਾਨ ਕਿਰਪਾਲ ਸਿੰਘ ਦੇ ਘਰ ਤੱਕ ਜਾ ਪੁੱਜੀ, ਤਾਂ ਲੋਕਾਂ 'ਚ ਸਹਿਮ ਦਾ ਮਾਹੌਲ ਬਣ ਗਿਆ। ਇਸ ਅੱਗ ਵਿਚ ਉਸ ਦਾ ਇਕ ਤੂੜੀ ਦਾ ਕੁੱਪ ਅਤੇ ਤੂੜੀ ਵਾਲਾ ਕੋਠਾ ਸੜ ਕੇ ਸੁਆਹ ਹੋ ਗਿਆ। ਤੂੜੀ ਵਾਲੇ ਕੋਠੇ ਦੀ ਛੱਤ ਨੂੰ ਬੰਨ੍ਹ ਕੇ ਅੱਗ 'ਤੇ ਬੜੀ ਮੁਸ਼ਕਲ ਨਾਲ ਕਾਬੂ ਪਾਇਆ ਗਿਆ। ਇਸ ਤੋਂ ਇਲਾਵਾ ਦੁਪਹਿਰ ਕਰੀਬ 1 ਵਜੇ ਪਿੰਡ ਖਿਲਰੀਆਂ ਵਾਲੀ ਦਿਸ਼ਾ ਤੋਂ ਫੈਲੀ ਅੱਗ ਨੇ ਪਿੰਡ ਲੱਡਾ ਦੇ ਖੇਤਾਂ 'ਚ ਤਬਾਹੀ ਮਚਾ ਦਿੱਤੀ। ਇਸ ਅੱਗ ਨਾਲ ਕਰੀਬ 292 ਏਕੜ ਰਕਬਾ ਨੁਕਸਾਨਿਆ ਗਿਆ। ਇਸ 'ਚ 52 ਏਕੜ ਰਕਬੇ 'ਚ ਖੜ੍ਹੀ ਕਣਕ ਦੀ ਫਸਲ ਅਤੇ 240 ਏਕੜ ਰਕਬੇ 'ਚ ਖੜ੍ਹੀ ਨਾੜ ਸੜ ਗਈ। ਇਸ ਅਗਜ਼ਨੀ 'ਚ ਪਿੰਡ ਲੱਡਾ ਦੀ ਅਨਾਜ ਮੰਡੀ 'ਚ 1-2 ਆੜ੍ਹਤੀਆਂ ਦੇ ਫੜ੍ਹ 'ਚ ਲੱਗੇ ਟੈਂਟ, ਲੇਬਰ ਦੇ ਸਾਮਾਨ ਅਤੇ ਕੁਝ ਬਾਰਦਾਨਾ ਵੀ ਨੁਕਸਾਨੇ ਜਾਣ ਦਾ ਪਤਾ ਲੱਗਿਆ ਹੈ। ਇਸ ਤੋਂ ਇਲਾਵਾ ਪਿੰਡ ਰਾਜੋਮਾਜਰਾ ਵਿਖੇ 15-20 ਏਕੜ ਖੜ੍ਹੀ ਨਾੜ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਅੱਗ ਨੂੰ ਕਾਬੂ ਪਾਉਣ ਲਈ ਧੂਰੀ, ਮਾਲੇਰਕੋਟਲਾ ਅਤੇ ਸੰਗਰੂਰ ਤੋਂ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਨੂੰ ਖਾਸੀ ਮੁਸ਼ੱਕਤ ਕੀਤੀ ਗਈ। ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਨੁਕਸਾਨ ਦਾ ਸਹੀ ਪਤਾ ਸਰਵੇ ਕਰਵਾਉੁਣ ਤੋਂ ਬਾਅਦ ਹੀ ਲੱਗੇਗਾ : ਐੈੱਸ. ਡੀ. ਐੱਮ. —ਮੌਕੇ 'ਤੇ ਪੁੱਜੇ ਸਥਾਨਕ ਐੈੱਸ. ਡੀ. ਐੱਮ. ਅਮਰੇਸ਼ਵਰ ਸਿੰਘ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਅੱਜ ਦੀ ਇਸ ਅਗਜ਼ਨੀ ਕਾਰਨ ਹੋਏ ਨੁਕਸਾਨ ਦਾ ਸਹੀ ਪਤਾ ਸਰਵੇ ਕਰਵਾਉੁਣ ਤੋਂ ਬਾਅਦ ਹੀ ਲੱਗ ਸਕੇਗਾ। ਉਨ੍ਹਾਂ ਕਿਸਾਨਾਂ ਅਤੇ ਆਮ ਵਿਅਕਤੀਆਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਸਬੰਧੀ ਸਰਵੇ ਤੋਂ ਬਾਅਦ ਰਿਪੋਰਟ ਬਣਾ ਕੇ ਸਰਕਾਰ ਨੂੰ ਭੇਜਣ ਦੀ ਗੱਲ ਵੀ ਕਹੀ। ਇਸ ਮੌਕੇ ਉਨ੍ਹਾਂ ਨਾਲ ਡੀ. ਐੈੱਸ. ਪੀ. ਧੂਰੀ ਅਕਾਸ਼ਦੀਪ ਸਿੰਘ ਔਲਖ, ਨਗਰ ਕੌਂਸਲ ਧੂਰੀ ਦੇ ਕਾਰਜ ਸਾਧਕ ਅਫਸਰ ਚੰਦਰ ਪ੍ਰਕਾਸ਼ ਵਧਵਾ, ਤਹਿਸੀਲਦਾਰ ਧੂਰੀ ਗੁਰਜੀਤ ਸਿੰਘ, ਕੰਨਗੋ ਭੁਪਿੰਦਰ ਸਿੰਘ, ਪਟਵਾਰੀ ਹਾਕਮ ਸਿੰਘ ਅਤੇ ਨਰਿੰਦਰ ਪਾਲ ਸਿੰਘ ਆਦਿ ਵੀ ਮੌਜੂਦ ਸਨ।


Related News