ਸਬਜ਼ੀ ਮੰਡੀ ਦੇ ਗੁਦਾਮਾਂ ’ਚ ਹੋਈ ਚੈਕਿੰਗ, ਫੂਡ ਸੈਫਟੀ ਵਿਭਾਗ ਦੀ ਟੀਮ ਨੇ ਸੁੱਟਵਾਏ ਗਲੇ-ਸੜੇ ਪਪੀਤੇ ਤੇ ਹੋਰ ਫਲ
Wednesday, Sep 23, 2026 - 02:55 AM (IST)
ਫਿਰੋਜ਼ਪੁਰ (ਸੋਨੂ ਚੋਪੜਾ) - ਮੰਗਲਵਾਰ ਸਵੇਰੇ ਕਰੀਬ 6:00 ਵਜੇ ਫੂਡ ਸੇਫਟੀ ਵਿੰਗ, ਫਿਰੋਜ਼ਪੁਰ ਵੱਲੋਂ ਸਬਜ਼ੀ ਮੰਡੀ, ਸ਼ਿਵਾਲਿਆ ਮੰਦਰ ਦੇ ਨੇੜੇ ਅਚਾਨਕ ਚੈਕਿੰਗ/ਇੰਸਪੈਕਸ਼ਨ ਕੀਤੀ ਗਈ। ਚੈਕਿੰਗ ਦੌਰਾਨ ਵੱਖ-ਵੱਖ ਖਾਧ ਪਦਾਰਥਾਂ ਦੇ ਕੁੱਲ 4 ਸੈਂਪਲ ਜਾਂਚ ਲਈ ਭਰੇ ਗਏ, ਜਿਨ੍ਹਾਂ ਵਿੱਚ ਪਪੀਤਾ, ਕੇਲੇ, ਚਾਪ ਅਤੇ ਫ੍ਰੋਜ਼ਨ ਛੋਲਿਆਂ ਦੇ ਸੈਂਪਲ ਸ਼ਾਮਲ ਹਨ।
ਚੈਕਿੰਗ ਦੌਰਾਨ ਕਰੀਬ 30 ਕਿਲੋਗ੍ਰਾਮ ਘਟੀਆ, ਗਲੇ-ਸੜੇ ਅਤੇ ਮਨੁੱਖੀ ਖਪਤ ਲਈ ਅਣਉਚਿਤ ਪਪੀਤੇ ਵੀ ਮੌਕੇ ’ਤੇ ਪਾਏ ਗਏ। ਉਕਤ ਖਰਾਬ ਫਲ ਨੂੰ ਵਿਕਰੀ ਤੋਂ ਅਲੱਗ ਕਰਵਾਉਂਦਿਆਂ ਨਿਯਮਾਂ ਅਨੁਸਾਰ ਇਸ ਦੀ ਡਿਸਪੋਜ਼ਲ/ਨਸ਼ਟ ਕਰਨ ਸਬੰਧੀ ਕਾਰਵਾਈ ਕੀਤੀ ਗਈ।
ਇਸ ਤੋਂ ਇਲਾਵਾ, ਚੈਕਿੰਗ ਦੌਰਾਨ ਕਈ ਦੁਕਾਨਦਾਰਾਂ ਕੋਲ ਫੂਡ ਸੇਫਟੀ ਲਾਇਸੈਂਸ/ਰਜਿਸਟ੍ਰੇਸ਼ਨ ਮੌਜੂਦ ਪਾਏ ਗਏ, ਜਦਕਿ ਕੁਝ ਦੁਕਾਨਦਾਰਾਂ ਵੱਲੋਂ ਲਾਇਸੈਂਸ/ਰਜਿਸਟ੍ਰੇਸ਼ਨ ਬਣਵਾਉਣ ਦੀ ਪ੍ਰਕਿਰਿਆ ਕੀਤੀ ਜਾ ਰਹੀ ਸੀ। ਜਿਨ੍ਹਾਂ ਦੁਕਾਨਦਾਰਾਂ ਦਾ ਲਾਇਸੈਂਸ/ਰਜਿਸਟ੍ਰੇਸ਼ਨ ਨਹੀਂ ਬਣਿਆ ਹੋਇਆ, ਉਨ੍ਹਾਂ ਨੂੰ ਫੂਡ ਸੇਫਟੀ ਲਾਇਸੈਂਸ/ਰਜਿਸਟ੍ਰੇਸ਼ਨ ਤੁਰੰਤ ਬਣਵਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸ ਦੇ ਨਾਲ ਹੀ ਸਾਰੇ ਦੁਕਾਨਦਾਰਾਂ ਨੂੰ ਖਾਧ ਪਦਾਰਥਾਂ ਦੀ ਸਟੋਰੇਜ, ਸਫ਼ਾਈ ਅਤੇ ਵਿਕਰੀ ਦੌਰਾਨ ਸਾਫ਼-ਸੁਥਰੀ ਅਤੇ ਹਾਈਜੀਨਿਕ ਪ੍ਰਥਾਵਾਂ ਅਪਣਾਉਣ ਲਈ ਕਿਹਾ ਗਿਆ।
ਭਰੇ ਗਏ ਸਾਰੇ ਸੈਂਪਲ ਵਿਗਿਆਨਕ ਜਾਂਚ ਲਈ ਲੈਬਾਰਟਰੀ ਭੇਜੇ ਜਾ ਰਹੇ ਹਨ। ਫੂਡ ਐਨਾਲਿਸਟ ਦੀ ਰਿਪੋਰਟ ਪ੍ਰਾਪਤ ਹੋਣ ਉਪਰੰਤ ਰਿਪੋਰਟ ਦੇ ਨਤੀਜਿਆਂ ਦੇ ਆਧਾਰ ’ਤੇ Food Safety and Standards Act, 2006 ਅਤੇ ਲਾਗੂ ਨਿਯਮਾਂ ਅਧੀਨ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਫੂਡ ਸੇਫਟੀ ਵਿਭਾਗ ਵੱਲੋਂ ਫਲਾਂ ਅਤੇ ਸਬਜ਼ੀਆਂ ਦੇ ਵਪਾਰੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਸਿਰਫ਼ ਤਾਜ਼ਾ, ਸਾਫ਼-ਸੁਥਰਾ ਅਤੇ ਮਨੁੱਖੀ ਖਪਤ ਲਈ ਯੋਗ ਖਾਧ ਪਦਾਰਥ ਹੀ ਵੇਚਣ। ਗਲੇ-ਸੜੇ, ਖਰਾਬ ਜਾਂ ਮਨੁੱਖੀ ਖਪਤ ਲਈ ਅਣਉਚਿਤ ਫਲਾਂ ਅਤੇ ਸਬਜ਼ੀਆਂ ਨੂੰ ਵਿਕਰੀ ਲਈ ਨਾ ਰੱਖਿਆ ਜਾਵੇ ਅਤੇ ਆਪਣੇ ਕਾਰੋਬਾਰੀ ਸਥਾਨ ’ਤੇ ਸਫ਼ਾਈ ਦੇ ਮਿਆਰਾਂ ਨੂੰ ਯਕੀਨੀ ਬਣਾਇਆ ਜਾਵੇ।
