ਜਲਾਲਾਬਾਦ ਦੇ ਹਿਸਾਨ ਵਾਲਾ ਰੋਡ ''ਤੇ ਕਬਾੜ ਦੇ ਗੁਦਾਮ ''ਚ ਅੱਧੀ ਲੱਗੀ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ
Tuesday, Sep 22, 2026 - 06:19 PM (IST)
ਜਲਾਲਾਬਾਦ (ਆਦਰਸ਼,ਜਤਿੰਦਰ) : ਜਲਾਲਾਬਾਦ ਦੇ ਹਿਸਾਨ ਵਾਲਾ ਰੋਡ ਵਿਖੇ ਬੀਤੀ ਦੇਰ ਰਾਤ ਇਕ ਕਬਾੜ ਦੇ ਗੁਦਾਮ ਵਿਚ ਅਚਾਨਕ ਅੱਗ ਲੱਗਣ ਕਾਰਨ ਹਫ਼ੜਾ-ਦਫ਼ੜੀ ਮੱਚ ਗਈ। ਅੱਗ ਦੀਆਂ ਲਪਟਾਂ ਦੇਖ ਕੇ ਆਸ-ਪਾਸ ਦੇ ਲੋਕ ਮੌਕੇ 'ਤੇ ਇਕੱਠੇ ਹੋ ਗਏ। ਇਸ ਘਟਨਾ 'ਚ ਗੁਦਾਮ ਅੰਦਰ ਪਿਆ ਗੱਤਾ ਅਤੇ ਹੋਰ ਕਬਾੜ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਪੀੜਤ ਕਬਾੜੀਏ ਮੁਤਾਬਕ ਅੱਗ ਕਾਰਨ ਕਰੀਬ 4 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਜਾਣਕਾਰੀ ਦਿੰਦਿਆਂ ਪੀੜਤ ਕਬਾੜੀਏ ਜਫੀਰ ਪੁੱਤਰ ਤਸਨੀਲ ਨੇ ਦੱਸਿਆ ਕਿ ਉਸ ਨੇ ਹਿਸਾਨ ਵਾਲਾ ਰੋਡ ਵਿਖੇ ਕਬਾੜ ਦੇ ਸਮਾਨ ਦਾ ਗੁਦਾਮ ਬਣਾਇਆ ਹੋਇਆ ਹੈ। ਬੀਤੀ ਰਾਤ ਕਰੀਬ ਸਵਾ 10 ਵਜੇ ਕਿਸੇ ਵਿਅਕਤੀ ਵੱਲੋਂ ਉਸ ਨੂੰ ਗੁਦਾਮ ਵਿੱਚ ਅੱਗ ਲੱਗਣ ਦੀ ਸੂਚਨਾ ਦਿੱਤੀ ਗਈ। ਪੀੜਤ ਨੇ ਕਿਹਾ ਕਿ ਜਦੋਂ ਉਹ ਮੌਕੇ 'ਤੇ ਪਹੁੰਚਿਆ ਤਾਂ ਗੁਦਾਮ ਵਿੱਚੋਂ ਅੱਗ ਦੀਆਂ ਭਿਆਨਕ ਲਪਟਾਂ ਨਿਕਲ ਰਹੀਆਂ ਸਨ ਅਤੇ ਅੰਦਰ ਪਿਆ ਕਬਾੜ ਅੱਗ ਦੀ ਲਪੇਟ ਵਿੱਚ ਆ ਚੁੱਕਾ ਸੀ।
ਪੀੜਤ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ 'ਤੇ ਪਹੁੰਚੀ। ਫਾਇਰ ਬ੍ਰਿਗੇਡ ਕਰਮਚਾਰੀਆਂ ਅਤੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਹਾਲਾਂਕਿ ਉਦੋਂ ਤੱਕ ਗੁਦਾਮ ਵਿੱਚ ਪਿਆ ਵੱਡੀ ਮਾਤਰਾ ਵਿੱਚ ਕਬਾੜ, ਗੱਤਾ ਅਤੇ ਹੋਰ ਸਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਜਫੀਰ ਨੇ ਦੱਸਿਆ ਕਿ ਉਸ ਦੇ ਪਰਿਵਾਰ ਦਾ ਗੁਜ਼ਾਰਾ ਕਬਾੜ ਦੇ ਕਾਰੋਬਾਰ 'ਤੇ ਨਿਰਭਰ ਸੀ ਪਰ ਅੱਗ ਕਾਰਨ ਸਾਰਾ ਸਮਾਨ ਸੜ ਜਾਣ ਨਾਲ ਉਸ ਦੇ ਪਰਿਵਾਰ ਸਾਹਮਣੇ ਰੋਜ਼ੀ-ਰੋਟੀ ਦਾ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ। ਉਸ ਨੇ ਦੱਸਿਆ ਕਿ ਇਸ ਘਟਨਾ ਕਾਰਨ ਉਸ ਨੂੰ ਕਰੀਬ 4 ਲੱਖ ਰੁਪਏ ਦਾ ਮਾਲੀ ਨੁਕਸਾਨ ਝੱਲਣਾ ਪਿਆ ਹੈ।
ਪੀੜਤ ਵੱਲੋਂ ਪੁਲਸ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਦੇ ਕੇ ਮਾਮਲੇ ਦੀ ਜਾਂਚ ਕਰਨ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਮੰਗ ਕੀਤੀ ਗਈ ਹੈ। ਜੇਕਰ ਜਾਂਚ ਦੌਰਾਨ ਕਿਸੇ ਦੀ ਸ਼ਰਾਰਤ ਜਾਂ ਜਾਣ ਬੁੱਝ ਕੇ ਅੱਗ ਲਗਾਉਣ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਪੀੜਤ ਜਫੀਰ ਅਤੇ ਉਸ ਦੀ ਪਤਨੀ ਨੇ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਾਲੀ ਮਦਦ ਦੀ ਗੁਹਾਰ ਲਗਾਈ ਹੈ ਤਾਂ ਜੋ ਉਹ ਮੁੜ ਆਪਣਾ ਕਾਰੋਬਾਰ ਸ਼ੁਰੂ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾ ਸਕਣ। ਫ਼ਿਲਹਾਲ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਪੁਲਸ ਜਾਂਚ ਤੋਂ ਬਾਅਦ ਹੀ ਲੱਗ ਸਕੇਗਾ।
