UPI ਨੂੰ ਲੈ ਕੇ ਪੰਜਾਬ ਵਪਾਰ ਮੰਡਲ ਦਾ ਵੱਡਾ ਐਲਾਨ
Sunday, Sep 27, 2026 - 07:32 PM (IST)
ਜਲਾਲਾਬਾਦ (ਬਜਾਜ)– ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਸੂਬਾ ਪ੍ਰਧਾਨ ਅਮਿਤ ਕਪੂਰ ਨੇ ਐਲਾਨ ਕੀਤਾ ਹੈ ਕਿ ਜੇਕਰ ਕੇਂਦਰ ਸਰਕਾਰ ਨੇ ਯੂ. ਪੀ. ਆਈ. ’ਤੇ ਪ੍ਰਸਤਾਵਿਤ ਚਾਰਜਾਂ ਨੂੰ 15 ਅਕਤੂਬਰ ਤੱਕ ਵਾਪਸ ਨਾ ਲਿਆ ਤਾਂ ਸੂਬੇ ਦੇ ਵਪਾਰੀ ਆਪਣੇ ਹਿੱਤਾਂ ਦੀ ਰਾਖੀ ਲਈ ਸੜਕਾਂ ’ਤੇ ਉਤਰ ਕੇ ਤਿੱਖਾ ਅੰਦੋਲਨ ਕਰਨ ਲਈ ਮਜਬੂਰ ਹੋਣਗੇ। ਸਥਾਨਕ ਇਕ ਨਿੱਜੀ ਰੈਸਟੋਰੈਂਟ ਵਿਚ ਵਪਾਰੀਆਂ ਨਾਲ ਵਿਸ਼ੇਸ਼ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਅਮਿਤ ਕਪੂਰ ਨੇ ਆਖਿਆ ਕਿ ਅੱਜ ਦੇ ਸਮੇਂ ’ਚ ਡਿਜੀਟਲ ਭੁਗਤਾਨ ਛੋਟੇ ਅਤੇ ਮੱਧਮ ਵਰਗ ਦੇ ਕਾਰੋਬਾਰੀਆਂ ਦੇ ਲੈਣ-ਦੇਣ ਦਾ ਮੁੱਖ ਜ਼ਰੀਆ ਬਣ ਚੁੱਕਾ ਹੈ।
ਅਜਿਹੇ ’ਚ ਯੂ. ਪੀ. ਆਈ. ’ਤੇ ਵਾਧੂ ਫੀਸ ਜਾਂ ਚਾਰਜ ਲਾਉਣ ਨਾਲ ਪਹਿਲਾਂ ਹੀ ਆਰਥਿਕ ਮੰਦੀ ਨਾਲ ਜੂਝ ਰਹੇ ਛੋਟੇ ਦੁਕਾਨਦਾਰਾਂ ’ਤੇ ਸਿੱਧੀ ਮਾਰ ਪਵੇਗੀ। ਉਨ੍ਹਾਂ ਕਿਹਾ ਕਿ ਵਪਾਰ ਮੰਡਲ ਪਹਿਲਾਂ ਆਪਣੀ ਗੱਲ ਸ਼ਾਂਤੀਪੂਰਵਕ ਸਰਕਾਰ ਤੱਕ ਪਹੁੰਚਾਏਗਾ ਪਰ ਜੇਕਰ ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਵਿੱਢਿਆ ਜਾਵੇਗਾ। ਅਮਿਤ ਕਪੂਰ ਨੇ ਆਖਿਆ ਕਿ ਅਜਿਹੇ ਟੈਕਸਾਂ ਨਾਲ ਛੋਟੇ ਵਪਾਰੀਆਂ ਨੂੰ ਤਬਾਹ ਕੀਤਾ ਜਾ ਰਿਹਾ ਹੈ। ਟੈਕਸਾਂ ਦੇ ਬੋਝ ਕਾਰਨ ਨੰਬਰ ਦੋ ਦਾ ਕੰਮ ਕਰਨ ਵਾਲਿਆਂ ਦੀ ਚਾਂਦੀ ਹੋ ਜਾਵੇਗੀ ਅਤੇ ਵਪਾਰੀ ਮੁੜ ਨਕਦੀ ਦੇ ਲੈਣ-ਦੇਣ ਵੱਲ ਮੋੜਾ ਕੱਟਣਗੇ, ਜਿਸ ਨਾਲ ਭ੍ਰਿਸ਼ਟਾਚਾਰ ਵਧੇਗਾ ਅਤੇ ਸਰਕਾਰ ਦਾ ਡਿਜੀਟਲ ਇੰਡੀਆ ਦਾ ਸੁਪਨਾ ਚਕਨਾਚੂਰ ਹੋ ਜਾਵੇਗਾ।
ਵਪਾਰ ਮੰਡਲ ਨੇ ਮੰਗ ਕੀਤੀ ਕਿ 2.40 ਲੱਖ ਰੁਪਏ ਤੱਕ ਦੇ ਟਰਨਓਵਰ ਵਾਲੇ ਵਪਾਰੀਆਂ ਨੂੰ ਜੀ. ਐੱਸ. ਟੀ. ਤੋਂ ਪੂਰੀ ਤਰ੍ਹਾਂ ਛੋਟ ਦਿੱਤੀ ਜਾਵੇ ਅਤੇ ‘ਇਕ ਦੁਕਾਨ, ਇਕ ਟੈਕਸ’ ਵਰਗੀ ਸਰਲ ਟੈਕਸ ਪ੍ਰਣਾਲੀ ਲਾਗੂ ਕੀਤੀ ਜਾਵੇ। ਮੀਟਿੰਗ ’ਚ ਕਪੂਰ ਨੇ ਆਨਲਾਈਨ ਖਰੀਦਦਾਰੀ ਨੂੰ ਬੰਦ ਕਰਨ ਦੀ ਆਪਣੀ ਵਕਾਲਤ ਕੀਤੀ। ਮੀਟਿੰਗ ’ਚ ਲਵ ਪਰੂਥੀ ਅਤੇ ਸੰਦੀਪ ਸ਼ਰਮਾ ਨੂੰ ਸਟੇਟ ਸੈਕਟਰੀ ਅਤੇ ਰਕੇਸ਼ ਵਾਟਸ ( ਬੰਟੀ) ਨੂੰ ਸਟੇਟ ਉਪ ਪ੍ਰਧਾਨ ਵਜੋਂ ਨਿਯੁਕਤੀ ਪੱਤਰ ਦਿੱਤੇ ਗਏ। ਇਸ ਮੌਕੇ ਚੀਫ ਪੈਟਰਨ ਅਸ਼ੋਕ ਅਨੇਜਾ, ਕੇ. ਕੇ. ਮਾਹੇਸ਼ਵਰੀ ਸੰਯੁਕਤ ਸਕੱਤਰ, ਵਿਕਰਮ ਭੁੱਲਰ ਲੀਗਲ ਐਡਵਾਈਜ਼ਰ, ਨਿਤਿਨ ਗੋਇਲ ਸਕੱਤਰ, ਸੁਰਿੰਦਰ ਪੁੰਛੀ ਚੀਫ ਸਪੋਕਸਮੈਨ ਅਤੇ ਜਤਿੰਦਰ ਇਚਪਚਾਣੀ ਜ਼ਿਲਾ ਪ੍ਰਧਾਨ ਸਮੇਤ ਕਈ ਆਗੂਆਂ ਨੇ ਵੀ ਵਿਚਾਰ ਰੱਖੇ।
