ਪੈਟਰੋਲ ਪੰਪ ਦੇ ਸੇਲਜ਼ਮੈਨ ਨੇ ਆਪਣੇ ਸਾਥੀ ਨਾਲ ਮਿਲ ਕੇ 3 ਲੱਖ, 20 ਹਜ਼ਾਰ ਰੁਪਏ ਕੀਤੇ ਚੋਰੀ
Sunday, Aug 11, 2024 - 04:52 PM (IST)

ਗੁਰੂਹਰਸਹਾਏ (ਮਨਜੀਤ) : ਗੁਰੂਹਰਸਹਾਏ ਵਿਖੇ ਇਕ ਫੀਲਿੰਗ ਸਟੇਸ਼ਨ ਦੇ ਦਫ਼ਤਰ ਵਿਚੋਂ ਬੀਤੇ ਦਿਨ 2 ਵਿਅਕਤੀਆਂ ਵੱਲੋਂ 3 ਲੱਖ 20 ਹਜ਼ਾਰ ਰੁਪਏ ਚੋਰੀ ਕਰ ਲਏ ਸਨ। ਜਿਸ ਦੇ ਸਬੰਧ 'ਚ ਥਾਣਾ ਗੁਰੂਹਰਸਹਾਏ ਪੁਲਸ ਨੇ 2 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਥਾਣਾ ਗੁਰੂਹਰਸਹਾਏ ਪੁਲਸ ਵੱਲੋਂ ਪੈਟਰੋਲ ਪੰਪ ਤੋਂ ਚੋਰੀ ਦੇ 3 ਲੱਖ 20 ਹਜ਼ਾਰ ਰੁਪਏ ’ਚੋਂ 50 ਹਜ਼ਾਰ ਰੁਪਏ ਬਰਾਮਦ ਕਰਕੇ ਪੁਲਸ ਨੇ ਪੈਟਰੋਲ ਪੰਪ ’ਤੇ ਲੱਗੇ ਇਕ ਸੇਲਜ਼ਮੈਨ ਅਤੇ ਉਸ ਦੇ ਇਕ ਸਾਥੀ ਖ਼ਿਲਾਫ਼ ਮਾਮਲਾ ਦਰਜ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸੋਹਨ ਲਾਲ ਪੁੱਤਰ ਲੱਛਮਣ ਦਾਸ ਵਾਸੀ ਜੀਵਾ ਅਰਾਈਂ ਨੇ ਦੱਸਿਆ ਕਿ ਉਸ ਨੇ ਦਿਨੇਸ਼ ਕੁਮਾਰ ਪੁੱਤਰ ਦੇਵੀ ਸਰਨ ਵਾਸੀ ਪੂਰੇ ਬਲਾ ਰਾਏ ਜ਼ਿਲ੍ਹਾ ਪ੍ਰਤਾਪਗੜ੍ਹ ਥਾਣਾ ਮਹੇਸ਼ਗੰਜ ਯੂ. ਪੀ. ਨੂੰ ਬਤੌਰ ਸੇਲਜ਼ਮੈਨ ਰੱਖਿਆ ਹੋਇਆ ਸੀ, ਜਿਸ ਨੇ ਆਪਣੇ ਸਾਥੀ ਗੁਰਮੀਤ ਸਿੰਘ ਉਰਫ਼ ਸੋਨੂੰ ਪੁੱਤਰ ਕਰਤਾਰ ਸਿੰਘ ਵਾਸੀ ਕੁਤਬਗੜ੍ਹ ਭਾਟਾ ਨਾਲ ਮਿਲ ਕੇ ਪੈਟਰੋਲ ਪੰਪ ’ਤੇ ਹੁੰਦੀ ਤੇਲ ਦੀ ਸੇਲ ਕੈਸ਼ 3 ਲੱਖ 20 ਹਜ਼ਾਰ ਰੁਪਏ ਚੋਰੀ ਕਰ ਲਏ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਤਰਲੋਕ ਸਿੰਘ ਨੇ ਦੱਸਿਆ ਕਿ ਪੁਲਸ ਨੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰਕੇ 50 ਹਜ਼ਾਰ ਰੁਪਏ ਬਰਾਮਦ ਕਰ ਲਏ ਗਏ ਹਨ।