ਅੱਤਵਾਦੀ ਹਮਲੇ ਦਾ ਡਰ, ਸ਼ਹਿਰ ''ਚ ਬੀ. ਐੱਸ. ਐੱਫ. ਦੇ ਜਵਾਨ ਤਾਇਨਾਤ

Sunday, Jun 24, 2018 - 05:51 AM (IST)

PunjabKesariਜਲੰਧਰ, (ਸੁਧੀਰ, ਕਮਲੇਸ਼)- ਖੁਫੀਆ ਏਜੰਸੀਆਂ ਦੀ ਰਿਪੋਰਟ ਮੁਤਾਬਕ ਅੱਤਵਾਦੀ ਹਮਲੇ ਦੇ ਡਰ ਕਾਰਨ ਸੂਬੇ 'ਚ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ, ਜਿਸ ਕਾਰਨ ਸ਼ਹਿਰ 'ਚ ਸੁਰੱਖਿਆ ਦੇ ਮੱਦੇਨਜ਼ਰ ਬੀ. ਐੱਸ. ਐੱਫ. ਦੇ ਜਵਾਨ ਤਾਇਨਾਤ ਕਰ ਦਿੱਤੇ ਗਏ ਹਨ। ਜਾਣਕਾਰੀ ਮੁਤਾਬਕ ਖੁਫੀਆ ਏਜੰਸੀਆਂ ਵੱਲੋਂ ਦਿੱਤੀ ਗਈ ਇਨਪੁੱਟ ਤੋਂ ਬਾਅਦ ਕਮਿਸ਼ਨਰੇਟ ਪੁਲਸ ਨੇ ਵੀ ਸ਼ਹਿਰ 'ਚ ਸੁਰੱਖਿਆ ਦੇ ਸਖਤ ਪ੍ਰਬੰਧ ਕਰ ਦਿੱਤੇ ਹਨ। ਉਥੇ ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਪੀ. ਵੀ. ਆਰ. ਤੇ ਸ਼ਾਪਿੰਗ ਮਾਲਜ਼, ਬਾਜ਼ਾਰ ਅਤੇ ਸ਼ਹਿਰ ਦੇ ਹੋਰ ਭੀੜ-ਭਾੜ ਵਾਲੇ ਇਲਾਕਿਆਂ 'ਚ ਹਮਲੇ ਦੇ ਡਰ ਨੂੰ ਲੈ ਕੇ ਸਖਤ ਪ੍ਰਬੰਧ ਕੀਤੇ ਜਾ ਰਹੇ ਹਨ ਤੇ ਸ਼ਹਿਰ 'ਚ ਵੱਖ-ਵੱਖ ਸਥਾਨਾਂ 'ਤੇ ਨਾਕਾਬੰਦੀ ਕੀਤੀ ਜਾ ਰਹੀ ਹੈ।
ਹਰ ਥਾਣੇ ਨੂੰ ਮਿਲੇ ਬੀ. ਐੱਸ. ਐੱਫ. ਦੇ 7 ਜਵਾਨ
ਸ਼ਹਿਰ 'ਚ ਅਮਨ ਸ਼ਾਂਤੀ ਬਣਾਈ ਰੱਖਣ ਤੇ ਅਪਰਾਧੀਆਂ ਤੇ ਸ਼ੱਕੀ ਲੋਕਾਂ 'ਤੇ ਨਜ਼ਰ ਰੱਖਣ ਲਈ ਅਤੇ ਖੁਫੀਆ ਏਜੰਸੀਆਂ ਦੇ ਅਲਰਟ ਦੌਰਾਨ ਕਮਿਸ਼ਨਰੇਟ ਪੁਲਸ ਦੇ 14 ਥਾਣਿਆਂ 'ਚ ਇਕ ਇਕ ਥਾਣੇ ਨੂੰ 7-7 ਬੀ. ਐੱਸ. ਐੱਫ. ਦੇ ਮੁਲਾਜ਼ਮ ਸੌਂਪੇ ਗਏ ਹਨ। ਉਥੇ ਥਾਣੇ 'ਚ ਸੈਂਸੇਟਿਵ ਪੁਆਇੰਟਾਂ 'ਤੇ ਨਾਕਾਬੰਦੀ ਦੀ ਜ਼ਿੰਮੇਵਾਰੀ ਦੀ ਕਮਾਨ ਥਾਣਾ ਮੁਖੀਆਂ ਨੂੰ ਸੌਂਪੀ ਗਈ ਹੈ। ਥਾਣਾ ਮੁਖੀ ਦੇ ਨਿਰਦੇਸ਼ਾਂ ਮੁਤਾਬਕ ਹੀ ਬੀ. ਐੱਸ. ਐੱਫ. ਕਰਮੀ ਨਾਕਾਬੰਦੀ ਕਰਨਗੇ। ਦੂਜੇ ਪਾਸੇ ਕਮਿਸ਼ਨਰੇਟ ਪੁਲਸ ਨੇ ਵੀ ਬੀ. ਐੱਸ. ਐੱਫ. ਜਵਾਨਾਂ ਨਾਲ 3-3 ਮੁਲਾਜ਼ਮਾਂ ਨੂੰ ਨਾਕਿਆਂ 'ਤੇ ਅਟੈਚ ਕੀਤਾ ਹੈ, ਜਿਨ੍ਹਾਂ 'ਚ ਏ. ਐੱਸ. ਆਈ. ਤੇ 2 ਥਾਣੇ ਦੇ ਹੋਰ ਮੁਲਾਜ਼ਮ ਹੋਣਗੇ। ਥਾਣਾ ਬਾਰਾਂਦਰੀ ਦੇ ਮੁਖੀ ਬਲਬੀਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਨਾਕਿਆਂ 'ਤੇ ਜਵਾਨ ਸ਼ਿਫਟਾਂ 'ਚ ਤਾਇਨਾਤ ਹੋਣਗੇ। ਇਹ ਸ਼ਿਫਟਾਂ 2-2 ਘੰਟੇ ਦੀਆਂ ਹੋਣਗੀਆਂ। ਬਾਅਦ 'ਚ ਜਵਾਨਾਂ ਦੀ ਲੋਕੇਸ਼ਨ ਬਦਲ ਕੇ ਕਿਸੇ ਹੋਰ ਥਾਂ ਡਿਊਟੀ ਲਗਾ ਦਿੱਤੀ ਜਾਵੇਗੀ। ਰਾਤ 9 ਵਜੇ ਤੋਂ ਸਵੇਰੇ 4 ਵਜੇ ਤੱਕ ਨਾਕਾਬੰਦੀ ਜਾਰੀ ਰਹੇਗੀ।
ਅਲਰਟ ਜਾਰੀ ਹੋਣ ਤੋਂ ਬਾਅਦ ਕਮਿਸ਼ਨਰੇਟ ਪੁਲਸ ਨੇ ਕੀਤਾ ਸੀ ਮੌਕ ਡਰਿੱਲ ਦਾ ਆਯੋਜਨ
ਖੁਫੀਆ ਏਜੰਸੀਆਂ ਦੇ ਅਲਰਟ ਤੇ ਅੱਤਵਾਦੀ ਹਮਲੇ ਦੇ ਡਰ ਕਾਰਨ ਕਮਿਸ਼ਨਰੇਟ ਪੁਲਸ ਨੇ ਕੁਝ ਦਿਨ ਪਹਿਲਾਂ ਸ਼ਹਿਰ ਦੇ ਬੀ. ਐੱਮ. ਸੀ. ਚੌਕ ਕੋਲ ਸਥਿਤ ਐੱਮ. ਬੀ. ਡੀ. ਮਾਲ 'ਚ ਮੌਕ ਡਰਿੱਲ ਆਪ੍ਰੇਸ਼ਨ ਚਲਾਇਆ ਸੀ, ਜਿਸ 'ਚ ਖੁਦ ਪੁਲਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨਹਾ, ਤਮਾਮ ਅਧਿਕਾਰੀ ਅਤੇ ਬੀ. ਐੱਸ. ਐੱਫ. ਦੇ ਜਵਾਨ ਸ਼ਾਮਲ ਸਨ। ਇਸ ਆਪ੍ਰੇਸ਼ਨ ਨੂੰ ਗੁਪਤ ਰੱਖਿਆ ਗਿਆ ਸੀ।


Related News