ਕਿਸਾਨ ਮੰਡੀਆਂ ''ਚ ਸੁੱਕਾ ਝੋਨਾ ਹੀ ਲੈ ਕੇ ਆਉਣ : ਡਿਪਟੀ ਕਮਿਸ਼ਨਰ
Tuesday, Sep 29, 2026 - 02:42 PM (IST)
ਫਾਜ਼ਿਲਕਾ (ਨਾਗਪਾਲ) : ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਪਕਾ ਕੇ ਹੀ ਕੱਟਣ ਤੇ ਉਸ ਉਪਰੰਤ ਹੀ ਮੰਡੀਆਂ ਚ ਲਿਆਉਣ ਤਾਂ ਜੋ ਉਨ੍ਹਾਂ ਨੂੰ ਮੰਡੀਆਂ ਚ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਅਕਸਰ ਹੀ ਦੇਖਣ 'ਚ ਆਉਂਦਾ ਹੈ ਕਿ ਕੁੱਝ ਕਿਸਾਨਾਂ ਵੱਲੋਂ ਆਪਣੀ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਪਕਾ ਕੇ ਨਹੀਂ ਲਿਆਂਦੀ ਜਾਂਦੀ।
ਇਸ ਨਾਲ ਜਿੱਥੇ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਜ਼ਿਆਦਾ ਦੇਰ ਤੱਕ ਮੰਡੀ 'ਚ ਬੈਠਣਾ ਪੈਂਦਾ ਹੈ, ਉੱਥੇ ਹੀ ਖ਼ਰੀਦ, ਲਿਫਟਿੰਗ ਅਤੇ ਜਾਮ ਦੀ ਸਮੱਸਿਆ ਆਉਂਦੀ ਹੈ, ਸੋ ਕਿਸਾਨ ਵੀਰ ਆਪਣੀ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਪਕਾ ਕੇ ਕਟਵਾਉਣ। ਉਨ੍ਹਾਂ ਅੱਗੇ ਕਿਹਾ ਕਿ ਮੰਡੀ ਚ ਝੋਨਾ ਲਿਆਉਣ ਸਮੇਂ ਉਸ ਚ ਨਮੀ ਦੀ ਮਾਤਰਾ 17 ਫ਼ੀਸਦੀ ਤੱਕ ਹੋਣੀ ਚਾਹੀਦੀ ਹੈ ਕਿਉਂਕਿ ਸਰਕਾਰ ਵੱਲੋਂ ਨਮੀ ਦੀ ਮਾਤਰਾ 17 ਫ਼ੀਸਦੀ ਨਿਰਧਾਰਤ ਕੀਤੀ ਗਈ ਹੈ।
