ਪਟਾਕਿਆਂ ਦੀ ਖ਼ਰੀਦ ਨੂੰ ਲੈ ਕੇ ਦੁਕਾਨਦਾਰਾਂ ਨੂੰ ਖ਼ਾਸ ਅਪੀਲ, ਪੜ੍ਹੋ ਪੂਰੀ ਖ਼ਬਰ

Tuesday, Sep 29, 2026 - 01:57 PM (IST)

ਪਟਾਕਿਆਂ ਦੀ ਖ਼ਰੀਦ ਨੂੰ ਲੈ ਕੇ ਦੁਕਾਨਦਾਰਾਂ ਨੂੰ ਖ਼ਾਸ ਅਪੀਲ, ਪੜ੍ਹੋ ਪੂਰੀ ਖ਼ਬਰ

ਫਿਰੋਜ਼ਪੁਰ (ਰਾਜੇਸ਼ ਢੰਡ) : ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਛਾਉਣੀ ਵਪਾਰ ਮੰਡਲ ਫ਼ਿਰੋਜ਼ਪੁਰ ਦੇ ਪ੍ਰਧਾਨ ਧਰਮਵੀਰ ਸ਼ਰਮਾ ਉਰਫ਼ ਧਰਮੂ ਵੱਲੋਂ ਸ਼ਹਿਰ ਦੇ ਸਮੂਹ ਛੋਟੇ-ਵੱਡੇ ਵਪਾਰੀਆਂ ਲਈ ਇਕ ਸੂਚਨਾ ਅਤੇ ਨਿਮਰਤਾ ਸਹਿਤ ਅਪੀਲ ਜਾਰੀ ਕੀਤੀ ਗਈ ਹੈ। ਉਨ੍ਹਾਂ ਨੇ ਵਪਾਰੀ ਭਰਾਵਾਂ ਨੂੰ ਹਦਾਇਤ ਕੀਤੀ ਹੈ ਕਿ ਜਦੋਂ ਤੱਕ ਜ਼ਿਲ੍ਹਾ ਮੈਜਿਸਟਰੇਟ/ਡੀ. ਸੀ. ਕਾਰਜਾਲਾ ਵੱਲੋਂ ਪਟਾਕੇ ਵੇਚਣ ਲਈ ਅਧਿਕਾਰਤ ਜਗ੍ਹਾ ਨਿਰਧਾਰਿਤ ਨਹੀਂ ਕੀਤੀ ਜਾਂਦੀ ਅਤੇ ਜ਼ਰੂਰੀ ਲਾਇਸੈਂਸ ਜਾਂ ਪ੍ਰਸ਼ਾਸਨਿਕ ਛੋਟ/ਅਨੁਮਤੀ ਜਾਰੀ ਨਹੀਂ ਕੀਤੀ ਜਾਂਦੀ, ਉਦੋਂ ਤੱਕ ਕੋਈ ਵੀ ਵਪਾਰੀ ਪਟਾਕਿਆਂ ਦੀ ਖ਼ਰੀਦ ਵਿਚ ਆਪਣਾ ਪੈਸਾ ਨਾ ਲਗਾਵੇ। ਉਨ੍ਹਾਂ ਦੱਸਿਆ ਕਿ ਬਿਨਾਂ ਜ਼ਰੂਰੀ ਲਾਇਸੈਂਸ, ਪ੍ਰਵਾਨਗੀ ਅਤੇ ਨਿਰਧਾਰਿਤ ਥਾਂ ਤੋਂ ਬਿਨਾਂ ਗੈਰ-ਕਾਨੂੰਨੀ ਢੰਗ ਨਾਲ ਪਟਾਕੇ ਵੇਚਣ ਵਾਲਿਆਂ ਖ਼ਿਲਾਫ਼ ਪੁਲਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਖ਼ਤ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾ ਸਕਦੀ ਹੈ, ਜਿਸ ਨਾਲ ਵਪਾਰੀਆਂ ਨੂੰ ਭਾਰੀ ਆਰਥਿਕ ਨੁਕਸਾਨ ਅਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਸ ਕਾਰਨ ਵਪਾਰੀ ਪਹਿਲਾਂ ਤੋਂ ਹੀ ਸਾਵਧਾਨੀ ਵਰਤਣ। ਧਰਮਵੀਰ ਸ਼ਰਮਾ ਨੇ ਸਾਰੇ ਵਪਾਰੀ ਭਰਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਹੁਤ ਸੋਚ-ਸਮਝ ਕੇ ਹੀ ਕਦਮ ਚੁੱਕਣ। ਪ੍ਰਸ਼ਾਸਨ ਵੱਲੋਂ ਜ਼ਰੂਰੀ ਲਾਇਸੈਂਸ ਅਤੇ ਸਾਰੀਆਂ ਲੋੜੀਂਦੀਆਂ ਮਨਜ਼ੂਰੀਆਂ ਪ੍ਰਾਪਤ ਹੋਣ ਤੋਂ ਬਾਅਦ ਹੀ ਪਟਾਕਿਆਂ ਦੀ ਖ਼ਰੀਦ-ਵੇਚ ਸ਼ੁਰੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਾਨੂੰਨ ਦੀ ਪਾਲਣਾ ਕਰਨਾ ਹਰ ਇੱਕ ਨਾਗਰਿਕ ਅਤੇ ਵਪਾਰੀ ਦਾ ਫ਼ਰਜ਼ ਹੈ, ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਜਾਂ ਕਾਨੂੰਨੀ ਕਾਰਵਾਈ ਤੋਂ ਬਚਿਆ ਜਾ ਸਕੇ। ਵਪਾਰ ਮੰਡਲ ਨੇ ਸਾਰੇ ਦੁਕਾਨਦਾਰਾਂ ਨੂੰ ਸਹਿਯੋਗ ਦੇਣ ਦੀ ਮੰਗ ਕੀਤੀ ਹੈ।


author

Babita

Content Editor

Related News