ਪਤੀ ਨੂੰ ਬਾਥਰੂਮ ’ਚ ਬੰਦ ਕਰਕੇ ਸੋਨਾ ਤੇ ਜ਼ਰੂਰੀ ਦਸਤਾਵੇਜ਼ ਲੈ ਫ਼ਰਾਰ ਹੋਈ ਪਤਨੀ
Tuesday, Apr 14, 2026 - 03:00 PM (IST)
ਫਿਰੋਜ਼ਪੁਰ (ਪਰਮਜੀਤ ਸੋਢੀ) : ਫ਼ਿਰੋਜ਼ਪੁਰ ਸ਼ਹਿਰ ਦੇ ਸ੍ਰੀ ਗਣੇਸ਼ ਇਨਕਲੇਵ 'ਚ ਇਕ ਪਤਨੀ ਵੱਲੋਂ ਆਪਣੇ ਹੀ ਪਤੀ ਨੂੰ ਬੰਦੀ ਬਣਾ ਕੇ ਘਰ 'ਚ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਔਰਤ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਸਿਟੀ ਫ਼ਿਰੋਜ਼ਪੁਰ ਦੇ ਸਹਾਇਕ ਥਾਣੇਦਾਰ ਅਯੂਬ ਮਸੀਹ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਿਕਾਇਤਕਰਤਾ ਬਲਵਿੰਦਰ ਸਿੰਘ ਵਾਸੀ ਸ੍ਰੀ ਗਣੇਸ਼ ਇਨਕਲੇਵ ਦਾ ਆਪਣੀ ਪਤਨੀ ਮਨਪ੍ਰੀਤ ਕੌਰ ਉਰਫ਼ ਰਾਖੀ ਵਾਸੀ ਨਕੋਦਰ, ਜਲੰਧਰ ਨਾਲ ਕਾਫੀ ਸਮੇਂ ਤੋਂ ਘਰੇਲੂ ਕਲੇਸ਼ ਚੱਲ ਰਿਹਾ ਸੀ।
ਪੜਤਾਲੀਆ ਰਿਪੋਰਟ ’ਚ ਪਾਇਆ ਗਿਆ ਹੈ ਕਿ ਮਨਪ੍ਰੀਤ ਕੌਰ ਨੇ ਕਥਿਤ ਤੌਰ ’ਤੇ ਆਪਣੇ ਪਤੀ ਬਲਵਿੰਦਰ ਸਿੰਘ ਨੂੰ ਬਾਥਰੂਮ 'ਚ ਬੰਦ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਅਲਮਾਰੀ ਦਾ ਲਾਕਰ ਤੋੜ ਕੇ ਉਸ ਵਿਚ ਪਏ ਸੋਨੇ-ਚਾਂਦੀ ਦੇ ਗਹਿਣੇ, ਏ. ਟੀ. ਐੱਮ. ਕਾਰਡ, ਆਧਾਰ ਕਾਰਡ ਅਤੇ ਹੋਰ ਜ਼ਰੂਰੀ ਦਸਤਾਵੇਜ਼ ਚੋਰੀ ਕਰ ਲਏ ਅਤੇ ਮੌਕੇ ਤੋਂ ਫ਼ਰਾਰ ਹੋ ਗਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਵੱਲੋਂ ਕੀਤੀ ਗਈ ਪੜਤਾਲ ਤੋਂ ਬਾਅਦ ਸ਼ਿਕਾਇਤ ਸਹੀ ਪਾਈ ਗਈ। ਫ਼ਿਰੋਜ਼ਪੁਰ ਪੁਲਸ ਨੇ ਮਨਪ੍ਰੀਤ ਕੌਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
