ਟੋਰਾਂਟੋ ਦੀ ਟਿਕਟ ਬੁੱਕ ਕਰਵਾਉਣ ਦੇ ਨਾਂ ’ਤੇ 69 ਹਜ਼ਾਰ ਦੀ ਠੱਗੀ
Wednesday, Feb 16, 2022 - 04:22 PM (IST)
ਚੰਡੀਗੜ੍ਹ (ਸੁਸ਼ੀਲ ਰਾਜ) : ਕੈਨੇਡਾ ਸਥਿਤ ਟੋਰਾਂਟੋ ਦੀ ਟਿਕਟ ਕਰਵਾਉਣ ਦੇ ਨਾਂ ’ਤੇ ਦਿੱਲੀ ਨਿਵਾਸੀ ਵਿਅਕਤੀ ਨੇ 69 ਹਜ਼ਾਰ 97 ਰੁਪਏ ਦੀ ਠੱਗੀ ਮਾਰ ਲਈ। ਪੈਸੇ ਬੈਂਕ ਵਿਚ ਟਰਾਂਸਫਰ ਕਰਵਾਉਣ ਤੋਂ ਬਾਅਦ ਵਿਅਕਤੀ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ। ਮਨੀਮਾਜਰਾ ਨਿਵਾਸੀ ਜਸਪ੍ਰੀਤ ਸਿੰਘ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਮਨੀਮਾਜਰਾ ਥਾਣਾ ਪੁਲਸ ਨੇ ਜਾਂਚ ਤੋਂ ਬਾਅਦ ਜਸਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।
ਮਨੀਮਾਜਰਾ ਸਥਿਤ ਡੇਰਾ ਸਾਹਿਬ ਮੁਹੱਲਾ ਵਾਸੀ ਜਸਪ੍ਰੀਤ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ ਧੀ ਨੇ ਪੜ੍ਹਾਈ ਲਈ ਕੈਨੇਡਾ ਦੇ ਟੋਰਾਂਟੋ ਸ਼ਹਿਰ ਜਾਣਾ ਸੀ। ਕੁੜੀ ਦਾ 31 ਮਾਰਚ, 2021 ਨੂੰ ਵੀਜ਼ਾ ਆ ਗਿਆ। ਕੁੜੀ ਨਾਲ ਇੰਸਟਾਗ੍ਰਾਮ ’ਤੇ ਚੈਟ ਕਰਨ ਵਾਲੀ ਦੋਸਤ ਐਡਮਿਨਾ ਨੇ ਕਿਹਾ ਕਿ ਉਹ 25 ਫ਼ੀਸਦੀ ਡਿਸਕਾਊਂਟ ’ਤੇ ਟੋਰਾਂਟੋ ਦੀ ਟਿਕਟ ਉਸ ਦੇ ਜਾਣਕਾਰ ਤੋਂ ਬੁੱਕ ਕਰਵਾ ਦੇਵੇਗੀ। ਦਿੱਲੀ ਨਿਵਾਸੀ ਅਭਿਸ਼ੇਕ ਉਸ ਦਾ ਜਾਣਕਾਰ ਹੈ। ਐਡਮਿਨਾ ਨੇ ਉਸ ਨੂੰ ਅਭਿਸ਼ੇਕ ਦਾ ਨੰਬਰ ਦਿੱਤਾ। ਉਨ੍ਹਾਂ ਨੇ 10 ਅਪ੍ਰੈਲ 2021 ਨੂੰ ਅਭਿਸ਼ੇਕ ਨਾਲ ਸੰਪਰਕ ਕੀਤਾ। ਅਭਿਸ਼ੇਕ ਨੇ ਕਿਹਾ ਕਿ ਟੋਰਾਂਟੋ ਲਈ ਟਿਕਟ 69 ਹਜ਼ਾਰ 97 ਰੁਪਏ ਦੀ ਹੈ।
ਜਸਪ੍ਰੀਤ ਸਿੰਘ ਨੇ ਗੂਗਲ ਪੇਅ ਰਾਹੀਂ ਅਭਿਸ਼ੇਕ ਦੇ ਖਾਤੇ ਵਿਚ ਪੈਸੇ ਟਰਾਂਸਫਰ ਕਰ ਦਿੱਤੇ। ਪੈਸੇ ਟਰਾਂਸਫਰ ਹੋਣ ਤੋਂ ਬਾਅਦ ਉਸ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ ਅਤੇ ਬਾਅਦ ਵਿਚ ਮੋਬਾਇਲ ਫੋਨ ਹੀ ਬੰਦ ਕਰ ਦਿੱਤਾ। ਜਸਪ੍ਰੀਤ ਸਿੰਘ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਮਨੀਮਾਜਰਾ ਥਾਣਾ ਪੁਲਸ ਨੇ ਜਾਂਚ ਤੋਂ ਬਾਅਦ ਅਣਪਛਾਤੇ ਖ਼ਿਲਾਫ਼ 69 ਹਜ਼ਾਰ 97 ਰੁਪਏ ਦੀ ਠੱਗੀ ਦਾ ਮਾਮਲਾ ਦਰਜ ਕਰ ਲਿਆ। ਪੁਲਸ ਮੋਬਾਇਲ ਨੰਬਰ ਦੀ ਮਦਦ ਨਾਲ ਪੈਸੇ ਠੱਗਣ ਵਾਲੇ ਦੀ ਭਾਲ ਕਰ ਰਹੀ ਹੈ।