ਹਾਈਕੋਰਟ ਦੀ ਵੱਡੀ ਕਾਰਵਾਈ, ਐੱਸ. ਪੀ. ਹੈੱਡਕੁਆਰਟਰ ਨੂੰ ਪੇਸ਼ ਹੋਣ ਦੇ ਹੁਕਮ
Monday, Nov 11, 2024 - 12:23 PM (IST)
ਮੋਗਾ (ਸੰਦੀਪ ਸ਼ਰਮਾ, ਗੋਪੀ ਰਾਊਕੇ) : ਹਾਈ ਕੋਰਟ ਨੇ ਮੋਗਾ ਵਿਚ ਇਕ ਵਿਦਿਆਰਥਣ ਨਾਲ ਛੇੜਛਾੜ ਦੇ ਮਾਮਲੇ ਵਿਚ 25 ਨਵੰਬਰ ਨੂੰ ਐੱਸ. ਪੀ. ਹੈੱਡਕੁਆਰਟਰ ਨੂੰ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ, ਨਾਲ ਹੀ ਐੱਫ਼. ਆਈ. ਆਰ ਰੱਦ ਕਰਨ ਸਬੰਧੀ ਐੱਲ. ਸੀ. ਆਰ. ਰਿਕਾਰਡ ਓਰਿਜਨਲ ਸੰਮਨ ਕੀਤਾ ਹੈ। ਅਦਾਲਤ ਨੇ ਸੀ. ਬੀ. ਆਈ. ਨੂੰ ਲਿਖਤੀ ਵਿਚ ਆਪਣੀ ਪ੍ਰੀਕਿਰਿਆ ਦੇਣ ਲਈ ਕਿਹਾ ਹੈ। ਹਾਈ ਕੋਰਟ ਨੇ 7 ਨਵੰਬਰ ਨੂੰ ਕੇਸ ਦੀ ਸੁਣਵਾਈ ਦੌਰਾਨ ਇਹ ਆਦੇਸ਼ ਦਿੱਤੇ। ਸ਼ਿਕਾਇਤਕਰਤਾ ਪੱਖ ਦੇ ਵਕੀਲ ਅਮਰਜੋਤ ਕੌਰ, ਨਵੀਨ ਗੋਇਲ ਨੇ ਦੱਸਿਆ ਕਿ ਥਾਣਾ ਸਿਟੀ-1 ਪੁਲਸ ਨੇ 19 ਅਪ੍ਰੈਲ ਨੂੰ 12ਵੀਂ ਕਲਾਸ ਦੀ ਵਿਦਿਆਰਥਣ ਨਾਲ ਛੇੜਛਾੜ ਦੇ ਮਾਮਲੇ ਵਿਚ 4 ਨੌਜਵਾਨਾਂ ’ਤੇ ਮਾਮਲਾ ਦਰਜ ਕੀਤਾ ਸੀ, ਪੁਲਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਉਨ੍ਹਾਂ ਨੂੰ ਕਥਿਤ ਤੌਰ ’ਤੇ ਬਚਾਉਣਾ ਸ਼ੁਰੂ ਕਰ ਦਿੱਤਾ। ਵਿਦਿਆਰਥਣ ਦੇ ਪਿਤਾ ਨੇ ਹਾਈਕੋਰਟ ਵਿਚ ਰਿਟ ਪਟੀਸ਼ਨ ਦਾਇਰ ਕਰ ਕੇ ਅਦਾਲਤ ਵਿਚ ਚਾਲਾਨ ਪੇਸ਼ ਕਰਨ ਦੀ ਗੁਹਾਰ ਲਾਈ ਸੀ।
14 ਅਕਤੂਬਰ ਨੂੰ ਮੋਗਾ ਦੇ ਐੱਸ. ਐੱਸ. ਪੀ. ਨੇ ਸ਼ਾਰਟ ਰਿਪਲਾਈ ਹਲਫ਼ਨਾਮਾ ਹਾਈਕੋਰਟ ਵਿਚ ਫਾਈਲ ਕੀਤਾ ਸੀ, ਜਦਕਿ ਜਾਂਚ ਅਧਿਕਾਰੀ ਏ. ਐੱਸ. ਆਈ. ਬੂਟਾ ਸਿੰਘ ਨੇ 7 ਅਕਤੂਬਰ ਨੂੰ ਸੀ. ਜੇ. ਐੱਮ. ਕੋਰਟ ਵਿਚ ਕੇਸ ਰੱਦ ਕਰਨ ਸਬੰਧੀ ਕੈਂਸਲੇਸ਼ਨ ਰਿਪੋਰਟ ਦਾਖਲ ਕੀਤੀ ਸੀ। ਐਡਵੋਕੇਟ ਨੇ ਦੱਸਿਆ ਕਿ ਹਾਈਕੋਰਟ ਨੇ ਐੱਸ. ਐੱਸ. ਪੀ. ਤੋਂ ਪੁੱਛਿਆ ਕਿ 1 ਅਕਤੂਬਰ ਦੇ ਕੇਸ ਦੇ ਬਾਰੇ ਵਿਚ ਸਟੇਟਸ ਰਿਪੋਰਟ 14 ਅਕਤੂਬਰ ਨੂੰ ਮੰਗੀ ਗਈ ਸੀ, ਫਿਰ 7 ਅਕਤੂਬਰ ਨੂੰ ਕੇਸ ਰੱਦ ਕਰਨ ਸਬੰਧੀ ਕੈਂਸਲੇਸ਼ਨ ਰਿਪੋਰਟ ਅਦਾਲਤ ਵਿਚ ਕਿਉਂ ਸਬਮਿਟ ਕੀਤੀ ਗਈ?
ਅਦਾਲਤ ਨੇ ਐੱਸ. ਐੱਸ. ਪੀ. ਨੂੰ ਖੁਦ 7 ਨਵੰਬਰ ਨੂੰ ਹਲਫ਼ਨਾਮਾ ਦੇਣ ਦੇ ਨਿਰਦੇਸ਼ ਦਿੱਤੇ ਸਨ, ਨਾਲ ਹੀ ਹਾਈਕੋਰਟ ਨੇ ਕੈਂਸਲੇਸ਼ਨ ਰਿਪੋਰਟ ’ਤੇ ਹੇਠਲੀ ਅਦਾਲਤ ਦੇ ਫੈਸਲਾ ਲੈਣ ’ਤੇ ਰੋਕ ਲਾਈ ਹੈ। ਵਕੀਲਾਂ ਨੇ ਦੱਸਿਆ ਕਿ 7 ਨਵੰਬਰ ਨੂੰ ਕੇਸ ਦੀ ਸੁਣਵਾਈ ਦੌਰਾਨ ਐੱਸ. ਐੱਸ. ਪੀ. ਮੋਗਾ ਪੇਸ਼ ਹੋਏ। ਕੋਰਟ ਨੇ ਅਗਲੀ ਸੁਣਵਾਈ 25 ਨਵੰਬਰ ਨੂੰ ਰੱਖੀ ਹੈ। ਹਾਈਕੋਰਟ ਦੀ ਜਸਟਿਸ ਨੇ ਅਗਲੀ ਸੁਣਵਾਈ ’ਤੇ ਐੱਸ. ਪੀ. ਹੈੱਡ ਕੁਆਰਟਰ ਨੂੰ ਹੋਰ ਕੇਸ ਦਾ ਸਾਰਾ ਰਿਕਾਰਡ ਤਲਬ ਕੀਤਾ ਹੈ। ਹਾਈਕੋਰਟ ਨੇ ਸੀ. ਬੀ. ਆਈ. ਨੂੰ ਵੀ 25 ਨਵੰਬਰ ਨੂੰ ਲਿਖਤੀ ਪ੍ਰਤੀਕਿਰਿਆ ਦੇਣ ਲਈ ਕਿਹਾ ਹੈ।