ਨਸ਼ੇ ਨੇ ਉਜਾੜਿਆ ਸਾਰਾ ਪਰਿਵਾਰ, ਪਹਿਲਾਂ ਇਕ ਪੁੱਤ ਦੀ ਹੋਈ ਸੀ ਮੌਤ ਤੇ ਹੁਣ ਦੂਜੇ ਦੀ ਵੀ ਓਵਰਡੋਜ਼ ਨਾਲ ਗਈ ਜਾਨ
Tuesday, Sep 22, 2026 - 06:29 PM (IST)
ਮੰਡੀ ਅਰਨੀਵਾਲਾ (ਸੁਖਦੀਪ ਘੁੜਿਆਣਾ)- ਮੰਡੀ ਅਰਨੀਵਾਲਾ ਦੇ ਨਾਲ ਲੱਗਦੇ ਪਿੰਡ ਢਿੱਪਾਂਵਾਲੀ 'ਚ ਇਕ ਨੌਜਵਾਨ ਦੀ ਕਥਿਤ ਤੌਰ 'ਤੇ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋਣ ਦੀ ਖ਼ਬਰ ਹੈ। ਪਿੰਡ ਢਿੱਪਾਂਵਾਲੀ ਵਾਸੀ ਸਤਨਾਮ ਸਿੰਘ ਦੀ ਮਾਂ ਨੇ ਦੱਸਿਆ ਕਿ ਉਸ ਦਾ ਪੁੱਤ ਸਵੇਰੇ ਹੀ ਘਰੋਂ ਰੋਟੀ ਖਾ ਕੇ ਘਰੋਂ ਦਿਹਾੜੀ ਮਜ਼ਦੂਰੀ ਕਰਨ ਵਾਸਤੇ ਨਿਕਲਿਆ ਸੀ ਤੇ ਕੁਝ ਸਮੇਂ ਬਾਅਦ ਹੀ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਸ ਦਾ 24 ਸਾਲਾ ਜਵਾਨ ਪੁੱਤ ਨਹਿਰ ਦੇ ਪੁਲ 'ਤੇ ਬੇਹੋਸ਼ ਹੋ ਡਿੱਗਿਆ ਪਿਆ ਹੈ। ਜਦੋਂ ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਉਹ ਮਰ ਚੁਕਿਆ ਸੀ।
ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਉਸ ਦਾ ਪੁੱਤ ਨਸ਼ੇ ਦਾ ਆਦੀ ਸੀ, ਉਸ ਨੇ ਬਹੁਤ ਵਾਰ ਉਸ ਨੂੰ ਨਸ਼ਾ ਕਰਨ ਤੋ ਰੋਕਿਆ ਸੀ ਪਰ ਉਹ ਨਹੀਂ ਰੁਕਿਆ ਤੇ ਅੱਜ ਲਾਸ਼ ਬਣ ਗਿਆ। ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਉਸ ਦਾ ਪਹਿਲਾਂ ਵੀ ਇਕ ਜਵਾਨ ਪੁੱਤ ਨਸ਼ੇ ਦੀ ਬਿਮਾਰੀ ਨਾਲ ਮਰ ਚੁੱਕਿਆ ਹੈ ਅਤੇ ਘਰਵਾਲਾ ਵੀ ਦੁਨੀਆ 'ਤੇ ਨਹੀਂ ਹੈ।
ਮਾਂ ਨੇ ਰੋਂਦਿਆਂ ਕਿਹਾ ਉਹ ਵਿਧਵਾ ਤਾਂ ਸੀ ਹੀ ਨਾਲ ਹੀ ਹੁਣ ਇੱਕਲਤਾ ਦਾ ਸ਼ਿਕਾਰ ਵੀ ਹੋ ਗਈ ਹੈ। ਮ੍ਰਿਤਕ ਦੀ ਲਾਸ਼ ਕੋਲ ਇਕ ਸਰਿੰਜ, ਲਾਈਟਰ, ਬੀੜੀਆਂ ਤੇ ਪਾਣੀ ਦਾ ਗਿਲਾਸ ਵੀ ਪਿਆ ਹੋਇਆ ਸੀ, ਜਿਸ ਤੋਂ ਜਾਪ ਰਿਹਾ ਹੈ ਕਿ ਉਕਤ ਮ੍ਰਿਤਕ ਵਲੋਂ ਕਥਿਤ ਨਸ਼ੇ ਦਾ ਟੀਕਾ ਲਾਇਆ ਗਿਆ ਹੋਵੇ ਤੇ ਓਵਰਡੋਜ਼ ਨਾਲ ਉਸਦੀ ਮੌਤ ਹੋ ਗਈ। ਨੌਜਵਾਨ ਦੀ ਮੌਤ ਦੇ ਸਬੰਧ 'ਚ ਜਦੋਂ ਥਾਣਾ ਅਰਨੀਵਾਲਾ ਦੇ ਐਸ. ਐਚ. ਓ. ਕੁਲਦੀਪ ਕੁਮਾਰ ਨਾਲ ਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਸਪੰਰਕ ਨਹੀਂ ਹੋ ਸਕਿਆ।
